ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼, ਜਲੰਧਰ 'ਚ ਵੰਡੇ 'ਸਾਡਾ ਚੰਨੀ' ਲੋਗੋ ਵਾਲੇ ਟਰੈਕ ਸੂਟ, ਦੋ ਟਰੱਕ ਜ਼ਬਤ

02/01/2022 3:40:36 PM

ਜਲੰਧਰ (ਰਾਹੁਲ ਕਾਲਾ, ਸੋਨੂੰ, ਮ੍ਰਿਦੁਲ, ਮਹੇਸ਼)- ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਕੈਂਟ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਟਰੈਕ ਸੂਟਾਂ ਨਾਲ ਭਰੇ ਹੋਏ ਦੋ ਟਰੱਕ ਜ਼ਬਤ ਕੀਤੇ ਗਏ। ਇਨ੍ਹਾਂ ਟਰੈਕ ਸੂਟਾਂ (ਸਵੈਟਸ਼ਰਟ) 'ਤੇ ਸਾਡਾ ਚੰਨੀ ਲਿਖਿਆ ਹੋਇਆ ਹੈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਭਾਜਪਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਚੋਣਾਂ ਵਿੱਚ ਇਨ੍ਹਾਂ ਟਰੈਕ ਸੂਟਾਂ ਨੂੰ ਵੰਡਣਾ ਸੀ। ਗਰੀਨ ਮਾਡਲ ਟਾਊਨ ਵਿਚ ਹੋ ਰਹੇ ਹੰਗਾਮੇ ਸਬੰਧੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਸਿਟੀ-2 ਹਰਪਾਲ ਸਿੰਘ ਰੰਧਾਵਾ ਥਾਣਾ ਮਾਡਲ ਟਾਊਨ ਦੀ ਪੁਲਸ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
‘ਸਾਡਾ ਚੰਨੀ’ ਲਿਖੇ ਟਰੈਕ ਸੂਟਾਂ ਦੇ 2 ਟਰੱਕਾਂ ਨੂੰ ਆਮ ਆਦਮੀ ਪਾਰਟੀ ਦੇ ਵੈਸਟ ਹਲਕੇ ਤੋਂ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਸਮਰਥਕਾਂ ਨੇ ਰੋਕ ਲਿਆ ਅਤੇ ਚੰਨੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਟਰੱਕਾਂ ਨੂੰ ਉਸ ਸਮੇਂ ਫੜਿਆ ਗਿਆ, ਜਦੋਂ ਉਨ੍ਹਾਂ ਵਿਚੋਂ ਟਰੈਕ ਸੂਟਾਂ ਕੱਢ ਕੇ ਪਿਕਅਪ ਗੱਡੀ (ਛੋਟਾ ਹਾਥੀ) ਵਿਚ ਰੱਖਿਆ ਜਾ ਰਿਹਾ ਸੀ।  

ਇਹ ਵੀ ਪੜ੍ਹੋ:  ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ, ਸਕੂਲ-ਕਾਲਜ ਅਜੇ ਰਹਿਣਗੇ ਬੰਦ

PunjabKesari

ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਇਲਜ਼ਾਮ ਲਗਾਏ ਕਿ ਸਵੇਰੇ 6 ਵਜੇ ਦੇ ਕਰੀਬ ਦੀ ਘਟਨਾ ਹੈ। ਤੜਕਸਾਰ ਇਸ ਜਗ੍ਹਾ 'ਤੇ 6 ਟਰੱਕ ਮੌਜੂਦ ਸਨ, ਜਿਨ੍ਹਾਂ ਵਿੱਚੋਂ ਚਾਰ ਟਰੱਕਾਂ ਵਿਚ ਭਰਿਆ ਹੋਇਆ ਸਾਮਾਨ ਸੁਸ਼ੀਲ ਰਿੰਕੂ ਅਤੇ ਪਰਗਟ ਸਿੰਘ ਨੇ ਆਪਣੇ ਹਲਕਿਆਂ ਵਿੱਚ ਵੰਡ ਦਿੱਤਾ। ਜਦੋਂ ਬਾਕੀ ਬਚੇ ਦੋ ਟਰੱਕਾਂ ਵਿੱਚੋਂ ਸਾਮਾਨ ਅਣਲੋਡ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਲਕਾ ਕੈਂਟ ਤੋਂ ਉਮੀਦਵਾਰ ਸੁਰਿੰਦਰ ਸੋਢੀ ਆਪਣੇ ਸਮਰਥਕਾਂ ਨਾਲ ਇਥੇ ਪਹੁੰਚੇ। ਸੁਰਿੰਦਰ ਸੋਢੀ ਦੇ ਸਮਰਥਕਾਂ ਨੇ ਇਲਜ਼ਾਮ ਲਗਾਇਆ ਕਿ ਜਦੋਂ ਅਸੀਂ ਬਾਕੀ ਬਚੀਆਂ ਦੋ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੁਸ਼ੀਲ ਰਿੰਕੂ ਦਾ ਪੀਏ ਬੱਬੀ ਅਤੇ ਉਸ ਦਾ ਡਰਾਈਵਰ ਸਕਾਰਪੀਓ ਗੱਡੀ ਵਿੱਚ ਫ਼ਰਾਰ ਹੋ ਗਿਆ। 

