ਗੁਰੂ ਨਗਰੀ ''ਚ ਟ੍ਰੈਫਿਕ ''ਆਊਟ ਆਫ ਕੰਟਰੋਲ''
Friday, Oct 06, 2017 - 06:39 AM (IST)

ਅੰਮ੍ਰਿਤਸਰ, (ਵੜੈਚ)- ਨਗਰ ਨਿਗਮ ਦੇ ਅਧਿਕਾਰੀਆਂ ਤੇ ਟ੍ਰੈਫਿਕ ਪੁਲਸ ਦੀ ਲਾਪ੍ਰਵਾਹੀ ਕਾਰਨ ਸ਼ਹਿਰਵਾਸੀਆਂ ਅਤੇ ਗੁਰੂ ਨਗਰੀ 'ਚ ਦਰਸ਼ਨਾਂ ਲਈ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਨਤਾ ਦੀਆਂ ਟ੍ਰੈਫਿਕ ਮੁਸ਼ਕਿਲਾਂ ਵੱਲ ਖਾਸ ਧਿਆਨ ਨਾ ਦੇ ਕੇ ਪੁਲਸ ਮੁਲਾਜ਼ਮ ਚਲਾਨ ਕੱਟਣ ਵਿਚ ਮਸਤ ਹਨ। ਸੜਕਾਂ 'ਤੇ ਨਾਜਾਇਜ਼ ਕਬਜ਼ਿਆਂ ਤੇ ਆਵਾਰਾ ਪਸ਼ੂਆਂ ਦੀ ਭਰਮਾਰ ਕਰ ਕੇ ਲੋਕਾਂ ਦਾ ਸੜਕਾਂ ਤੋਂ ਗੁਜ਼ਰਨਾ ਦੁਸ਼ਵਾਰ ਹੋ ਗਿਆ ਹੈ। ਨਿਗਮ ਤੇ ਪੁਲਸ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਜ਼ਿਆਦਾਤਰ ਸੜਕਾਂ 'ਤੇ ਅਕਸਰ ਰੋਡ ਜਾਮ ਦੇਖਣ ਨੂੰ ਮਿਲ ਰਹੇ ਹਨ।
ਸਮਾਜ ਸੇਵਕ ਰਵਿੰਦਰ ਸੁਲਤਾਨਵਿੰਡ, ਜਤਿੰਦਰ ਕੁਮਾਰ ਰਾਜੂ, ਰਜਿੰਦਰ ਸ਼ਰਮਾ, ਸੁਸ਼ੀਲ ਸ਼ਰਮਾ, ਰਿੰਕੂ ਸ਼ਰਮਾ ਤੇ ਗੁਰਮੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਭੀੜਭਾੜ ਵਾਲੇ ਇਲਾਕਿਆਂ ਬੱਸ ਸਟੈਂਡ ਦੇ ਆਲੇ-ਦੁਆਲੇ, ਭੰਡਾਰੀ ਪੁਲ, ਗੁਰੂ ਨਾਨਕ ਦੇਵ ਹਸਪਤਾਲ, ਮਜੀਠਾ ਰੋਡ, ਹੁਸੈਨਪੁਰਾ ਰੇਲਵੇ ਪੁਲ ਦੇ ਦੋਵੇਂ ਪਾਸੇ, ਰਾਮਬਾਗ ਚੌਕ, ਨਵੀਂ ਆਬਾਦੀ ਚੌਕ, ਫੋਰ ਐੱਸ ਚੌਕ, ਘਾਲਾ-ਮਾਲਾ ਚੌਕ, ਗੁਰਦੁਆਰਾ ਸ਼ਹੀਦਾਂ ਰੋਡ ਤੇ ਛੇਹਰਟਾ ਸਮੇਤ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਆਵਾਜਾਈ ਦਾ ਬੁਰਾ ਹਾਲ ਹੈ। ਗੁਰੂ ਘਰ ਸ੍ਰੀ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਵੀ ਟ੍ਰੈਫਿਕ ਜਾਮ ਤੋਂ ਪ੍ਰੇਸ਼ਾਨ ਹੋ ਰਹੀਆਂ ਹਨ।
