ਕਰਤਾਰਪੁਰ: ਟਰੇਨ ਨੂੰ ਅੱਗ ਲੱਗਣ ਦੇ ਮਾਮਲੇ ''ਚ ਉੱਚ ਪੱਧਰੀ ਕਮੇਟੀ ਨੇ ਕੀਤੀ ਜਾਂਚ

Tuesday, Dec 24, 2019 - 11:13 AM (IST)

ਕਰਤਾਰਪੁਰ: ਟਰੇਨ ਨੂੰ ਅੱਗ ਲੱਗਣ ਦੇ ਮਾਮਲੇ ''ਚ ਉੱਚ ਪੱਧਰੀ ਕਮੇਟੀ ਨੇ ਕੀਤੀ ਜਾਂਚ

ਜਲੰਧਰ (ਗੁਲਸ਼ਨ)— ਬੀਤੇ ਦਿਨੀਂ ਕਰਤਾਰਪੁਰ ਰੇਲਵੇ ਸਟੇਸ਼ਨ 'ਤੇ ਸਰਯੂ-ਯਮੁਨਾ ਐਕਸਪ੍ਰੈੱਸ ਦੇ ਐੱਸ-1, ਐੱਸ-2 ਅਤੇ ਐੱਸ-3 ਕੋਚ 'ਚ ਅੱਗ ਗਈ ਸੀ। ਇਸ ਮਾਮਲੇ 'ਚ ਨਾਰਦਰਨ ਰੇਲਵੇ ਦੇ ਜੀ. ਐੱਮ. ਟੀ. ਪੀ. ਸਿੰਘ ਵੱਲੋਂ ਗਠਿਤ ਕੀਤੀ ਗਈ ਉੱਚ ਪੱਧਰੀ ਜਾਂਚ ਕਮੇਟੀ 'ਚ ਸ਼ਾਮਲ ਸ਼ਲਿੰਦਰ ਸਿੰਘ (ਚੀਫ ਰੋਲਿੰਗ ਸਟਾਕ ਇੰਜੀਨੀਅਰ, ਕੋਚਿੰਗ), ਆਰ. ਪੀ. ਐੱਫ. ਦੇ ਚੀਫ ਸਕਿਓਰਿਟੀ ਕਮਾਂਡਰ ਪੰਕਜ ਗੰਗਵਾਰ ਅਤੇ ਪ੍ਰਕਾਸ਼ ਸਿੰਘ (ਚੀਫ ਇਲੈਕਟ੍ਰੀਕਲ ਸਰਵਿਸ ਇੰਜੀਨੀਅਰ) ਸੋਮਵਾਰ ਸਵੇਰੇ ਸਿਟੀ ਰੇਲਵੇ ਸਟੇਸ਼ਨ ਪਹੁੰਚੇ। ਉਨ੍ਹਾਂ ਨੂੰ ਫਿਰੋਜ਼ਪੁਰ ਰੇਲ ਮੰਡਲ ਦੇ ਏ. ਡੀ. ਆਰ. ਐੱਮ. ਸੁਖਵਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਦੇ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ। ਕਰੀਬ 45 ਮਿੰਟ ਤੱਕ ਉਨ੍ਹਾਂ ਨੇ ਸੜੇ ਹੋਏ ਕੋਚਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਜਾਂਚ ਦੌਰਾਨ ਉਨ੍ਹਾਂ ਨੇ ਕੋਚ ਦੇ ਅੰਦਰ ਸੜੀਆਂ ਹੋਈਆਂ ਅਤੇ ਪਿਘਲੀਆਂ ਤਾਰਾਂ 'ਤੇ ਧਿਆਨ ਕੇਂਦਰਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਸੇ ਨਾਲ ਵੀ ਗੱਲਬਾਤ ਨਹੀਂ ਕੀਤੀ।

