ਟ੍ਰੈਫਿਕ ਪੁਲਸ ਨੇ ''ਪਟਾਕੇ ਪਾਉਣ'' ਵਾਲਿਆਂ ਦੇ ''ਪਾਏ ਪਟਾਕੇ''

Wednesday, Jul 12, 2017 - 08:07 AM (IST)

ਸਮਰਾਲਾ  (ਗਰਗ, ਬੰਗੜ) – ਸਥਾਨਕ ਸ਼ਹਿਰ 'ਚ ਮਨਚਲਿਆਂ ਦੀਆਂ ਮਨਿਆਈਆਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਸਮਰਾਲਾ ਟ੍ਰੈਫਿਕ ਪੁਲਸ ਨੇ ਅੱਜ ਕਾਰਵਾਈ ਕਰਦਿਆਂ ਭਲਵਾਨੀ ਗੇੜੇ ਮਾਰਨ ਵਾਲੇ ਕਾਕਿਆਂ ਦੇ ਚਲਾਨ ਕੱਟੇ। ਪੁਲਸ ਕਾਰਵਾਈ ਦੌਰਾਨ ਦੇਖਣ ਨੂੰ ਮਿਲਿਆ ਕਿ ਲੋਕਾਂ 'ਚ ਬਿਨਾਂ ਕਾਗਜ਼ਾਂ ਤੋਂ ਵਾਹਨ ਚਲਾਉਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਕਿਉਂਕਿ 10 ਮਿੰਟ ਦੀ ਕਾਰਵਾਈ ਦੌਰਾਨ ਪੁਲਸ 10 ਵਾਹਨ ਬਿਨਾਂ ਕਾਗਜ਼ਾਂ ਤੋਂ ਕਾਬੂ ਕੀਤੇ ਗਏ, ਜਿਨ੍ਹਾਂ ਨੂੰ ਕਾਨੂੰਨੀ ਕਾਰਵਾਈ ਹੇਠ ਥਾਣੇ ਬੰਦ ਕਰ ਦਿੱਤਾ ਗਿਆ ਹੈ। 
ਅੱਜ ਟ੍ਰੈਫਿਕ ਇੰਚਾਰਜ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵਲੋਂ ਮੁੱਖ ਚੌਕ ਸਮਰਾਲਾ ਤੋਂ ਖੰਨਾ ਰੋਡ ਸਥਿਤ ਲੜਕੀਆਂ ਦੇ ਸਕੂਲ ਤਕ ਪੈਦਲ ਗਸ਼ਤ ਕਰਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਕਾਰਵਾਈ ਕੀਤੀ ਗਈ। ਪੁਲਸ ਵਲੋਂ ਪ੍ਰੈਸ਼ਰ ਹਾਰਨ ਤੇ ਪਟਾਕੇ ਮਾਰਨ ਵਾਲੇ ਵਾਹਨਾਂ ਨੂੰ ਮੁੱਖ ਨਿਸ਼ਾਨੇ 'ਤੇ ਰੱਖਿਆ ਗਿਆ। ਕਾਗਜ਼ਾਂ ਦੀ ਜਾਂਚ ਲਈ ਘੇਰੇ ਗਏ ਵਾਹਨਾਂ 'ਚ 10 ਮੋਟਰਸਾਈਕਲ ਤੇ ਸਕੂਟਰ ਅਜਿਹੇ ਸਾਹਮਣੇ ਆਏ, ਜਿਨ੍ਹਾਂ ਦੇ ਚਾਲਕਾਂ ਨੇ ਲਾਇਸੰਸ ਤੇ ਆਰ. ਸੀ. ਤੋਂ ਲੈ ਕੇ ਕੋਈ ਵੀ ਕਾਨੂੰਨੀ ਦਸਤਾਵੇਜ਼ ਆਪਣੇ ਕੋਲ ਨਹੀਂ ਰੱਖਿਆ ਸੀ। ਪੁਲਸ ਨੇ ਉਨ੍ਹਾਂ ਦੇ ਵਾਹਨਾਂ ਨੂੰ ਥਾਣਾ ਸਮਰਾਲਾ ਵਿਖੇ ਬੰਦ ਕਰ ਦਿੱਤਾ। 
