ਇੰਜ. ਡੀ. ਪੀ. ਐੱਸ. ਗਰੇਵਾਲ ਵੱਲੋਂ ਟਾਵਰ ਡਿੱਗਣ ਦੇ ਮਾਮਲੇ ਵਿਚ ਐੱਫ.ਆਈ.ਆਰ ਦਰਜ ਕਰਵਾਉਣ ਦੇ ਹੁਕਮ

05/20/2022 5:23:18 PM

ਬਠਿੰਡਾ : ਰਾਮਪੁਰਾ ਫੂਲ ਵਿਖੇ 66 ਕੇ.ਵੀ ਲਾਈਨ ਦੇ ਦੋ ਵੱਡੇ ਟਾਵਰ ਡਿੱਗਣ ਦੇ ਮਾਮਲੇ ਵਿਚ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜ. ਡੀ. ਪੀ. ਐੱਸ. ਗਰੇਵਾਲ ਵੱਲੋਂ ਮੌਕਾ ਸਥਾਨ ਦਾ ਦੌਰਾ ਕੀਤਾ ਗਿਆ। ਜਿਨ੍ਹਾਂ ਨੇ ਇਸ ਮੌਕੇ ’ਤੇ ਹਾਲਾਤ ਦਾ ਜਾਇਜ਼ਾ ਲਿਆ। ਉਥੇ ਹੀ, ਮਾਮਲੇ ਦੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਨ ਤੋਂ ਇਲਾਵਾ ਇਸ ਸੰਬੰਧ ਵਿਚ ਪੁਲਸ ਕੋਲ ਐੱਫ.ਆਈ.ਆਰ ਦਰਜ ਕਰਵਾਉਣ ਦਾ ਨਿਰਦੇਸ਼ ਵੀ ਦਿੱਤੇ ਹਨ। ਇਸ ਤੋਂ ਇਲਾਵਾ, ਲਾਈਨਾਂ ਰਾਹੀਂ ਜਲਦੀ ਤੋਂ ਜਲਦੀ ਸਪਲਾਈ ਸ਼ੁਰੂ ਕਰਨ ਲਈ ਰਿਪੇਅਰ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਇੰਜ. ਡੀ.ਪੀ.ਐੱਸ ਗਰੇਵਾਲ ਨੇ ਦੱਸਿਆ ਕਿ ਰਾਮਪੁਰਾ ਫੂਲ ’ਚ 66 ਕੇ. ਵੀ. ਲਾਈਨ ਦੇ ਟਾਵਰਾਂ ਦੇ ਪੈਨਲ ਵਿਚ ਲੱਗੇ ਨੱਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ ਪਹਿਲੀ ਫਲੋਰ ਦੇ ਨੱਟ ਵੈਲਡਿੰਗ ਹੋਣ ਕਾਰਨ, ਦੂਜੀ ਫਲੋਰ ਵਿਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਨੱਟ ਖੋਲ੍ਹੇ ਗਏ। ਇਸ ਤੋਂ ਇਲਾਵਾ, ਤੀਸਰੇ ਟਾਵਰ ਦਾ ਬੇਸ ਥੋੜ੍ਹਾ ਹਿੱਲਿਆ ਹੈ। ਹਾਲਾਤ ਨੂੰ ਦੇਖ ਕੇ ਲੱਗਦਾ ਹੈ ਕਿ ਵਾਰਦਾਤ ਨੂੰ ਇਕ ਦਿਨ ਵਿਚ ਹੀ ਅੰਜਾਮ ਨਹੀਂ ਦਿੱਤਾ ਗਿਆ, ਬਲਕਿ ਕਈ ਦਿਨਾਂ ਤੋਂ ਇਸਦੀ ਤਿਆਰੀ ਚੱਲ ਰਹੀ ਸੀ।

ਉਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਐੱਸ.ਈ ਪੀ.ਐਂਡ.ਐੱਮ ਤੇ ਚੀਫ ਪੀ.ਐਂਡ.ਐੱਮ ਨੂੰ ਤੁਰੰਤ ਪੁਲਸ ਕੋਲ ਐੱਫ. ਆਈ. ਆਰ. ਦਰਜ ਕਰਵਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਵਿਭਾਗੀ ਪੱਧਰ ’ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿਚ ਐੱਸ.ਈ ਪੀ.ਐਂਡ.ਐੱਮ ਬਠਿੰਡਾ, ਐੱਸ.ਈ ਡਿਸਟ੍ਰੀਬਿਊਸ਼ਨ ਬਠਿੰਡਾ ਅਤੇ ਐੈੱਸ.ਈ ਟਰਾਂਸਮਿਸ਼ਨ ਪਟਿਆਲਾ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਮਾਮਲੇ ਦੀ ਜਾਂਚ ਨੂੰ ਡੂੰਘਾਈ ਤੱਕ ਪਹੁੰਚਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਇਨ੍ਹਾਂ ਲਾਈਨਾਂ ਰਾਹੀਂ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣ ਲਈ ਰਿਪੇਅਰ ਦਾ ਸਾਮਾਨ ਮੌਕੇ ਤੇ ਪਹੁੰਚਾ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਕੱਲ੍ਹ ਸ਼ਾਮ ਤੱਕ ਇਹ ਲਾਈਨਾਂ ਇਕ ਵਾਰ ਫਿਰ ਤੋਂ ਐਕਟਿਵ ਹੋ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੀਫ ਇੰਜੀਨੀਅਰ ਡਿਸਟ੍ਰਬਿਊਸ਼ਨ ਬਠਿੰਡਾ ਮੱਸਾ ਸਿੰਘ, ਐੱਸ.ਈ ਪੀ ਐਂਡ ਐੱਮ ਬਠਿੰਡਾ ਹਰਦੀਪ ਸਿੱਧੂ ਹੋਰ ਕਈ ਅਫਸਰ ਮੌਜੂਦ ਰਹੇ।


Gurminder Singh

Content Editor

Related News