ਇਸ ਤੋਂ ਬਾਅਦ ਜਲੰਧਰ ਸਿਟੀ ਸਟੇਸ਼ਨ ਨੇੜੇ ਸਥਿਤ ਰੇਲਵੇ ਅਧਿਕਾਰੀ ਰੈਸਟ ਹਾਊਸ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ 8 ਘੰਟਿਆਂ ਤੱਕ ਬੰਦ ਕਮਰੇ 'ਚ ਸਬੰਧਤ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਸਟੇਸ਼ਨ ਮਾਸਟਰ ਕਰਤਾਰਪੁਰ, ਟਰੇਨ ਦੇ ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ, ਗਾਰਡ, ਟੀ. ਟੀ. ਈ., ਗੇਟਮੈਨ, ਗੈਂਗਮੈਨ, ਰੇਲਵੇ ਅਧਿਕਾਰੀਆਂ ਤੋਂ ਇਲਾਵਾ ਜੀ. ਆਰ. ਪੀ. ਦੇ ਕਰਮਚਾਰੀਆਂ, ਫਾਇਰ ਬ੍ਰਿਗੇਡ ਕਰਮਚਾਰੀਆਂ, ਕਰਤਾਰਪੁਰ ਥਾਣੇ ਦੇ ਐੱਸ. ਐੱਚ. ਓ. ਪੁਸ਼ਪ ਬਾਲੀ ਸਮੇਤ 45 ਲੋਕਾਂ ਦੇ ਬਿਆਨ ਦਰਜ ਕੀਤੇ। ਜਾਂਚ ਕਮੇਟੀ ਵੱਲੋਂ ਇਕ-ਇਕ ਟੀਮ ਨੂੰ ਅੰਦਰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਸਨ। ਜਾਂਚ ਕਮੇਟੀ ਨੇ ਸਾਰੇ ਲੋਕਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ।
ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਕਮੇਟੀ ਇਸ ਪੂਰੇ ਮਾਮਲੇ ਦੀ ਰਿਪੋਰਟ ਤਿਆਰ ਕਰਕੇ ਜੀ. ਐੱਮ. ਟੀ. ਪੀ. ਸਿੰਘ ਨੂੰ ਸੌਂਪੇਗੀ। ਇਸ ਤੋਂ ਪਹਿਲਾਂ ਫੋਰੈਂਸਿਕ ਟੀਮ ਵੱਲੋਂ ਵੀ ਘਟਨਾ ਦੀ ਜਾਂਚ ਕਰਕੇ ਸੈਂਪਲ ਲਏ ਗਏ ਹਨ। ਹੁਣ ਸੈਂਟਰਲ ਫੋਰੈਂਸਿਕ ਟੀਮ ਵੀ ਮੰਗਲਵਾਰ ਘਟਨਾ ਸਥਾਨ 'ਤੇ ਜਾ ਕੇ ਜਾਂਚ ਕਰਕੇ ਸੈਂਪਲ ਲਵੇਗੀ ਤਾਂ ਕਿ ਘਟਨਾ ਦੇ ਸਹੀ ਕਾਰਣਾਂ ਦਾ ਪਤਾ ਲੱਗ ਸਕੇ। ਰਾਤ ਕਰੀਬ 8.30 ਵਜੇ ਤਕ ਚੱਲੀ ਇਨਕੁਆਰੀ ਤੋਂ ਬਾਅਦ ਸਾਰੇ ਜਾਂਚ ਅਧਿਕਾਰੀ ਆਪਣੇ ਵਿਸ਼ੇਸ਼ ਸੈਲੂਨ ਨਾਲ ਨਵੀਂ ਦਿੱਲੀ ਲਈ ਰਵਾਨਾ ਹੋਏ।