ਟ੍ਰੈਫਿਕ ਇੰਚਾਰਜ ਤਰਲੋਚਨ ਸਿੰਘ ਨੇ ਕਿਹਾ ਕਿ ਆਵਾਜਾਈ ਨਿਯਮਾਂ ਨੂੰ ਇਨ-ਬਿਨ ਲਾਗੂ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ? ਉਨ੍ਹਾਂ ਅਖੌਤੀ ਮਜਨੂੰਆਂ ਨੂੰ ਤਾੜਨਾ ਕੀਤੀ ਕਿ ਜੇਕਰ ਉਹ ਸੜਕਾਂ ਉਪਰ ਕਾਨੂੰਨ ਦੀ ਉਲੰਘਣਾ ਕਰਦੇ ਪਾਏ ਗਏ ਤਾਂ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। ਇਸੇ ਦੌਰਾਨ ਟ੍ਰੈਫਿਕ ਇੰਚਾਰਜ ਨੂੰ ਕੁਝ ਲੋਕਾਂ ਵਲੋਂ ਅਪੀਲ ਕੀਤੀ ਗਈ ਕਿ ਬੀਜਾ ਚੌਕ, ਗੁਰੂ ਨਾਨਕ ਰੋਡ, ਪੁਰਾਣੀ ਸਬਜ਼ੀ ਮੰਡੀ ਤੇ ਚੌੜਾ ਬਾਜ਼ਾਰ ਵਿਖੇ ਮਨਚਲਿਆਂ ਦੀ ਭਰਮਾਰ ਕਾਰਨ ਸਕੂਲ ਆਉਣ-ਜਾਣ ਵਾਲੀਆਂ ਵਿਦਿਆਰਥਣਾਂ ਨੂੰ ਵੱਡੀ ਸਮੱਸਿਆ ਪੇਸ਼ ਆ ਰਹੀ ਹੈ, ਜਿਸ 'ਤੇ ਟ੍ਰੈਫਿਕ ਇੰਚਾਰਜ ਵਲੋਂ ਕਿਹਾ ਗਿਆ ਕਿ ਉਹ ਉਪਰੋਕਤ ਥਾਵਾਂ ਉਪਰ ਆਪਣੀ ਕਾਰਵਾਈ ਤੇਜ਼ ਕਰਨਗੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਦਿਆਰਥਣ ਜਾਂ ਲੜਕੀ ਨੂੰ ਅਜਿਹੇ ਮਨਚਲੇ ਪ੍ਰੇਸ਼ਾਨ ਕਰਦੇ ਹਨ ਤਾਂ ਉਹ ਤੁਰੰਤ ਥਾਣਾ ਸਮਰਾਲਾ ਜਾਂ ਟ੍ਰੈਫਿਕ ਪੁਲਸ ਦਫਤਰ ਸਮਰਾਲਾ ਨੂੰ ਸੂਚਿਤ ਕਰਨ।
ਨਾਬਾਲਿਗ ਵਿਦਿਆਰਥੀ ਕਾਨੂੰਨ ਤੋੜਨ 'ਚ ਅੱਗੇ
ਸਮਰਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮੇਤ ਸ਼੍ਰੋਮਣੀ ਕਮੇਟੀ ਦੀ ਵਿੱਦਿਅਕ ਸੰਸਥਾ ਤੇ ਹੋਰ ਵੱਖ-ਵੱਖ ਪ੍ਰਾਈਵੇਟ ਸਕੂਲਾਂ ਦੇ ਨਾਬਾਲਿਗ ਵਿਦਿਆਰਥੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ 'ਚ ਕਿਸੇ ਤੋਂ ਘੱਟ ਨਹੀਂ। ਬਿਨਾਂ ਲਾਇਸੰਸ ਤੋਂ ਮੋਟਰਸਾਈਕਲਾਂ 'ਤੇ 4-4 ਸਵਾਰੀਆਂ ਬਿਠਾ ਕੇ ਪਟਾਕੇ ਮਾਰਨ ਵਾਲੇ ਬਹੁਤੇ ਵਿਦਿਆਰਥੀਆਂ ਤੋਂ ਜਿਥੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਆਮ ਲੋਕ ਵੀ ਇਨ੍ਹਾਂ ਬੱਚਿਆਂ ਦੀਆਂ ਖਤਰਨਾਕ ਮਨ ਆਈਆਂ ਤੋਂ ਦੁਖੀ ਹਨ। ਮਾਪਿਆਂ ਦੇ ਲਾਡਲੇ ਪੁੱਤ ਮਹਿੰਗੇ ਮੋਟਰਸਾਈਕਲਾਂ 'ਤੇ ਟ੍ਰੈਫਿਕ ਨਿਯਮਾਂ ਨੂੰ ਤੋੜ ਕੇ ਜਿਥੇ ਆਪਣੀ ਜਾਨ ਨੂੰ ਜ਼ੋਖਮ 'ਚ ਪਾ ਰਹੇ ਹਨ, ਉਥੇ ਹੀ ਦੂਜਿਆਂ ਲਈ ਵੀ ਹਾਦਸਿਆਂ ਨੂੰ ਸੱਦੇ ਰਹੇ ਹਨ।


Related News