ਸ਼ਰਾਬ ਦਾ ਠੇਕਾ ਚੁਕਵਾਉਣ ਲਈ ਪਿੰਡ ਵਾਸੀਆਂ ਨੇ ਲਾਇਆ ਧਰਨਾ

Wednesday, Apr 11, 2018 - 11:10 PM (IST)

ਸ਼ਰਾਬ ਦਾ ਠੇਕਾ ਚੁਕਵਾਉਣ ਲਈ ਪਿੰਡ ਵਾਸੀਆਂ ਨੇ ਲਾਇਆ ਧਰਨਾ

ਸਮਾਲਸਰ,  (ਸੁਰਿੰਦਰ)-  ਪਿੰਡ ਠੱਠੀ ਭਾਈ ਵਿਖੇ ਸ਼ਰਾਬ ਦਾ ਠੇਕਾ ਜੋ ਪਹਿਲਾਂ ਵੀ ਆਬਾਦੀ ਵਾਲੇ ਖੇਤਰ 'ਚ ਦਾਣਾ ਮੰਡੀ ਦੇ ਨਜ਼ਦੀਕ ਹੋਣ ਕਾਰਨ ਆਸ-ਪਾਸ ਦੇ ਲੋਕ ਬੇਹੱਦ ਪ੍ਰੇਸ਼ਾਨ ਸਨ ਅਤੇ ਬੀਤੇ ਦਿਨੀਂ ਇਹ ਠੇਕਾ ਠੱਠੀ ਭਾਈ ਦੇ ਮੇਨ ਬੱਸ ਸਟੈਂਡ 'ਚ ਖੋਲ੍ਹ ਦਿੱਤਾ ਗਿਆ ਸੀ, ਜਿਸ ਦਾ ਵਿਰੋਧ ਕਰਦਿਆਂ ਲੋਕਾਂ ਨੇ ਇਸ ਠੇਕੇ ਨੂੰ ਪਿੰਡ 'ਚੋਂ ਬਾਹਰ ਕੱਢਣ ਲਈ ਧਰਨਾ ਦੇਣ 'ਤੇ ਇਸ ਨੂੰ ਤਾਲਾ ਲਾ ਦਿੱਤਾ ਸੀ। 
ਅੱਜ ਦੁਪਹਿਰ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਰੇਸ਼ਮ ਸਿੰਘ ਨਾਲ ਪੁੱਜੀ ਪੁਲਸ ਪਾਰਟੀ ਨੇ ਇਹ ਠੇਕਾ ਮੁੜ ਖੁੱਲ੍ਹਵਾ ਦਿੱਤਾ, ਜਿਸ ਦੀ ਜਾਣਕਾਰੀ ਮਿਲਣ 'ਤੇ ਪਿੰਡ ਵਾਸੀਆਂ ਨੇ ਮੁੜ ਇਸ ਦਾ ਵਿਰੋਧ ਕਰਦਿਆਂ ਠੇਕੇ ਅੱਗੇ ਧਰਨਾ ਦੇ ਕੇ ਇਕ ਪਾਸੇ ਦੀ ਆਵਾਜਾਈ ਰੋਕ ਦਿੱਤੀ, ਜਿਸ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਮਾਲਸਰ ਦੇ ਮੁਖੀ ਲਵਦੀਪ ਸਿੰਘ ਗਿੱਲ ਪੁਲਸ ਪਾਰਟੀ ਸਮੇਤ ਉਥੇ ਪੁੱਜੇ। 
ਥਾਣਾ ਮੁਖੀ ਵੱਲੋਂ ਠੇਕਾ ਬੰਦ ਕਰਵਾ ਦੇਣ ਦੇ ਮਿਲੇ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕਿਆ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਸ਼ਰਾਬ ਦਾ ਠੇਕਾ ਪਿੰਡ ਤੋਂ ਬਾਹਰ ਕਢਵਾ ਕੇ ਦਮ ਲੈਣਗੇ। ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਰੇਸ਼ਮ ਸਿੰਘ ਅਤੇ ਸ਼ਰਾਬ ਕਾਰੋਬਾਰੀਆਂ ਸੁਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪਿੰਡ 'ਚੋਂ ਬਾਹਰ ਜਗ੍ਹਾ ਮਿਲਣ ਦੇ ਨਾਲ ਹੀ ਉਹ ਠੇਕਾ ਪਿੰਡ 'ਚੋਂ ਬਾਹਰ ਕੱਢ ਲੈਣਗੇ।


Related News