ਚੰਡੀਗੜ੍ਹ 'ਚ ਮੁੜ ਇਕੱਠੇ ਹੋਏ ਕਿਸਾਨ, ਸੁੱਚਾ ਸਿੰਘ ਲੰਗਾਹ ਤਨਖਾਹੀਆ ਕਰਾਰ, ਪੜ੍ਹੋ Top 10
Saturday, Nov 26, 2022 - 08:47 PM (IST)
ਜਲੰਧਰ (ਬਿਊਰੋ) : ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ 34 ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤਾਂ ਉੱਧਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਤਨਖਾਹੀਆ ਕਰਾਰ ਦਿੰਦਿਆਂ ਧਾਰਮਿਕ ਸਜ਼ਾ ਦਾ ਐਲਾਨ ਕੀਤਾ। ਪੜ੍ਹੋ TOP 10 ਖ਼ਬਰਾਂ...
ਚੰਡੀਗੜ੍ਹ 'ਚ ਦਾਖ਼ਲ ਹੋਇਆ ਹਜ਼ਾਰਾਂ ਕਿਸਾਨਾਂ ਦਾ ਹਜੂਮ, ਪੰਜਾਬ ਪੁਲਸ ਨੇ ਵੀ ਨਹੀਂ ਰੋਕਿਆ (ਤਸਵੀਰਾਂ)
ਸੰਯੁਕਤ ਕਿਸਾਨ ਮੋਰਚਾ ਦੀਆਂ 34 ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਮੋਹਾਲੀ ਵਿਖੇ ਕੀਤੀ ਗਈ ਰੈਲੀ ਤੋਂ ਬਾਅਦ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ। ਕਿਸਾਨ ਆਗੂ ਆਪਣਾ ਮੰਗ ਪੱਤਰ ਰਾਜਪਾਲ ਨੂੰ ਦੇਣ ਲਈ ਮੋਹਾਲੀ ਤੋਂ ਚੰਡੀਗੜ੍ਹ ਵੱਲ ਰਵਾਨਾ ਹੋਏ ਤਾਂ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਚੰਡੀਗੜ੍ਹ 'ਚ ਦਾਖ਼ਲ ਹੋਣ ਤੋਂ ਬਿਲਕੁਲ ਵੀ ਨਹੀਂ ਰੋਕਿਆ। ਇਸ ਦੇ ਕਿਸਾਨ ਪੂਰੀ ਤਰ੍ਹਾਂ ਜੋਸ਼ 'ਚ ਆ ਗਏ ਅਤੇ ਯਾਦਵਿੰਦਰਾ ਪਬਲਿਕ ਸਕੂਲ ਚੌਂਕ ਰਾਹੀਂ ਹੁੰਦੇ ਹੋਏ ਚੰਡੀਗੜ੍ਹ 'ਚ ਦਾਖ਼ਲ ਹੋ ਗਏ।
ਵੱਡੀ ਖ਼ਬਰ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੁੱਚਾ ਸਿੰਘ ਲੰਗਾਹ ਤਨਖਾਹੀਆ ਕਰਾਰ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਥ ’ਚੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਤਨਖਾਹੀਆ ਕਰਾਰ ਦਿੰਦੇ ਹੋਏ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਹੈ। ਇਸ ਧਾਰਮਿਕ ਸਜ਼ਾ ਦੌਰਾਨ ਸੁੱਚਾ ਸਿੰਘ ਲੰਗਾਹ ਲਗਾਤਾਰ 21 ਦਿਨ ਸ੍ਰੀ ਹਰਿਮੰਦਰ ਸਾਹਿਬ ਵਿਚ ਬਰਤਨ ਸਾਫ਼ ਕਰਨ ਦੀ ਸੇਵਾ ਨਿਭਾਉਣਗੇ। ਇਸ ਤੋਂ ਇਲਾਵਾ ਉਹ ਲਗਾਤਾਰ 21 ਦਿਨ ਤਕ ਪਰਿਕਰਮਾ ਵਿਚ ਬੈਠ ਕੇ ਪਾਠ ਕਰਨਗੇ ਅਤੇ 21 ਦਿਨ ਪਰਿਕਰਮਾ ਵਿਚ ਬੈਠ ਕੇ ਹੀ ਕੀਰਤਨ ਸਰਵਣ ਕਰਨਗੇ।
