''ਟਿੱਡੀ ਦਲ'' ਨੂੰ ਭਜਾਉਣ ਲਈ ਪੰਜਾਬ ਨੇ ਖਰਚੇ ਲੱਖਾਂ ਰੁਪਏ, RTI ''ਚ ਹੋਇਆ ਖ਼ੁਲਾਸਾ

Saturday, Sep 26, 2020 - 09:52 AM (IST)

''ਟਿੱਡੀ ਦਲ'' ਨੂੰ ਭਜਾਉਣ ਲਈ ਪੰਜਾਬ ਨੇ ਖਰਚੇ ਲੱਖਾਂ ਰੁਪਏ, RTI ''ਚ ਹੋਇਆ ਖ਼ੁਲਾਸਾ

ਪਾਤੜਾਂ (ਮਾਨ) : ਪੰਜਾਬ ’ਚ ਫ਼ਸਲਾਂ ’ਤੇ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮੇ ਪੰਜਾਬ ਵੱਲੋਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ 7 ਲੱਖ ਰੁਪਏ ਦੇ ਕਰੀਬ ਰਕਮ ਖਰਚ ਕੀਤੀ ਹੈ ਪਰ ਕਿਸੇ ਵੀ ਫ਼ਸਲ ’ਤੇ ਟਿੱਡੀ ਦਲ ਦਾ ਹਮਲਾ ਨਹੀਂ ਹੋਇਆ। ਫਿਰ ਵੀ ਖੇਤੀਬਾੜੀ ਮਹਿਕਮੇ ਵੱਲੋਂ ਟਿੱਡੀ ਦਲ ਨੂੰ ਨੱਥ ਪਾਉਣ ਲਈ ਅਗੇਤੇ ਪ੍ਰਬੰਧ ਕਰਦੇ ਹੋਏ ਸਾਰੇ ਜ਼ਿਲ੍ਹਿਆਂ ਦੇ ਖੇਤੀਬਾੜੀ ਅਫ਼ਸਰਾਂ ਨੂੰ ਮਾਰਕਫੈੱਡ ਤੋਂ ਦਵਾਈ ਖਰੀਦ ਕੇ ਭੇਜੀ ਗਈ ਸੀ।

ਜ਼ਿਆਦਾਤਰ ਮੁੱਖ ਦਫ਼ਤਰਾਂ ਲਈ ਸਿਰਫ 25 ਹਜ਼ਾਰ ਰੁਪਏ ਦਾ ਬਜਟ ਹੀ ਰੱਖਿਆ ਗਿਆ ਸੀ। ਪਾਕਿਸਤਾਨ ਅਤੇ ਰਾਜਸਥਾਨ ਦੀ ਹੱਦ ਨਾਲ ਲੱਗਦੇ ਜ਼ਿਆਦਾ ਖਤਰੇ ਵਾਲੇ ਤਿੰਨ ਜ਼ਿਲ੍ਹਿਆਂ ਨੂੰ 50-50 ਹਜ਼ਾਰ ਰੁਪਏ ਅਤੇ ਇਕੱਲੇ ਫਾਜ਼ਿਲਕਾ ਜ਼ਿਲ੍ਹੇ ਨੂੰ ਟਿੱਡੀ ਦਲ ਭਜਾਉਣ ਲਈ 1 ਲੱਖ ਰੁਪਏ ਦੀ ਦਵਾਈ ਸਪਲਾਈ ਕੀਤੀ ਗਈ। ਜਾਣਕਾਰੀ ਦਿੰਦਿਆਂ ਆਰ. ਟੀ. ਆਈ. ਮਾਹਿਰ ਬ੍ਰਿਸ ਭਾਨ ਬੁਜਰਕ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮੇ ਪੰਜਾਬ ਕੋਲੋਂ ਟਿੱਡੀ ਦਲ ਦੇ ਖਤਰੇ ਨੂੰ ਵੇਖਦੇ ਹੋਏ ਖਰੀਦੀ ਗਈ ਦਵਾਈ ’ਤੇ ਕੀਤੇ ਗਏ ਖਰਚ ਸਬੰਧੀ ਸੂਚਨਾ ਦੇ ਅਧਿਕਾਰ ਐਕਟ ਤਹਿਤ ਪੁੱਛਿਆ ਗਿਆ ਸੀ।

