ਟਰਾਂਸਪੋਰਟ ਮਹਿਕਮੇ ਨੇ ਅਕਤੂਬਰ ਮਹੀਨੇ ਇੰਪਾਊਂਡ ਕੀਤੀਆਂ 304 ਗੈਰ ਕਾਨੂੰਨੀ ਬੱਸਾਂ : ਰਾਜਾ ਵੜਿੰਗ
Wednesday, Nov 10, 2021 - 03:51 PM (IST)
ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਥੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਗਈ। ਰਾਜਾ ਵੜਿੰਗ ਨੇ ਕਿਹਾ ਕਿ ਟਰਾਂਸਪੋਰਟ ਮਾਫ਼ੀਆ ਕਾਰਨ ਟਰਾਂਸਪੋਰਟ ਮਹਿਕਮੇ ਦਾ ਵੱਡਾ ਨੁਕਸਾਨ ਹੋਇਆ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੱਸਿਆ ਕਿ ਟੈਕਸ ਚੋਰਾਂ, ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਬਿਨਾਂ ਪਰਮਿੱਟ ਵਾਲੇ ਬੱਸ ਆਪਰੇਟਰਾਂ ਨੂੰ ਨੱਥ ਪਾਉਣ ਨਾਲ ਵਿਭਾਗ ਨੂੰ ਰੋਜ਼ਾਨਾ ਆਮਦਨ ਵਿੱਚ 1 ਕਰੋੜ ਰੁਪਏ ਤੋਂ ਵੀ ਵੱਧ ਦਾ ਇਜ਼ਾਫ਼ਾ ਹੋਣਾ ਸ਼ੁਰੂ ਹੋ ਗਿਆ ਹੈ।
ਇੱਥੇ ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੀ ਆਮਦਨ ਦਿਨੋਂ-ਦਿਨ ਵੱਧ ਰਹੀ ਹੈ, ਜੋ ਹੁਣ 100.48 ਲੱਖ ਰੁਪਏ ਰੋਜ਼ਾਨਾ ਪੁੱਜ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਟਰਾਂਸਪੋਰਟ ਮਹਿਕਮੇ ਵੱਲੋਂ ਅਕਤੂਬਰ ਮਹੀਨੇ 'ਚ ਗੈਰ ਕਾਨੂੰਨੀ 304 ਬੱਸਾਂ ਇੰਪਾਊਂਡ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਬੱਸਾਂ ਬਿਨਾਂ ਟੈਕਸ, ਬਿਨਾ ਪਰਮਿੱਟ ਤੋਂ ਚੱਲ ਰਹੀਆਂ ਸਨ। ਰਾਜਾ ਵੜਿੰਗ ਨੇ ਦੱਸਿਆ ਕਿ ਇਸ ਦੌਰਾਨ 68 ਬੱਸਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵੱਜੋਂ 7 ਕਰੋੜ ਰੁਪਏ ਦਾ ਰੈਵਿਨਿਊ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਦੀ ਥਾਂ ਤੇ ਸਮਾਂ ਬਦਲਿਆ, ਜਾਣੋ ਨਵਾਂ ਸ਼ਡਿਊਲ
ਉਨ੍ਹਾਂ ਕਿਹਾ ਕਿ ਅਜੇ ਕਾਫ਼ੀ ਬਕਾਇਆ ਬਾਕੀ ਹੈ। ਰਾਜਾ ਵੜਿੰਗ ਨੇ ਦੱਸਿਆ ਕਿ ਦੋਵਾਂ ਅਦਾਰਿਆਂ ਦੀ ਸਤੰਬਰ ਮਹੀਨੇ ਦੀ ਕੁੱਲ 73.16 ਕਰੋੜ ਦੀ ਆਮਦਨ ਦੇ ਮੁਕਾਬਲੇ ਅਕਤੂਬਰ ਮਹੀਨੇ ਵਿੱਚ 42.57 ਫ਼ੀਸਦੀ (31.15 ਕਰੋੜ ਰੁਪਏ) ਦੇ ਵਾਧੇ ਨਾਲ ਇਹ ਕਮਾਈ 104.31 ਕਰੋੜ ਰੁਪਏ ਰਹੀ। ਉਨ੍ਹਾਂ ਦੱਸਿਆ ਕਿ ਦੋਵਾਂ ਅਦਾਰਿਆਂ ਤੋਂ ਅੱਜ ਦੇ ਦਿਨ ਤੱਕ ਦੀ ਰੋਜ਼ਾਨਾ ਆਮਦਨ 100.48 ਲੱਖ ਰੁਪਏ ਹੋ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਨੇ ਸਿੰਘੂ ਬਾਰਡਰ 'ਤੇ ਕੀਤੀ ਖ਼ੁਦਕੁਸ਼ੀ, ਇਸ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ
ਵਿਭਾਗ ਦੀ ਵਧੀ ਆਮਦਨ ਦੀ ਪਿਛਲੇ ਸਮੇਂ ਨਾਲ ਤੁਲਨਾ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ 10 ਸਾਲਾ ਕਾਰਜਕਾਲ ਸਮੇਤ ਬੱਸ ਮਾਫ਼ੀਆ ਨਾਲ ਅੰਦਰਖ਼ਾਤੇ ਯਾਰੀ ਪੁਗਾਉਣ ਵਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ 4 ਸਾਲ ਦੀ ਸਮਝੌਤਾਵਾਦੀ ਸਰਕਾਰ ਦੇ ਕੁੱਲ 5220 ਦਿਨਾਂ ਦੀ ਰਾਸ਼ੀ ਕਰੀਬ 5200 ਕਰੋੜ ਰੁਪਏ ਬਣਦੀ ਹੈ, ਜੋ ਸਰਕਾਰੀ ਖ਼ਜ਼ਾਨੇ ਦੀ ਸ਼ਰ੍ਹੇਆਮ ਲੁੱਟ ਹੈ। ਉਨ੍ਹਾਂ ਕਿਹਾ ਕਿ ਐਨੀ ਵੱਡੀ ਰਾਸ਼ੀ ਨਾਲ ਆਪਣੀਆਂ ਜੇਬਾਂ ਭਰਨ ਵਾਲੇ ਕਦੇ ਵੀ ਲੋਕ ਹਿਤੈਸ਼ੀ ਨਹੀਂ ਹੋ ਸਕਦੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