ਪੰਜਾਬ ਦਾ ਇਹ ਕਿਸਾਨ ਰਵਾਇਤੀ ਖੇਤੀ ਦੇ ਚੱਕਰ ’ਚੋਂ ਨਿਕਲ ਕਮਾ ਰਿਹਾ ਚੋਖਾ ਪੈਸਾ( ਤਸਵੀਰਾਂ)
Thursday, Mar 05, 2020 - 06:22 PM (IST)
ਬਰਨਾਲਾ ( ਪੁਨੀਤ) - ਖੇਤੀਬਾੜੀ ਪੰਜਾਬ ਦਾ ਮੁੱਖ ਕਿੱਤਾ ਹੈ ਪਰ ਅੱਜ ਪੰਜਾਬ ਅੰਦਰ ਖੇਤੀਬਾੜੀ ਕਰ ਰਹੇ ਕਿਸਾਨਾਂ ਦੀ ਹਾਲਤ ਕੁਝ ਬਹੁਤੀ ਵਧੀਆ ਨਹੀਂ ਹੈ। ਅਜੌਕੇ ਸਮੇਂ ’ਚ ਖੇਤੀਬਾੜੀ ਕੋਈ ਮੁਨਾਫ਼ੇ ਵਾਲਾ ਧੰਦਾ ਨਹੀਂ ਰਹੀ, ਜਿਸ ਕਰਕੇ ਕਿਸਾਨ ਪਰੇਸ਼ਾਨ ਹੋ ਰਹੇ ਹਨ। ਪੰਜਾਬ ਵਿਚ ਜਿੱਥੇ ਇਕ ਪਾਸੇ ਕਿਸਾਨ ਕਰਜ਼ੇ ਤੋਂ ਤੰਗ ਪਰੇਸ਼ਾਨ ਹੋ ਰਹੇ ਹਨ, ਉੱਥੇ ਹੀ ਫਸਲਾਂ ਦਾ ਸਹੀ ਮੁੱਲ ਨਾ ਮਿਲਣਾ ਵੀ ਉਨ੍ਹਾਂ ਵਾਸਤੇ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਪੰਜਾਬ ਦਾ ਅੰਨਦਾਤਾ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਅੱਜ ਦੇ ਸਮੇਂ ਖੁਦਕੁਸ਼ੀ ਕਰਨ ਨੂੰ ਮਜ਼ਬੂਰ ਹੋ ਰਿਹਾ ਹੈ ਪਰ ਬਰਨਾਲਾ ਦੇ ਇਕ ਕਿਸਾਨ ਨੇ ਇਸ ਧਾਰਨਾ ਨੂੰ ਗਲਤ ਸਾਬਤ ਕਰ ਦਿੱਤਾ। ਬਰਨਾਲਾ ਦੇ ਪਿੰਡ ਬਡਬਰ ’ਚ ਰਹਿ ਰਹੇ ਕਿਸਾਨ ਸੁਖਪਾਲ ਸਿੰਘ ਰਵਾਇਤੀ ਖੇਤੀ ਦੇ ਚੱਕਰ ’ਚੋਂ ਨਿਕਲ ਕੇ ਖੇਤੀ ਦੇ ਨਾਲ-ਨਾਲ ਮੱਛੀ ਪਾਲਣ ਵਰਗਾ ਸਹਾਇਕ ਕਿੱਤਾ ਕਰ ਰਿਹਾ ਹੈ। ਇਸ ਕਿੱਤੇ ਦੇ ਸਦਕਾ ਉਕਤ ਕਿਸਾਨ ਆਪਣੀ ਆਮਦਨ ਵਿਚ ਕਾਫ਼ੀ ਵਾਧਾ ਕਰ ਰਿਹਾ ਹੈ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਸਿੰਘ ਨੇ ਕਿਹਾ ਕਿ ਇਸ ਧੰਦੇ ਰਾਹੀਂ ਉਸ ਨੂੰ ਕਾਫ਼ੀ ਮੁਨਾਫਾ ਹੋ ਰਿਹਾ ਹੈ ਅਤੇ ਸਾਲ ਵਿਚ 10 ਤੋਂ 12 ਲੱਖ ਰੁਪਏ ਤੱਕ ਦੀ ਕਮਾਈ ਕਰ ਰਿਹਾ ਹੈ। ਕਿਸਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਮੱਛੀ ਪਾਲਣ ਦੇ ਨਾਲ-ਨਾਲ ਖੇਤੀਬਾੜੀ ਵਿਚ ਵੀ ਫੇਰਬਦਲ ਕਰਕੇ ਫਸਲਾ ਬੀਜਦਾ ਰਹਿੰਦਾ ਹੈ, ਜਿਸ ਨਾਲ ਇਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ ਤੇ ਨਾਲ ਹੀ ਆਮਦਨੀ ਵੀ ਵਧੀਆ ਹੁੰਦੀ ਹੈ। ਦੱਸ ਦੇਈਏ ਕਿ ਜਿਹੜੇ ਲੋਕ ਖੇਤੀਬਾੜੀ ਨੂੰ ਇਕ ਵਧੀਆ ਜਾਂ ਮੁਨਾਫੇ ਵਾਲਾ ਧੰਦਾ ਨਹੀਂ ਮੰਨਦੇ ਉਹ ਇਸ ਸਫਲ ਕਿਸਾਨ ਵਾਂਗ ਸਹਾਇਕ ਕਿੱਤਾ ਕਰ ਸਕਦੇ ਹਨ।