ਇਸ ਦੇ ਜਵਾਬ ’ਚ ਮਹਿਕਮੇ ਵੱਲੋਂ ਦੱਸਿਆ ਗਿਆ ਹੈ ਕਿ ਮਾਰਕਫੈੱਡ ਕੋਲੋਂ ਕਲੋਰੋਪਾਇਰੀਫਾਸ 20 ਫ਼ੀਸਦੀ ਈ. ਸੀ. ਅਤੇ ਲੈਮਡਾ ਸਾਈਹੈਥਲੋਥਰਿਨ 5 ਫ਼ੀਸਦੀ ਈ. ਸੀ. ਦਵਾਈ ਖਰੀਦ ਕੇ ਰਾਜ ਦੇ ਵੱਖ-ਵੱਖ ਖੇਤੀਬਾੜੀ ਅਫ਼ਸਰਾਂ ਨੂੰ ਦਿੱਤੀ ਗਈ ਹੈ। ਜਿਨ੍ਹਾਂ ’ਚੋਂ 18 ਜ਼ਿਲ੍ਹਿਆਂ ਦੇ ਖੇਤੀਬਾੜੀ ਅਫ਼ਸਰਾਂ ਨੂੰ 25-25 ਹਜ਼ਾਰ ਰੁਪਏ ਦੀ ਦਵਾਈ ਟਿੱਡੀ ਦਲ ਨੂੰ ਭਜਾਉਣ ਲਈ ਦਿੱਤੀ ਗਈ ਸੀ। ਪਾਕਿਸਤਾਨ ਅਤੇ ਰਾਜਸਥਾਨ ਦੀ ਹੱਦ ਨਾਲ ਲਗਦੇ ਤਿੰਨ ਜ਼ਿਲ੍ਹਿਆਂ ਮਾਨਸਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ 50-50 ਹਜ਼ਾਰ ਰੁਪਏ ਅਤੇ ਫਾਜ਼ਿਲਕਾ ਜ਼ਿਲ੍ਹੇ ਨੂੰ 1 ਲੱਖ ਰੁਪਏ ਮੁੱਲ ਦੀ ਦਵਾਈ ਦਿੱਤੀ ਗਈ ਹੈ।

ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਇਸ ਤੋਂ ਇਲਾਵਾ ਵੱਖ-ਵੱਖ ਨਾਮਾਂ ਨਾਲ ਸਬੰਧਿਤ 6 ਦੇ ਕਰੀਬ ਕੰਪਨੀਆਂ ਵੱਲੋਂ ਫਾਜ਼ਿਲਕਾ ਅਤੇ ਬਠਿੰਡਾ ਜ਼ਿਲ੍ਹੇ ’ਚ ਟਿੱਡੀ ਦਲ ਨੂੰ ਭਜਾਉਣ ਵਾਲੀ ਦਵਾਈ ਸਪਲਾਈ ਕੀਤੇ ਜਾਣ ਤੋਂ ਇਲਾਵਾ ਜਲਾਲਾਬਾਦ ਖੇਤਰ ਲਈ 360 ਲੀਟਰ, ਅਬੋਹਰ ਲਈ 370 ਲਿਟਰ, ਫਾਜ਼ਿਲਕਾ ਲਈ 370 ਲੀਟਰ, ਖੂਈਆਂ ਸਰਵਰ ਲਈ 500 ਲੀਟਰ ਦਵਾਈ ਕਈ ਕੀੜੇ ਮਾਰ ਦਵਾਈ ਕੰਪਨੀਆਂ ਅਤੇ ਮਾਰਕਫੈੱਡ ਵੱਲੋਂ ਦਿੱਤੀ ਗਈ ਹੈ ਪਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਸ ਦਵਾਈ ਦੀ ਕੀਮਤ ਨਹੀਂ ਦੱਸੀ ਗਈ, ਜਿਹੜੀ ਫ਼ਸਲਾਂ ’ਤੇ ਅਚਾਨਕ ਹਮਲਾ ਕਰਨ ਵਾਲੇ ਟਿੱਡੀ ਦਲ ਨੂੰ ਭਜਾਉਣ ਲਈ ਦਿੱਤੀ ਗਈ ਸੀ।
 


author

Babita

Content Editor

Related News