ਲੰਗਰ ਤੇ ਪ੍ਰਸ਼ਾਦ ਨੂੰ ਜੀ. ਐੱਸ. ਟੀ. ਤੋਂ ਮੁਕਤ ਕਰਨ ਲਈ ਕੈਪਟਨ ਅੱਜ ਜੇਤਲੀ ਨੂੰ ਮਿਲਣਗੇ

07/20/2017 6:08:11 AM

ਜਲੰਧਰ  (ਧਵਨ)  - ਧਾਰਮਿਕ ਸਥਾਨਾਂ 'ਚ ਬਣਨ ਵਾਲੇ ਲੰਗਰ ਦੀ ਰਸਦ ਤੇ ਪ੍ਰਸ਼ਾਦ ਨੂੰ ਜੀ. ਐੱਸ. ਟੀ. ਤੋਂ ਮੁਕਤ ਰੱਖਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ ਦਿੱਲੀ ਵਿਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਸ ਬੈਠਕ ਵਿਚ ਮੁੱਖ ਮੰਤਰੀ 31000 ਕਰੋੜ ਰੁਪਏ ਦੇ ਸੀ. ਸੀ. ਐੱਲ. ਨਾਲ ਜੁੜੇ ਕਰਜ਼ੇ ਦਾ ਨਿਪਟਾਰਾ ਕਰਨ ਦਾ ਮਾਮਲਾ ਵੀ ਕੇਂਦਰੀ ਵਿੱਤ ਮੰਤਰੀ ਸਾਹਮਣੇ ਉਠਾਉਣਗੇ ਤਾਂ ਜੋ ਕਰਜ਼ੇ ਵਿਚ ਫਸੇ ਪੰਜਾਬ ਨੂੰ ਰਾਹਤ ਦਿਵਾਈ ਜਾ ਸਕੇ। ਮੁੱਖ ਮੰਤਰੀ ਨੇ ਪਹਿਲਾਂ ਹੀ ਇਨ੍ਹਾਂ ਮੁੱਦਿਆਂ ਨੂੰ ਕੇਂਦਰੀ ਸਰਕਾਰ ਸਾਹਮਣੇ ਉਠਾਇਆ ਹੋਇਆ ਹੈ ਪਰ ਹੁਣ ਉਹ ਨਿੱਜੀ ਤੌਰ 'ਤੇ ਵਿੱਤ ਮੰਤਰੀ ਨਾਲ ਆਹਮੋ-ਸਾਹਮਣੇ ਗੱਲਬਾਤ ਕਰਨਗੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਨੇ ਕੇਂਦਰ ਨੂੰ ਇਨ੍ਹਾਂ ਸੰਵੇਦਨਸ਼ੀਲ ਮਾਮਲਿਆਂ ਦਾ ਹੱਲ ਕੱਢਣ ਲਈ ਕਿਹਾ ਹੈ।
ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਲੰਗਰ ਤੇ ਪ੍ਰਸ਼ਾਦ ਤੋਂ ਜੀ. ਐੱਸ. ਟੀ. ਹਟਾਉਣ ਲਈ ਕਿਹਾ ਸੀ। ਉਨ੍ਹਾਂ ਵਿੱਤ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਸੀ ਕਿ ਗੁਰਦੁਆਰਿਆਂ ਵਿਚ ਬਣਨ ਵਾਲੇ ਲੰਗਰ ਦੀ ਰਸਦ ਨੂੰ ਜੀ. ਐੱਸ. ਟੀ. ਦੇ ਦਾਇਰੇ ਵਿਚ ਨਾ ਰੱਖਿਆ ਜਾਵੇ, ਨਾ ਸਿਰਫ ਗੁਰਦੁਆਰਿਆਂ, ਮੰਦਿਰਾਂ, ਮਸਜਿਦਾਂ ਤੇ ਚਰਚਾਂ ਵਿਚ ਵੀ ਲੰਗਰ ਸਮੱਗਰੀ ਦੀ ਵਰਤੋਂ ਹੁੰਦੀ ਹੈ। ਕੱਲ ਦੀ ਬੈਠਕ ਵਿਚ ਮੁੱਖ ਮੰਤਰੀ ਜੇਤਲੀ ਨੂੰ ਕਹਿਣਗੇ ਕਿ ਉਹ ਪੰਜਾਬ ਵਿਚ ਧਾਰਮਿਕ ਸੰਸਥਾਵਾਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਲੰਗਰ ਤੇ ਪ੍ਰਸ਼ਾਦ ਸਮੱਗਰੀ ਨੂੰ ਜੀ. ਐੱਸ. ਟੀ. ਦੇ ਘੇਰੇ ਤੋਂ ਬਾਹਰ ਰੱਖਣ। ਇਸੇ ਤਰ੍ਹਾਂ ਕੈਪਟਨ ਨੇ ਪਹਿਲਾਂ ਹੀ ਸੀ. ਸੀ. ਐੱਲ. ਨਾਲ ਸੰਬੰਧਤ ਕਰਜ਼ਾ ਮੁਆਫੀ ਦੀ ਮੰਗ ਪ੍ਰਧਾਨ ਮੰਤਰੀ ਮੋਦੀ ਕੋਲ ਕੀਤੀ ਸੀ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਜੇਕਰ 31000 ਕਰੋੜ ਦਾ ਸੀ. ਸੀ. ਐੱਲ. ਨਾਲ ਸੰਬੰਧਤ ਕਰਜ਼ਾ ਮੁਆਫ ਨਹੀਂ ਹੁੰਦਾ ਤਾਂ ਉਸ ਸਥਿਤੀ ਵਿਚ ਅਗਲੇ 20 ਸਾਲਾਂ ਤੱਕ ਪੰਜਾਬ ਨੂੰ 3240 ਕਰੋੜ ਰੁਪਏ ਦਾ ਵਾਧੂ ਬੋਝ ਝੱਲਣਾ ਪਵੇਗਾ।
ਸ਼ਹੀਦ ਦੇ ਪਰਿਵਾਰ ਨੂੰ ਕੈਪਟਨ ਨੇ ਦਿੱਤੀ ਮਾਲੀ ਸਹਾਇਤਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਫੌਜ ਦੇ ਸ਼ਹੀਦ ਜਸਪ੍ਰੀਤ ਸਿੰਘ ਦੇ ਪਰਿਵਾਰ ਵਾਲਿਆਂ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਭਰਾ ਨੂੰ ਪੁਲਸ ਵਿਚ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਜਸਪ੍ਰੀਤ ਸਿੰਘ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿਚ ਸ਼ਹੀਦ ਹੋਏ ਸਨ। ਪਾਕਿਸਤਾਨ ਵਲੋਂ ਕੀਤੀ ਗਈ ਫਾਇਰਿੰਗ ਵਿਚ 8 ਸਿੱਖ ਰੈਜੀਮੈਂਟ ਨਾਲ ਜੁੜੇ 24 ਸਾਲਾ ਸਿਪਾਹੀ ਜਸਪ੍ਰੀਤ ਉਸ ਸਮੇਂ ਰਾਸ਼ਟਰੀ ਰਾਈਫਲ ਨਾਲ ਸੰਬੰਧਤ ਸਨ। ਮੁੱਖ ਮੰਤਰੀ ਨੇ ਜੰਗ ਵਿਚ ਸ਼ਹੀਦ ਹੋਣ 'ਤੇ ਪਰਿਵਾਰ ਵਾਲਿਆਂ ਨੂੰ 5 ਲੱਖ ਤੇ 5 ਲੱਖ ਹੋਰ ਮੁਆਵਜ਼ਾ ਦਿੱਤਾ ਹੈ। ਉਹ ਆਪਣੇ ਪਿੱਛੇ 2 ਭਰਾ ਤੇ 2 ਭੈਣਾਂ ਛੱਡ ਗਏ ਹਨ। ਸਰਕਾਰ ਨੇ ਪਰਿਵਾਰ ਨੂੰ ਸ਼ਹੀਦ ਦੇ ਅੰਤਿਮ ਸੰਸਕਾਰ ਲਈ 25 ਹਜ਼ਾਰ ਰੁਪਏ ਦੀ ਰਾਸ਼ੀ ਵੱਖਰੇ ਤੌਰ 'ਤੇ ਦਿੱਤੀ ਹੈ।


Related News