ਹੁਣ ਹੱਥਾਂ ’ਚ ਮਸ਼ੀਨ ਲੈ ਕੇ ਨਿਯਮ ਤੋੜਨ ਵਾਲਿਆਂ ਦੇ ਚਲਾਨ ਕਰੇਗੀ ਟ੍ਰੈਫਿਕ ਪੁਲਸ
Wednesday, Aug 30, 2023 - 04:28 PM (IST)

ਲੁਧਿਆਣਾ (ਸੰਨੀ) : ਸ਼ਹਿਰ ਦੀ ਟ੍ਰੈਫਿਕ ਪੁਲਸ ਹੁਣ ਜਲਦ ਹੀ ਹੱਥਾਂ ’ਚ ਮਸ਼ੀਨ ਲੈ ਕੇ ਨਿਯਮ ਤੋੜਨ ਵਾਲਿਆਂ ਦੇ ਚਲਾਨ ਕਰੇਗੀ। ਪੁਲਸ ਵਿਭਾਗ ਨੂੰ ਹੈੱਡ ਆਫਿਸ ਤੋਂ 30 ਇਲੈਕਟ੍ਰਾਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਟ੍ਰੈਫਿਕ ਮੁਲਾਜ਼ਮਾਂ ਨੂੰ ਮਸ਼ੀਨਾਂ ’ਤੇ ਚਲਾਨ ਕਰਨ ਦੀ ਟ੍ਰੇਨਿੰਗ ਪੁਲਸ ਲਾਈਨ ਦੇ ਕਾਨਫਰੰਸ ਹਾਲ ’ਚ ਦਿੱਤੀ ਜਾਵੇਗੀ। ਇਹ ਇਲੈਕਟ੍ਰਾਨਿਕ ਹੈਂਡ ਹੈਲਡ ਮਸ਼ੀਨ ਈ-ਪੌਸ਼ ਮਸ਼ੀਨਾਂ ਵਾਂਗ ਹਨ, ਜਿਸ ’ਤੇ ਕੈਮਰਾ ਵੀ ਲੱਗਾ ਹੋਇਆ ਹੈ। ਮਸ਼ੀਨ ਰਾਹੀਂ ਜਿੱਥੇ ਟ੍ਰੈਫਿਕ ਪੁਲਸ ਕਿਸੇ ਵਾਹਨ ਚਾਲਕ ਦਾ ਚਲਾਨ ਕਰ ਸਕੇਗੀ, ਉੱਥੇ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਚਲਾਨ ਦੀ ਰਾਸ਼ੀ ਵੀ ਮੌਕੇ ’ਤੇ ਵਸੂਲ ਕਰ ਸਕਦੀ ਹੈ। ਇਹ ਇਕ ਤਰ੍ਹਾਂ ਨਾਲ ਈ-ਚਲਾਨ ਵਾਂਗ ਹੀ ਹੋਵੇਗਾ। ਇਸ ਦੇ ਨਾਲ ਹੀ ਮਸ਼ੀਨ ’ਚ ਆਰ. ਸੀ. ਜਾਂ ਲਾਇਸੈਂਸ ਪਾਉਂਦੇ ਹੀ ਵਾਹਨ ਚਾਲਕ ਦੀ ਸਾਰੀ ਜਾਣਕਾਰੀ ਵੀ ਦਿਖਾਈ ਦੇਣ ਲੱਗੇਗੀ। ਮਸ਼ੀਨ ਤੋਂ ਚਲਾਨ ਕਰਦੇ ਹੀ ਆਨਲਾਈਨ ਪੋਰਟਲ ਵਾਹਨ ’ਤੇ ਗੱਡੀ ਦੀ ਆਰ. ਸੀ. ਵੀ ਲਾਕ ਹੋ ਜਾਵੇਗੀ, ਜੋ ਚਲਾਨ ਦਾ ਭੁਗਤਾਨ ਕਰਨ ’ਤੇ ਹੀ ਅਨਲਾਕ ਹੋਵੇਗੀ। ਇਸ ਤੋਂ ਇਲਾਵਾ ਮਸ਼ੀਨ ’ਤੇ ਲੱਗੇ ਕੈਮਰੇ ਦੀ ਮਦਦ ਨਾਲ ਟ੍ਰੈਫਿਕ ਮੁਲਾਜ਼ਮ ਵਾਹਨ ਚਾਲਕ ਦੀ ਵੀਡੀਓ ਰਿਕਾਰਡਿੰਗ ਵੀ ਕਰ ਸਕਦੇ ਹਨ। ਪੰਜਾਬ ਪੁਲਸ ਵੱਲੋਂ ਸਾਰੇ ਜ਼ਿਲ੍ਹਿਆਂ ’ਚ ਅਜਿਹੀਆਂ ਮਸ਼ੀਨਾਂ ਭੇਜੀਆਂ ਗਈਆਂ ਹਨ, ਤਾਂ ਕਿ ਟ੍ਰੈਫਿਕ ਪੁਲਸ ਨੂੰ ਵੀ ਹਾਈਟੈਕ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਗਵਰਨਰ ਬਨਵਾਰੀ ਲਾਲ ਦਾ ਚੰਡੀਗੜ੍ਹ ਵਾਸੀਆਂ ਨੂੰ ਵੱਡਾ ਤੋਹਫ਼ਾ, ਉਲੰਪਿਕ ’ਚ ਮੈਡਲ ਜਿੱਤਣ ’ਤੇ ਮਿਲਣਗੇ 6 ਕਰੋੜ