ਟ੍ਰੈਫਿਕ ਵੱਲ ਘੱਟ, ਚਲਾਨ ਕੱਟਣ ਵੱਲ ਵੱਧ ਧਿਆਨ: ਟ੍ਰੈਫਿਕ ਅਧਿਕਾਰੀ ਤੇ ਕਰਮਚਾਰੀ ਕੱਟਣ ਵਿਚ ਮਸਤ ਹਨ। ਚਲਾਨ ਕੱਟਣ ਲਈ ਵੀ ਗਲਤ ਜਗ੍ਹਾ ਦੀ ਚੋਣ ਕੀਤੀ ਜਾਂਦੀ ਹੈ, ਇਕ ਪਾਸੇ ਲੋਕ ਵਾਹਨਾਂ ਸਮੇਤ ਭੀੜ 'ਚ ਫਸੇ ਹੁੰਦੇ ਹਨ, ਉਧਰੋਂ ਟ੍ਰੈਫਿਕ ਅਧਿਕਾਰੀ ਵਾਹਨ ਚਾਲਕਾਂ ਨੂੰ ਭੀੜ ਵਿਚੋਂ ਹੀ ਫੜ ਕੇ ਇਕ ਪਾਸੇ ਕਾਗਜ਼ਾਂ ਦੀ ਚੈਕਿੰਗ ਕਰਨਾ ਸ਼ੁਰੂ ਕਰ ਦਿੰਦੇ ਹਨ। ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸਿਸਟਮ ਠੀਕ ਕਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਲੈਂਡ ਵਿਭਾਗ ਕਬਜ਼ੇ ਹਟਾਉਣ 'ਚ ਜ਼ੀਰੋ
ਪਿਛਲੇ ਕਈ ਸਾਲਾਂ ਤੋਂ ਸੜਕਾਂ 'ਤੇ ਨਾਜਾਇਜ਼ ਤਰੀਕੇ ਨਾਲ ਨਿਰਮਾਣ ਹੋਣ ਵਾਲੇ ਖੋਖਿਆਂ, ਰੇਹੜੀਆਂ, ਫੜ੍ਹੀਆਂ ਨੂੰ ਹਟਾਉਣ ਲਈ ਨਿਗਮ ਦਾ ਲੈਂਡ ਵਿਭਾਗ ਬੁਰੀ ਤਰ੍ਹਾਂ ਫੇਲ ਹੋ ਰਿਹਾ ਹੈ, ਜਿਸ ਕਰ ਕੇ ਹਮੇਸ਼ਾ ਸੜਕਾਂ 'ਤੇ ਜਾਮ ਬਣਿਆ ਰਹਿੰਦਾ ਹੈ। ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਤੇ ਨਿਗਮ ਦੇ ਕਮਿਸ਼ਨਰਾਂ ਦੇ ਆਦੇਸ਼ਾਂ ਤੋਂ ਬਾਅਦ ਵੀ ਕਬਜ਼ੇ ਟਸ ਤੋਂ ਮਸ ਨਹੀਂ ਹੋਏ। ਕਾਂਗਰਸ ਸਰਕਾਰ ਦੇ ਆਉਣ ਉਪਰੰਤ ਚਰਚਾ 'ਚ ਰਹੇ ਕੁਝ ਖੋਖਿਆਂ 'ਤੇ ਕਾਰਵਾਈ ਤੋਂ ਇਲਾਵਾ ਮਹਾਨਗਰ ਦੀਆਂ ਹੋਰਨਾਂ ਸੜਕਾਂ ਤੋਂ ਕਬਜ਼ਿਆਂ ਨੂੰ ਨਹੀਂ ਹਟਾਇਆ ਗਿਆ, ਜਿਸ ਤੋਂ ਜ਼ਾਹਿਰ ਹੈ ਕਿ ਕਬਜ਼ਾਧਾਰਕਾਂ ਅਤੇ ਲੈਂਡ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਅੰਦਰੂਨੀ ਚੰਗਾ ਤਾਲਮੇਲ ਹੈ।
ਆਵਾਰਾ ਪਸ਼ੂਆਂ ਦੀ ਨਹੀਂ ਹੋ ਰਹੀ ਸੰਭਾਲ
ਸ਼ਹਿਰ 'ਚ ਘੁੰਮਦੇ ਆਵਾਰਾ ਪਸ਼ੂਆਂ ਦੀ ਸੰਭਾਲ ਨਾ ਹੋਣ ਕਰ ਕੇ ਵੀ ਆਵਾਜਾਈ ਜਾਮ ਰਹਿੰਦੀ ਹੈ। ਪਸ਼ੂ ਝੁੰਡਾਂ ਵਿਚ ਸੜਕਾਂ ਦੇ ਕਿਨਾਰਿਆਂ 'ਤੇ ਖੜ੍ਹੇ ਹੋ ਜਾਂਦੇ ਹਨ ਜਾਂ ਸੜਕ ਵਿਚਕਾਰ ਬੈਠ ਜਾਂਦੇ ਹਨ, ਜਿਸ ਕਰ ਕੇ ਸੜਕ ਦੀ ਚੌੜਾਈ ਘੱਟ ਜਾਣ ਕਰ ਕੇ ਅਕਸਰ ਟ੍ਰੈਫਿਕ ਜਾਮ ਦੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ। ਨਿਗਮ ਦਾ ਕੈਟਲ ਵਿਭਾਗ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿਚ ਪਹੁੰਚਾਉਣ ਜਾਂ ਆਪਣੇ ਅਹਾਤੇ ਵਿਚ ਰੱਖਣ ਲਈ ਕਾਮਯਾਬ ਨਹੀਂ ਹੋ ਸਕਿਆ।