ਇਹ ਵੀ ਪੜ੍ਹੋ: ਭਦੌੜ ਮਗਰੋਂ ਸੀ. ਐੱਮ. ਚੰਨੀ ਨੇ ਸ੍ਰੀ ਚਮਕੌਰ ਸਾਹਿਬ ਤੋਂ ਭਰਿਆ ਨਾਮਜ਼ਦਗੀ ਪੱਤਰ, ਹੋਏ ਭਾਵੁਕ

PunjabKesari

ਇਸ ਰਿਕਵਰੀ ਨੂੰ ਲੈ ਕੇ ਜਦੋਂ ਮਾਹੌਲ ਜ਼ਿਆਦਾ ਭਖਿਆ ਤਾਂ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਅਤੇ ਭਾਜਪਾ ਦੇ ਸਮਰੱਥਕ ਵੀ ਇਥੇ ਪਹੁੰਚ ਗਏ। ਸਾਰੇ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਚੋਣਾਂ ਦੇ ਵਿੱਚ ਜਦੋਂ ਕੋਈ ਸਰਕਾਰ ਦਾ ਰੋਲ ਨਹੀਂ ਹੈ ਤਾਂ ਇਹ ਟਰੈਕ ਸੂਟ ਵੰਡਣ ਦਾ ਕੀ ਮਕਸਦ ਹੈ ? ਪ੍ਰਦਰਸ਼ਨਕਾਰੀਆਂ ਨੇ ਸੁਸ਼ੀਲ ਰਿੰਕੂ ਅਤੇ ਪਰਗਟ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਜਿਹੜੇ ਦੋ ਟਰੱਕ ਜ਼ਬਤ ਕੀਤੇ ਗਏ ਹਨ, ਉਨ੍ਹਾਂ ਦਾ ਰਜਿਸਟ੍ਰੇਸ਼ਨ ਨੰਬਰ ਲੁਧਿਆਣਾ (PB 10) ਤੋਂ ਹੈ। 

PunjabKesari

ਮੁੱਖ ਮੰਤਰੀ ਚੰਨੀ ਦੇ ਨਾਂ ਵਾਲੇ ਟਰੈਕ ਸੂਟਾਂ ਦੇ 2 ਟਰੱਕ ਫੜੇ ਜਾਣ ਦੀ ਸੂਚਨਾ ਜਿਉਂ ਹੀ ਚੋਣ ਕਮਿਸ਼ਨ ਦੀ ਫਲਾਇੰਗ ਸਕੁਐਡ ਦੀ ਟੀਮ ਨੂੰ ਮਿਲੀ ਤਾਂ ਉਹ ਵੀ ਪਹੁੰਚ ਗਈ। ਉਨ੍ਹਾਂ ਵੱਲੋਂ ਟਰੈਕ ਸੂਟ ਵਾਲੇ ਟਰੱਕਾਂ ਦੀ ਵੀਡੀਓਗ੍ਰਾਫ਼ੀ ਕੀਤੀ ਗਈ। ਜਲੰਧਰ ਕੈਂਟ ਹਲਕੇ ਤੋਂ ਅਕਾਲੀ-ਬਸਪਾ ਉਮੀਦਵਾਰ ਜਗਬੀਰ ਸਿੰਘ ਬਰਾੜ ਅਤੇ ਭਾਜਪਾ ਉਮੀਦਵਾਰ ਸਰਬਜੀਤ ਸਿਘ ਮੱਕੜ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਵੀ ਮੌਕੇ ’ਤੇ ਪਹੁੰਚ ਗਏ। ਇਨ੍ਹਾਂ ਤਿੰਨਾਂ ਉਮੀਦਵਾਰਾਂ ਦੇ ਵੱਡੀ ਗਿਣਤੀ ਵਿਚ ਪਹੁੰਚੇ ਸਮਰਥਕਾਂ ਨੇ ਕਾਂਗਰਸ ਪਾਰਟੀ ਅਤੇ ਚੰਨੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਲਸ ਨੇ ਮੌਕੇ ’ਤੇ ਹੀ ਇਕ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ, ਜਦੋਂ ਕਿ 2 ਹੋਰ ਉਥੋਂ ਫ਼ਰਾਰ ਹੋ ਗਏ।

PunjabKesari

ਮਿਲੀ ਜਾਣਕਾਰੀ ਮੁਤਾਬਕ ਉਕਤ ਟਰੈਕ ਸੂਟ ਵਾਲੇ ਟਰੱਕਾਂ ਨੂੰ ਇਕ ਕਾਂਗਰਸੀ ਵਰਕਰ ਐਸਕਾਰਟ ਕਰਦਿਆਂ ਲਿਜਾ ਰਿਹਾ ਸੀ, ਜਿਸ ਨੂੰ ਰਸਤੇ ਵਿਚ ਜਦੋਂ ‘ਆਪ’ ਵਰਕਰਾਂ ਨੇ ਰੋਕਿਆ ਤਾਂ ਉਹ ਕਾਲੇ ਰੰਗ ਦੀ ਸਕਾਰਪੀਓ ਗੱਡੀ ਲੈ ਕੇ ਫ਼ਰਾਰ ਹੋ ਗਿਆ।

