ਟਰੈਫਿਕ ਪੁਲਸ ''ਚ ਭਾਰੀ ਫੇਰਬਦਲ, 29 ਏ. ਐੱਸ. ਆਈ. ਸਮੇਤ 50 ਮੁਲਾਜ਼ਮਾਂ ਦੀ ਬਦਲੀ
Wednesday, Jun 19, 2019 - 11:54 AM (IST)
ਲੁਧਿਆਣਾ (ਸੰਨੀ) : ਪੁਲਸ ਕਮਿਸ਼ਨਰ ਆਫਿਸ ਵੱਲੋਂ ਟਰੈਫਿਕ ਪੁਲਸ ਵਿਚ ਭਾਰੀ ਫੇਰਬਦਲ ਕਰਦੇ ਹੋਏ 29 ਏ. ਐੱਸ. ਆਈ. ਸਮੇਤ 50 ਮੁਲਾਜ਼ਮਾਂ ਨੂੰ ਬਦਲੀ ਕੀਤਾ ਗਿਆ ਹੈ। ਬਦਲੇ ਗਏ ਮੁਲਾਜ਼ਮਾਂ ਨੂੰ ਪੁਲਸ ਲਾਈਨਜ਼ ਅਤੇ ਥਾਣਿਆਂ ਵਿਚ ਭੇਜਿਆ ਗਿਆ ਹੈ ਜਦੋਂਕਿ ਉਨ੍ਹਾਂ ਦੇ ਸਥਾਨ 'ਤੇ ਪੁਲਸ ਲਾਈਨਜ਼ ਤੋਂ 40 ਕਾਂਸਟੇਬਲਾਂ ਨੂੰ ਟਰੈਫਿਕ ਪੁਲਸ ਵਿਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਹੈੱਡ ਕਾਂਸਟੇਬਲ ਤੋਂ ਏ. ਐੱਸ. ਆਈ. ਤਰੱਕੀ ਮਿਲਣ ਤੋਂ ਬਾਅਦ ਟਰੈਫਿਕ ਪੁਲਸ ਦੇ ਕੋਲ ਏ. ਐੱਸ. ਆਈ. ਦੀ ਗਿਣਤੀ 60 ਦੇ ਕਰੀਬ ਹੋ ਗਈ ਸੀ, ਜਦੋਂਕਿ ਨਗਰ ਵਿਚ ਟਰੈਫਿਕ ਪੁਆਇੰਟਾਂ ਦੀ ਗਿਣਤੀ ਇਸ ਤੋਂ ਅੱਧੀ ਹੀ ਹੈ। ਪੁਲਸ ਵਿਭਾਗ ਦੇ ਕੁਝ ਸੀਨੀਅਰ ਅਧਿਕਾਰੀ ਟਰੈਫਿਕ ਪੁਲਸ ਵਿਚ ਏ. ਐੱਸ. ਆਈਜ਼ ਦੀ ਗਿਣਤੀ ਘੱਟ ਕਰਨ ਦੇ ਇੱਛੁਕ ਸਨ ਜਿਸ ਤੋਂ ਬਾਅਦ ਅੱਜ ਹੁਕਮ ਜਾਰੀ ਕੀਤੇ ਗਏ ਹਨ।
ਬਦਲੇ ਗਏ ਮੁਲਾਜ਼ਮਾਂ ਵਿਚ 29 ਏ. ਐੱਸ. ਆਈ. ਦੇ ਨਾਲ-ਨਾਲ 21 ਹੈੱਡ ਕਾਂਸਟੇਬਲ, ਕਾਂਸਟੇਬਲ ਅਤੇ ਲੇਡੀ ਕਾਂਸਟੇਬਲ ਸ਼ਾਮਲ ਹਨ। 20 ਲੱਖ ਦੀ ਸ਼ਹਿਰੀ ਆਬਾਦੀ ਵਾਲੇ ਮਹਾਨਗਰ ਵਿਚ ਟਰੈਫਿਕ ਕੰਟਰੋਲ ਲਈ ਸਿਰਫ 215 ਦੇ ਕਰੀਬ ਮੁਲਾਜ਼ਮ ਹੀ ਹਨ, ਜਿਨ੍ਹਾਂ ਵਿਚੋਂ 50 ਨੂੰ ਅੱਜ ਬਦਲਣ ਤੋਂ ਬਾਅਦ 49 ਨਵੇਂ ਮੁਲਾਜ਼ਮ ਦਿੱਤੇ ਗਏ ਹਨ। ਇਥੇ ਇਹ ਵੀ ਦੱਸ ਦੇਈਏ ਕਿ ਟਰੈਫਿਕ ਪੁਲਸ ਵਿਚ ਕੁਝ ਅਜਿਹੇ ਅਧਿਕਾਰੀ ਵੀ ਹਨ ਜੋ ਲੰਬੇ ਸਮੇਂ ਤੋਂ ਵਿਭਾਗ ਵਿਚ ਅਹਿਮ ਸੀਟਾਂ 'ਤੇ ਟਿਕੇ ਹੋਏ ਹਨ ਅਤੇ ਉਨ੍ਹਾਂ ਦੀ ਬਦਲੀ ਨਹੀਂ ਹੋਈ।