ਮਸ਼ੀਨ ਲੈ ਕੇ ਜਲਦ ਫੀਲਡ ’ਚ ਉੱਤਰਨਗੇ ਮੁਲਾਜ਼ਮ : ਏ. ਸੀ. ਪੀ. ਲਾਂਬਾ
ਏ. ਸੀ. ਪੀ. ਟ੍ਰੈਫਿਕ ਚਰਣਜੀਵ ਲਾਂਬਾ ਦਾ ਕਹਿਣਾ ਹੈ ਕਿ 30 ਅਗਸਤ ਨੂੰ ਟ੍ਰੈਫਿਕ ਮੁਲਾਜ਼ਮਾਂ ਨੂੰ ਵੀਡੀਓ ਕਾਨਫ੍ਰੈਂਸਿੰਗ ਜ਼ਰੀਏ ਇਲੈਕਟ੍ਰਾਨਿਕ ਮਸ਼ੀਨਾਂ ਆਪਰੇਟ ਕਰਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਬਾਅਦ ਜਲਦ ਹੀ ਟ੍ਰੈਫਿਕ ਮੁਲਾਜ਼ਮਾਂ ਨੂੰ ਮਸ਼ੀਨਾਂ ਦੇ ਨਾਲ ਫੀਲਡ ਵਿਚ ਉਤਾਰਿਆ ਜਾਵੇਗਾ, ਤਾਂ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ’ਤੇ ਸ਼ਿਕੰਜਾ ਕੱਸਿਆ ਜਾ ਸਕੇ।
ਪਹਿਲਾਂ ਬੰਦ ਹੋ ਚੁੱਕੇ ਹਨ ਈ-ਚਲਾਨ
ਦੱਸ ਦੇਈਏ ਕਿ ਟ੍ਰੈਫਿਕ ਪੁਲਸ ਵੱਲੋਂ ਕਰੀਬ 4 ਸਾਲ ਪਹਿਲਾਂ ਸ਼ਹਿਰ ਦੇ 6 ਮੁੱਖ ਚੌਕਾਂ ’ਚ ਸੇਫ ਸਿਟੀ ਕੈਮਰਿਆਂ ਦੀ ਮਦਦ ਨਾਲ ਰੈੱਡ ਲਾਈਟ ਜੰਪ ਕਰਨ ਵਾਲਿਆਂ ਦੇ ਈ-ਚਲਾਨ ਸ਼ੁਰੂ ਕੀਤੇ ਗਏ ਸਨ ਪਰ ਕੁਝ ਚੌਕਾਂ ’ਚ ਚੱਲ ਰਹੇ ਉਸਾਰੀ ਕਾਰਜਾਂ ਅਤੇ ਕੁਝ ਤਕਨੀਕੀ ਸਮੱਸਿਆਵਾਂ ਕਾਰਨ ਈ-ਚਲਾਨ ਬੰਦ ਪਏ ਹਨ। ਹੁਣ ਟ੍ਰੈਫਿਕ ਪੁਲਸ ਵੱਲੋਂ ਈ-ਚਲਾਨ ਦਾ ਪੇਮੈਂਟ ਗੇਟਵੇ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਹੀ ਪਹਿਲੇ ਪੜਾਅ ’ਚ 10 ਪੁਆਇੰਟਾਂ ’ਤੇ ਈ-ਚਲਾਨ ਮੁੜ ਤੋਂ ਸ਼ੁਰੂ ਹੋਣ ਜਾ ਰਹੇ ਹਨ। ਇਸ ਦੇ ਨਾਲ ਹੀ ਨਗਰ ਨਿਗਮ ਵੱਲੋਂ ਕੁਝ ਚੌਕਾਂ ’ਚ ਰੀਅਲ ਟਾਈਮ ਸੈਂਸਰ ਵਾਲੇ ਟ੍ਰੈਫਿਕ ਸਿਗਨਲ ਲਗਵਾਉਣ ਤੋਂ ਬਾਅਦ ਕੁੱਲ 42 ਚੌਕਾਂ ਵਿਚ ਈ-ਚਲਾਨ ਸ਼ੁਰੂ ਕਰਨ ਦੀ ਯੋਜਨਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਰਾਜਪਾਲ ਨਾਲ ਟਕਰਾਅ ’ਤੇ ਸੁਨੀਲ ਜਾਖੜ ਦਾ ਵੱਡਾ ਬਿਆਨ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8