ਅੰਮ੍ਰਿਤਸਰ : ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਸਾਬਕਾ ਉਪ ਮੁੱਖ ਮੰਤਰੀ OP ਸੋਨੀ, ਆਖੀ ਇਹ ਗੱਲ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਅੱਜ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਰੱਖਣ ਸਬੰਧੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਓਮ ਪ੍ਰਕਾਸ਼ ਸੋਨੀ ਅੱਜ ਪੇਸ਼ ਨਹੀਂ ਹੋਏ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅੱਜ ਉਹ ਕਿਤੇ ਬਾਹਰ ਹਨ, ਜਿਸ ਕਾਰਨ ਉਹ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋ ਸਕਦੇ ਅਤੇ ਉਨ੍ਹਾਂ ਨੂੰ ਕੁੱਝ ਦਿਨਾਂ ਦਾ ਸਮਾਂ ਦਿੱਤਾ ਜਾਵੇ। ਓਮ ਪ੍ਰਕਾਸ਼ ਸੋਨੀ ਨੇ ਵਿਜੀਲੈਂਸ ਬਿਊਰੋ ਐੱਸ. ਐੱਸ. ਪੀ. ਨੂੰ 28 ਤਾਰੀਖ਼ ਨੂੰ ਪੇਸ਼ ਹੋਣ ਦੀ ਅਪੀਲ ਕੀਤੀ।
ਫੋਨ ’ਤੇ ਕੈਨੇਡਾ ਵਾਲਾ ਰਿਸ਼ਤੇਦਾਰ ਬਣ ਕੇ ਉਡਾਏ ਸਾਢੇ ਚਾਰ ਲੱਖ ਰੁਪਏ, ਹੈਰਾਨ ਕਰਨ ਵਾਲਾ ਹੈ ਮਾਮਲਾ
ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਝਬੇਲਵਾਲੀ ਦੇ ਇਕ ਵਿਅਕਤੀ ਨਾਲ ਫੋਨ ’ਤੇ ਗੱਲਬਾਤ ਕਰਕੇ ਅਤੇ ਖੁਦ ਨੂੰ ਰਿਸ਼ਤੇਦਾਰ ਦੱਸ ਕੇ ਸਾਢੇ ਚਾਰ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਕੁਲਦੀਪ ਸਿੰਘ ਅਤੇ ਉਸਦੇ ਚਚੇਰੇ ਭਰਾ ਅਮਨਦੀਪ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦਾ ਮੁੰਡਾ ਕੈਨੇਡਾ ਗਿਆ ਹੈ ਅਤੇ ਕੁਝ ਸਮਾਂ ਆਪਣੇ ਰਿਸ਼ਤੇਦਾਰਾਂ ਕੋਲੇ ਰਹਿੰਦਾ ਰਿਹਾ ਹੈ ਤੇ ਬੀਤੇ ਕਲ ਉਸਦੇ ਮੋਬਾਇਲ ’ਤੇ ਫੋਨ ਆਇਆ।
ਪੱਛਮੀ ਬੰਗਾਲ ਦੀ ਕੁੜੀ ਨੇ ਕਲਾਨੌਰ ਦੇ ਹਸਪਤਾਲ 'ਚ ਤੋੜਿਆ ਦਮ, ਡਾਕਟਰਾਂ 'ਤੇ ਲੱਗੇ ਗੰਭੀਰ ਦੋਸ਼