ਫੋਰੈਂਸਿਕ ਲੈਬ ਦੀ ਰਿਪੋਰਟ ਆਉਣ 'ਚ ਲੱਗੇਗਾ ਲੰਬਾ ਸਮਾਂ
ਘਟਨਾ ਤੋਂ ਬਾਅਦ ਫੋਰੈਂਸਿਕ ਟੀਮ ਵੱਲੋਂ ਸੜੇ ਕੋਚ ਦੇ ਅੰਦਰੋਂ ਸੈਂਪਲ ਲਏ ਗਏ। ਇਸ ਤੋਂ ਬਾਅਦ ਆਰ. ਪੀ. ਐੱਫ. ਵੱਲੋਂ ਸੜੇ ਹੋਏ ਕੋਚਾਂ ਨੂੰ ਸੀਲ ਕਰ ਦਿੱਤਾ ਗਿਆ। ਫੋਰੈਂਸਿਕ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਕਿ ਅੱਗ ਕਿਸ ਤਰ੍ਹਾਂ ਲੱਗੀ। ਉਥੇ ਹੀ ਜਾਣਕਾਰਾਂ ਦਾ ਕਹਿਣਾ ਹੈ ਕਿ ਫੋਰੈਂਸਿਕ ਲੈਬ ਦੀ ਰਿਪੋਰਟ ਆਉਣ 'ਚ 6 ਮਹੀਨੇ ਜਾਂ ਇਸ ਤੋਂ ਵੱਧ ਸਮਾਂ ਵੀ ਲੱਗ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਕੇਸ ਹਨ, ਜਿਨ੍ਹਾਂ |ਚ ਫੋਰੈਂਸਿਕ ਲੈਬ ਵਲੋਂ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ।

PunjabKesari

ਘਟਨਾ ਦੇ ਚਸ਼ਮਦੀਦ ਨੇ ਕਿਹਾ-ਕੋਚ ਤੋਂ ਆ ਰਹੀ ਸੀ ਤਾਰਾਂ ਸੜਨ ਦੀ ਬਦਬੂ, ਨੇੜਿਓਂ ਦੂਜੀ ਟਰੇਨ ਨਿਕਲਦੇ ਹੀ ਅੱਗ ਭੜਕੀ

ਸਰਯੂ-ਯਮੁਨਾ ਐਕਸਪ੍ਰੈੱਸ 'ਚ ਅੱਗ ਲੱਗਣ ਦੇ ਮਾਮਲੇ 'ਚ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਵੱਲੋਂ ਕਈ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਗਈ। ਇਨ੍ਹਾਂ 'ਚੋਂ ਇਕ ਵੀ ਯਾਤਰੀ ਨੇ ਅਪਰਾਧਿਕ ਘਟਨਾ ਦਾ ਸ਼ੱਕ ਨਹੀਂ ਪ੍ਰਗਟਾਇਆ। ਐੱਸ-2 ਕੋਚ 'ਚ ਸਵਾਰ ਯਾਤਰੀ ਹਰਪ੍ਰੀਤ ਸਿੰਘ ਨੇ ਜੀ. ਆਰ. ਪੀ. ਦੇ ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਟਰੇਨ ਜਦ ਕਰਤਾਰਪੁਰ ਸਟੇਸ਼ਨ ਨੇੜੇ ਪਹੁੰਚਣ ਵਾਲੀ ਸੀ ਤਾਂ ਕੋਚ ਦੇ ਅੰਦਰ ਤਾਰਾਂ ਸੜਨ ਦੀ ਬਦਬੂ ਆਉਣ ਲੱਗੀ। ਉਥੋਂ ਧੂੰਆਂ ਵੀ ਉੱਠਣ ਲੱਗਾ। ਇਸ ਦੌਰਾਨ ਟਰੇਨ ਰੁਕ ਗਈ ਅਤੇ ਉਹ ਬਾਹਰ ਨਿਕਲ ਗਏ। ਦੂਜੀ ਲਾਈਨ 'ਤੇ ਅੰਮ੍ਰਿਤਸਰ ਵੱਲੋਂ ਤੇਜ਼ ਗਤੀ ਨਾਲ ਗੋਲਡਨ ਟੈਂਪਲ ਟਰੇਨ ਨਿਕਲੀ, ਜਿਸ ਦੀ ਹਵਾ ਨਾਲ ਅੱਗ ਭੜਕ ਗਈ। ਟਰੇਨ 'ਚ ਜੀ. ਆਰ. ਪੀ. ਦੇ ਕਰਮਚਾਰੀ ਹਰਜਿੰਦਰ ਸਿੰਘ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਯਾਤਰੀਆਂ ਨੇ ਦੱਸਿਆ ਸੀ ਕਿ ਟਰੇਨ 'ਚ ਕੁਝ ਸੜਨ ਦੀ ਬਦਬੂ ਆ ਰਹੀ ਸੀ ਪਰ ਕੁਝ ਹੀ ਮਿੰਟਾਂ 'ਚ ਅੱਗ ਕਾਫੀ ਫੈਲ ਗਈ।

