ਓਲੰਪਿਕ ਖੇਡਾਂ ’ਚ ਹਾਕੀ ਟੀਮ ਦੀ ਕਪਤਾਨੀ ਕਰਨ ਵਾਲਾ ਮਨਪ੍ਰੀਤ ਸਿੰਘ ਬਣੇਗਾ 8ਵਾਂ ਪੰਜਾਬੀ
Wednesday, Jun 23, 2021 - 01:06 PM (IST)
ਜਲੰਧਰ— ਟੋਕੀਓ ਓਲੰਪਿਕ ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਹੋ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਹਾਕੀ ਟੀਮ ਦੀ ਕਮਾਨ ਇਕ ਵਾਰ ਫਿਰ ਪੰਜਾਬੀ ਖਿਡਾਰੀ ਨੂੰ ਦਿੱਤੀ ਗਈ ਹੈ। ਜਲੰਧਰ ਦੇ ਮਿੱਠਾਪੁਰ ’ਚ ਰਹਿਣ ਵਾਲਾ ਮਨਪ੍ਰੀਤ ਸਿਘ ਅਜਿਹਾ 8ਵਾਂ ਪੰਜਾਬੀ ਕਪਤਾਨ ਹੋਵੇਗਾ, ਜਿਹੜਾ ਓਲੰਪਿਕ ’ਚ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕਰੇਗਾ।
ਇਹ ਵੀ ਪੜ੍ਹੋ : ਕੌਮਾਂਤਰੀ ਓਲੰਪਿਕ ਦਿਹਾੜਾ : ਜਾਣੋ ਇਸ ਖ਼ਾਸ ਦਿਨ ਦੇ ਇਤਿਹਾਸ ਤੇ ਮਹੱਤਵ ਬਾਰੇ
ਇਸ ਤੋਂ ਪਹਿਲਾਂ ਪੰਜਾਬ ਦੇ ਬਲਬੀਰ ਸਿੰਘ ਸੀਨੀਅਰ (1956 ਮੈਲਬੋਰਨ), ਚਰਨਜੀਤ ਸਿੰਘ (1964 ਟੋਕੀਓ), ਪਿ੍ਰਥੀਪਾਲ ਸਿੰਘ (1968 ਮੈਕਸਿਕੋ), ਗੁਰਬਖਸ਼ ਸਿੰਘ ਦੇ ਨਾਲ ਸਾਂਝਾ ਕਪਤਾਨ ਹਰਮੀਕ ਸਿੰਘ (1972 ਮਿਊਨਿਖ), ਅਜੀਤਪਾਲ ਸਿੰਘ (1976 ਮਾਂਟਰੀਅਲ), ਪਰਗਟ ਸਿੰਘ (1992, ਬਾਰਸੀਲੋਨਾ) ਤੇ 1996 ਅਟਲਾਂਟਾ), ਰਮਨਦੀਪ ਸਿੰਘ ਗਰੇਵਾਲ (2000 ਸਿਡਨੀ) ’ਚ ਕਪਤਾਨ ਰਹੇ ਹਨ। ਤਜਰਬੇਕਾਰ ਡਿਫ਼ੈਂਡਰ ਬਰਿੰਦਰ ਲਾਕੜਾ ਤੇ ਹਰਮਨਪ੍ਰੀਤ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਹਰਮਨਪ੍ਰੀਤ ਨੇ 2019 ’ਚ ਮਨਪ੍ਰੀਤ ਦੀ ਗ਼ੈਰਮੌਜੂਦਗੀ ’ਚ ਟੋਕੀਓ ’ਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਭਾਰਤੀ ਟੀਮ ਓਲੰਪਿਕ ਤੋਂ ਪਹਿਲਾਂ ਦੇ ਮੈਚ ’ਚ 24 ਜੁਲਾਈ ਨੂੰ ਨਿਊਜ਼ੀਲੈਂਡ ਨਾਲ ਖੇਡੇਗੀ।
ਇਹ ਵੀ ਪੜ੍ਹੋ : IND vs NZ WTC final: ਨਿਊਜ਼ੀਲੈਂਡ ਦੇ ਖਿਡਾਰੀਆਂ ਨੂੰ ਅਪਸ਼ਬਦ ਕਹਿਣ ਵਾਲੇ ਦਰਸ਼ਕਾਂ ਨੂੰ ਬਾਹਰ ਕੱਢਿਆ
ਓਲੰਪਿਕ ’ਤੇ ਟੀਮ ਦੀ ਕਪਤਾਨੀ ਮਿਲਣ ’ਤੇ ਮਨਪ੍ਰੀਤ ਨੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਓਲੰਪਿਕ ’ਚ ਤੀਜੀ ਵਾਰ ਭਾਰਤ ਲਈ ਖੇਡਣ ਦਾ ਮੌਕਾ ਮਿਲ ਰਿਹਾ ਹੈ ਤੇ ਇਸ ਵਾਰ ਕਪਤਾਨ ਦੇ ਤੌਰ ’ਤੇ। ਮੇਰੇ ਲਈ ਇਹ ਮਾਣ ਦੀ ਗੱਲ ਹੈ। ਪਿਛਲੇ ਕੁਝ ਸਾਲਾਂ ’ਚ ਅਸੀਂ ਮਜ਼ਬੂਤ ਅਗਵਾਈ ਤਿਆਰ ਕੀਤੀ ਹੈ ਤੇ ਮਹਾਮਾਰੀ ਦੀਆਂ ਚੁਣੌਤੀਆਂ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਹੈ। ਅਸੀਂ ਫ਼ਾਰਮ ਤੇ ਫ਼ਿੱਟਨੈਸ ਕਾਇਮ ਰੱਖਦੇ ਹੋਏ ਓਲੰਪਿਕ ਨੂੰ ਧਿਆਨ ’ਚ ਰੱਖ ਕੇ ਤਿਆਰੀ ਕੀਤੀ ਹੈ।
ਮਨਪ੍ਰੀਤ ਦੀਆਂ ਉਪਲੱਬਧੀਆਂ
ਭਾਰਤ ਨੇ ਏਸ਼ੀਆ ਕੱਪ 2017, ਏਸ਼ੀਆਈ ਚੈਂਪੀਅਨਸ ਟਰਾਫ਼ੀ 2018 ਤੇ ਐੱਫ. ਆਈ. ਐੱਚ. ਸੀਰੀਜ਼ ਫ਼ਾਈਨਲ 2019 ਜਿੱਤੇ ਹਨ। ਭਾਰਤੀ ਟੀਮ ਭੁਵਨੇਸ਼ਵਰ ’ਚ 2018 ਵਰਲਡ ਕੱਪ ਦੇ ਕੁਆਰਟਰ ਫ਼ਾਈਨਲ ’ਚ ਵੀ ਪਹੁੰਚੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।