ਪੱਛਮੀ ਬੰਗਾਲ ਦੀ ਇਕ ਕੁੜੀ ਦੀ ਕਲਾਨੌਰ ਦੇ ਇਕ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰਾਂ ਨੂੰ ਇਸ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲੜਕੀ ਨੂੰ ਲਗਾਏ ਇੰਜੈਕਸ਼ਨ ਕਾਰਨ ਲੜਕੀ ਦੀ ਹਾਲਤ ਵਿਗੜੀ ਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਡਾਕਟਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਘਰਾਂ ਦੇ ਘਰ ਉਜਾੜ ਰਿਹਾ ਚਿੱਟਾ, ਬਠਿੰਡਾ ਜ਼ਿਲ੍ਹੇ ’ਚ ਮਾਪਿਆਂ ਦੇ ਇਕਲੌਤੇ ਪੁੱਤ ਸਣੇ ਦੋ ਨੌਜਵਾਨਾਂ ਦੀ ਮੌਤ
ਚਿੱਟਾ ਲਗਾਤਾਰ ਨੌਜਵਾਨਾਂ ਦੀਆਂ ਜਾਨਾਂ ਲੈ ਰਿਹਾ ਹੈ। ਸ਼ੁੱਕਰਵਾਰ ਨੂੰ ਚਿੱਟੇ ਦੀ ਓਵਰਡੋਜ਼ ਕਾਰਨ 2 ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਹੋਰ ਨੌਜਵਾਨ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਹੈ। ਮ੍ਰਿਤਕ ਨੌਜਵਾਨ ਪਵਨ ਕੁਮਾਰ ਪੁੱਤਰ ਸ਼ਿਵ ਕੁਮਾਰ ਦੇ ਭਰਾ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਫੁੱਲਾਂ ਦੇ ਵਪਾਰੀ ਕੋਲ ਕੰਮ ਕਰਦਾ ਸੀ ਅਤੇ ਨਸ਼ੇ ਦਾ ਆਦੀ ਸੀ।
ਰੂਹ ਕੰਬਾਊ ਵਾਰਦਾਤ : ਪਤਨੀ ਨੇ ਪਤੀ ਨਾਲ ਜੋ ਕਾਰਾ ਕੀਤਾ, ਪੂਰੇ ਪਿੰਡ ਦੇ ਪੈਰਾਂ ਹੇਠੋਂ ਖ਼ਿਸਕ ਗਈ ਜ਼ਮੀਨ (ਵੀਡੀਓ)
ਸੁਨਾਮ ਦੇ ਪਿੰਡ ਬਖ਼ਸ਼ੀਵਾਲਾ 'ਚ ਇਕ ਔਰਤ ਵੱਲੋਂ ਆਪਣੇ ਪਤੀ ਨੂੰ ਮਾਰ ਕੇ ਲਾਸ਼ ਨੂੰ ਘਰ ਦੇ ਕੱਚੇ ਫਲੱਸ਼ ਟੈਂਕ 'ਚ ਦੱਬੇ ਜਾਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਇਕ ਮਹੀਨਾਂ ਪਹਿਲਾਂ ਲਿਖਵਾਈ ਗਈ ਸੀ। ਜਦੋਂ ਪੁਲਸ ਨੇ ਕੱਚੇ ਫਲੱਸ਼ ਟੈਂਕ ਨੂੰ ਖੋਦ ਕੇ ਮ੍ਰਿਤਕ ਦੀ ਲਾਸ਼ ਨੂੰ ਕੱਢਿਆ ਤਾਂ ਸਾਰੇ ਪਿੰਡ 'ਚ ਹਾਹਾਕਾਰ ਮਚ ਗਈ।
ਅਵਾਰਾ ਕੁੱਤਿਆਂ ਦਾ ਆਤੰਕ, 3 ਸਾਲ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰਿਆ
ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ’ਚ ਆਵਾਰਾ ਕੁੱਤਿਆਂ ਨੇ ਆਤੰਕ ਮਚਾ ਰੱਖਿਆ ਹੈ। ਹੁਣ ਇਹ ਆਵਾਰਾ ਕੁੱਤੇ ਖੂੰਖਾਰ ਅਤੇ ਜਾਨਲੇਵਾ ਬਣ ਚੁੱਕੇ ਹਨ। ਬੀਤੇ ਦਿਨੀਂ ਹਮੀਰਪੁਰ ਸ਼ਹਿਰ ਦੇ ਵਾਰਡ ਨੰਬਰ-8 ’ਚ ਅਵਾਰਾ ਕੁੱਤਿਆਂ ਨੇ 3 ਸਾਲ ਦੀ ਮਾਸੂਮ ਬੱਚੀ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਝੁੱਗੀ-ਝੌਂਪੜੀ ਵਿਚ ਰਹਿਣ ਵਾਲੇ ਨਗਰ ਪਰੀਸ਼ਦ ਦੇ ਸਫ਼ਾਈ ਕਰਮੀ ਲੱਖਣ ਦੀ 3 ਸਾਲਾ ਧੀ ਕਿਰਨ ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਆਪਣੀ ਝੌਂਪੜੀ ਨਾਲ ਪਖ਼ਾਨੇ ਲਈ ਗਈ ਸੀ।
ਰਾਜਸਥਾਨ : ਰਸਤੇ 'ਚ ਐਂਬੂਲੈਂਸ ਦਾ ਪੈਟਰੋਲ ਹੋਇਆ ਖ਼ਤਮ, ਮਰੀਜ਼ ਦੀ ਗਈ ਜਾਨ
ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਐਂਬੂਲੈਂਸ 'ਚ ਪੈਟਰੋਲ ਖ਼ਤਮ ਹੋਣ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਦੋਸ਼ ਹੈ ਕਿ ਐਂਬੂਲੈਂਸ ਦਾ ਪੈਟਰੋਲ ਖ਼ਤਮ ਹੋਣ ਤੋਂ ਬਾਅਦ ਮਰੀਜ਼ ਨੂੰ ਹਸਪਤਾਲ ਲਿਜਾਉਣ 'ਚ ਦੇਰੀ ਹੋਈ। ਬਾਂਸਵਾੜਾ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀ.ਐੱਣ.ਐੱਚ.ਓ.) ਡਾ. ਬੀਪੀ ਵਰਮਾ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
3000 ਮੀਲ ਦਾ ਸਫ਼ਰ ਤੈਅ ਕਰ ਪ੍ਰੇਮੀ ਨੂੰ ਮਿਲਣ ਗਈ ਪ੍ਰੇਮਿਕਾ, ਫਿਰ ਮਿਲੀ ਸਿਰ ਕੱਟੀ ਲਾਸ਼
ਮੈਕਸੀਕੋ ਦੀ ਇਕ ਔਰਤ ਨੂੰ ਆਨਲਾਈਨ ਡੇਟਿੰਗ ਐਪ 'ਤੇ ਡੇਟ ਕਰਨਾ ਇੰਨਾ ਮਹਿੰਗਾ ਪਿਆ ਕਿ ਉਸ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। 51 ਸਾਲਾ ਬਲਾਂਕਾ ਅਰੇਲਾਨੋ ਆਪਣੇ ਪ੍ਰੇਮੀ ਨੂੰ ਮਿਲਣ ਲਈ 3000 ਮੀਲ ਦਾ ਸਫ਼ਰ ਤੈਅ ਕਰਕੇ ਪੇਰੂ ਗਈ ਸੀ। ਬਲਾਂਕਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸਾਲ ਜੁਲਾਈ ਵਿਚ ਦੱਸਿਆ ਸੀ ਕਿ ਉਹ ਲੀਮਾ ਜਾਣਾ ਚਾਹੁੰਦੀ ਹੈ, ਜਿੱਥੇ ਉਹ ਆਪਣੇ ਪ੍ਰੇਮੀ ਟੀ ਜੁਆਨ ਪਾਬਲੋ ਜੀਸਸ ਵਿਲਾਫਉਰਟੇ ਨਾਲ ਮੁਲਾਕਾਤ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।