ਭਲਕੇ ਸਰਹੱਦੀ ਖੇਤਰ ਦੇ ਕਸਬਾ ਬਮਿਆਲ ਪਹੁੰਚਣਗੇ ਪੰਜਾਬ ਦੇ ਰਾਜਪਾਲ
Monday, Jul 22, 2024 - 03:55 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਭਲਕੇ ਸਰਹੱਦੀ ਖੇਤਰ ਦੇ ਪਿੰਡ ਚੱਕ ਅਮੀਰ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚਣਗੇ। ਜਿਸਦੇ ਚੱਲਦੇ ਪ੍ਰਸ਼ਾਸਨ ਵੱਲੋਂ ਸਰਹੱਦੀ ਖੇਤਰ ਵਿਚ ਬਮਿਆਲ ਦੇ ਨਜ਼ਦੀਕ ਸਥਿਤ ਆਰ. ਐੱਸ ਪਬਲਿਕ ਸਕੂਲ ਵਿਚ ਉਨ੍ਹਾਂ ਵੱਲੋਂ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨਾਲ ਅਹਿਮ ਬੈਠਕ ਕੀਤੀ ਜਾਵੇਗੀ। ਜਿਸ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ 23 ਜੁਲਾਈ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਸਭ ਤੋਂ ਪਹਿਲਾਂ ਗੁਰਦਾਸਪੁਰ ਤੇ ਪਠਾਨਕੋਟ ਦੇ ਪ੍ਰਸ਼ਾਸਨਿਕ ਅਧਿਕਾਰੀਆ ਨਾਲ ਇਕ ਵਿਸ਼ੇਸ਼ ਬੈਠਕ ਕਰਨਗੇ, ਜਿਸ ਤੋਂ ਬਾਅਦ ਉਹ ਭਾਰਤ ਪਾਕਿਸਤਾਨ ਸਰਹੱਦ 'ਤੇ ਸਥਿਤ ਬਲਾਕ ਬਮਿਆਲ ਦੇ ਅਧੀਨ ਆਉਂਦੇ ਪਿੰਡ ਚੱਕ ਅਮੀਰ ਵਿਖੇ ਵਿਸ਼ੇਸ਼ ਵਿਜ਼ਿਟ ਕਰਨਗੇ।
ਇਸ ਦੌਰਾਨ ਉਨ੍ਹਾਂ ਵੱਲੋਂ ਬਮਿਆਲ ਵਿਖੇ ਸਥਿਤ ਆਰ. ਐੱਸ. ਪਬਲਿਕ ਸਕੂਲ ਵਿਚ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨਾਲ ਬੈਠਕ ਕੀਤੀ ਜਾਵੇਗੀ। ਸਕੂਲ ਵਿਚ ਵਾਟਰ ਪਰੂਫ ਟੈਂਟ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ 200 ਦੇ ਕਰੀਬ ਲੋਕਾਂ ਦੇ ਬੈਠਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਸਕਿਓਰਿਟੀ ਨੂੰ ਮੁੱਖ ਰੱਖਦੇ ਹੋਏ ਡੀ. ਐੱਸ. ਪੀ. ਹਰਕਿਸ਼ਨ ਸਿੰਘ ਵੱਲੋਂ ਮੌਕੇ 'ਤੇ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਵਿਸ਼ੇਸ਼ ਜਾਇਜ਼ਾ ਲਿਆ ਗਿਆ। ਰਾਜਪਾਲ ਦੇ ਦੌਰੇ ਨੂੰ ਲੈ ਕੇ ਜਿੱਥੇ ਪੰਜਾਬ ਪੁਲਸ ਵੱਲੋਂ ਆਪਣੇ ਸੁਰੱਖਿਆ ਪ੍ਰਬੰਧ ਪੂਰੇ ਕੀਤੇ ਜਾ ਰਹੇ ਹਨ । ਉੱਥੇ ਹੀ ਸੀਮਾ ਸੁਰੱਖਿਆ ਬਲ ਅਤੇ ਭਾਰਤੀ ਸੈਨਾ ਵੱਲੋਂ ਵੀ ਸਰਹੱਦੀ ਖੇਤਰ ਵਿਚ ਪੂਰੀ ਤਾਇਨਾਤ ਕੀਤੀ ਗਈ ਹੈ।