ਕਾਂਗਰਸ ਸਰਕਾਰ ਅਤੇ ਪੁਲਸ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਜਗਬੀਰ ਸਿੰਘ ਬਰਾੜ ਅਤੇ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਉਕਤ ਟਰੈਕ ਸੂਟ ਬਿਨਾਂ ਚੋਣ ਕਮਿਸ਼ਨ ਦੀ ਇਜਾਜ਼ਤ ਦੇ ਵੰਡੇ ਜਾ ਰਹੇ ਹਨ। ਕਾਂਗਰਸ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਘਿਨੌਣੀ ਰਾਜਨੀਤੀ ਕਰ ਰਹੀ ਹੈ। ਚੋਣ ਅਧਿਕਾਰੀਆਂ ਟੀਮ ਵਿਚ ਸ਼ਾਮਲ ਨੋਡਲ ਅਫ਼ਸਰ ਆਰ. ਕੇ. ਚੱਢਾ (ਬੀ. ਡੀ. ਪੀ.ਓ.) ਅਤੇ ਰਿਸ਼ੀ ਕੁਮਾਰ ਜੀ. ਐੱਮ. ਪੰਜਾਬ ਰੋਡਵੇਜ਼ ਨੇ ਮੌਕੇ ’ਤੇ ਪੁਲਸ ਨੂੰ ਕਿਹਾ ਕਿ ਫੜੇ ਗਏ ਟਰੈਕ ਸੂਟਾਂ ਵਾਲੇ ਟਰੱਕਾਂ ’ਤੇ ਬਣਦੀ ਕਾਨੂੰਨ ਕਾਰਵਾਈ ਕੀਤੀ ਜਾਵੇ। ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਟਰੱਕ ਡਰਾਈਵਰ ਸੁਖਦੀਪ ਸਿੰਘ ਪੁੱਤਰ ਵਰਿੰਦਰ ਸਿੰਘ ਨਿਵਾਸੀ ਮਾਡਲ ਹਾਊਸ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਸਦੇ ਨਾਲ ਹੀ ਟਰੱਕ ਡਰਾਈਵਰ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਟਰੈਕ ਸੂਟਾਂ ਦੇ ਬਿੱਲ ਪੇਸ਼ ਕਰਵਾਵੇ ਤਾਂ ਕਿ ਸਾਰੀ ਸਥਿਤੀ ਸਾਫ਼ ਹੋ ਸਕੇ।

ਇਹ ਵੀ ਪੜ੍ਹੋ: ਅਗਵਾ ਦੇ ਮਾਮਲੇ ਦਾ ਪਰਦਾਫ਼ਾਸ਼, ਖ਼ੁਦ ਘਰੇ ਮੁੜੇ ਨਾਬਾਲਗ ਨੇ ਦੱਸੀ ਸੱਚਾਈ ਤਾਂ ਜਾਣ ਮਾਪੇ ਵੀ ਹੋਏ ਹੈਰਾਨ

ਕੀ ਬੋਲੇ ਕਾਂਗਰਸ ਪ੍ਰਧਾਨ ਬਲਰਾਜ ਠਾਕੁਰ
ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਲਰਾਜ ਠਾਕੁਰ ਨੇ ਕਿਹਾ ਕਿ ਉਕਤ ਸਾਮਾਨ ਜਿਹੜਾ ਲਿਆਂਦਾ ਗਿਆ ਸੀ, ਉਹ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਚੋਣਾਂ ਵਿਚ ਵਰਤੋਂ ਕਰਨ ਲਈ ਭੇਜਿਆ ਗਿਆ ਸੀ। ਇਸ ਸਾਮਾਨ ਵਿਚ ਟਰੈਕ ਸੂਟ, ਸਵੈਟਰ ਤੇ ਸ਼ਰਟਾਂ ਸਨ। ਇਸ ਸਾਮਾਨ ਦਾ ਬਕਾਇਦਾ ਪੱਕਾ ਬਿੱਲ ਵੀ ਸੀ, ਜਿਹੜਾ ਪੁਲਸ ਕੋਲ ਦੇਰ ਸ਼ਾਮ ਪੇਸ਼ ਕਰਵਾ ਦਿੱਤਾ ਗਿਆ ਹੈ। ਬਾਕੀ ਚੋਣ ਕਮਿਸ਼ਨ ਤੋਂ ਇਜਾਜ਼ਤ ਲੈਣ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ: OP ਸੋਨੀ ਬੋਲੇ, ਚੰਨੀ ਸਰਕਾਰ ਨੇ 111 ਦਿਨਾਂ ’ਚ ਸਾਰੇ ਵਰਗਾਂ ਨੂੰ ਦਿੱਤੀ ਰਾਹਤ, ਹਿੰਦੂ ਕਾਂਗਰਸ ਦਾ ਰਵਾਇਤੀ ਵੋਟ ਬੈਂਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News