ਜਾਂਚ ਕਮੇਟੀ ਨੇ ਇਨ੍ਹਾਂ ਲੋਕਾਂ ਦੇ ਬਿਆਨ ਕੀਤੇ ਦਰਜ
1 ਨਰੇਸ਼ ਕੁਮਾਰ— ਫਾਇਰ ਬ੍ਰਿਗੇਡ ਕਰਮਚਾਰੀ
2. ਰਵਿੰਦਰ ਸਿੰਘ—ਫਾਇਰ ਬ੍ਰਿਗੇਡ ਕਰਮਚਾਰੀ
3. ਬਲਬੀਰ ਸਿੰਘ— ਫਾਇਰ ਬ੍ਰਿਗੇਡ ਕਰਮਚਾਰੀ
4. ਚਰਨਜੀਤ ਸਿੰਘ— ਫਾਇਰ ਬ੍ਰਿਗੇਡ ਕਰਮਚਾਰੀ
5. ਜਤਿੰਦਰ ਕੁਮਾਰ— ਫਾਇਰ ਬ੍ਰਿਗੇਡ ਕਰਮਚਾਰੀ
6. ਸੰਦੀਪ ਕੁਮਾਰ— ਫਾਇਰ ਬ੍ਰਿਗੇਡ ਕਰਮਚਾਰੀ
7. ਪੁਸ਼ਪ ਬਾਲੀ— ਐੱਸ. ਐੱਚ. ਓ. ਕਰਤਾਰਪੁਰ
8. ਹਰਜਿੰਦਰ ਸਿੰਘ— ਟਰੇਨ ਗਾਰਡ (ਜੀ. ਆਰ. ਪੀ.)
9. ਦਿਲਬਾਗ ਸਿੰਘ— ਟਰੇਨ ਗਾਰਡ (ਜੀ. ਆਰ. ਪੀ.)
10. ਜੰਗ ਬਹਾਦਰ— ਸਟੇਸ਼ਨ ਮਾਸਟਰ (ਕਰਤਾਰਪੁਰ)
11. ਦਿਵਾਕਰ ਕੁਮਾਰ— ਐੱਸ. ਐੱਸ. ਈ. (ਟਰੇਨ ਲਾਈਟ)
12. ਬਲਜੀਤ ਸਿੰਘ— ਐੱਸ. ਐੱਸ. ਈ. (ਕੈਰੀਜ਼ ਐਂਡ ਵੈਗਨ)
13. ਅਵਤਾਰ ਸਿੰਘ— ਐੱਸ. ਐੱਸ. ਈ. (ਟੀ. ਆਰ. ਡੀ.)
14. ਸੰਜੇ ਵਸ਼ਿਸ਼ਟ— ਚੀਫ ਲੋਕੋ ਇੰਸਪੈਕਟਰ ਜਲੰਧਰ
15. ਅਸ਼ੋਕ ਸਿਨ੍ਹਾ— ਟਰੈਫਿਕ ਇੰਸਪੈਕਟਰ-2 ਜਲੰਧਰ
16. ਰਾਮਪਾਲ— ਲੋਕੋ ਪਾਇਲਟ ਮੇਲ 14649
17. ਅਸ਼ੋਕ ਕੁਮਾਰ ਰਾਣਾ— ਗਾਰਡ
18. ਧਨੰਜਯ ਕੁਮਾਰ— ਲੋਕੋ ਪਾਇਲਟ 12904
19. ਹਰਵਿੰਦਰ ਸਿੰਘ— ਇੰਸ. ਆਰ. ਪੀ. ਐੱਫ. ਜਲੰਧਰ
20. ਮੁਕੇਸ਼ ਕੁਮਾਰ— ਟੀ. ਟੀ. ਈ.

ਇਸ ਤੋਂ ਇਲਾਵਾ ਗੈਂਗਮੈਨ, ਗੇਟਮੈਨ ਅਤੇ ਹੋਰ ਕਰਮਚਾਰੀਆਂ ਦੇ ਵੀ ਬਿਆਨ ਦਰਜ ਹੋਏ।


author

shivani attri

Content Editor

Related News