ਅਸੂਲ ਮੰਚ ਦੇ ‘ਥਾਲ ਖਡ਼ਕਾਓ’ ਅੰਦੋਲਨ ਨੂੰ ਜਗਰਾਓਂ ’ਚ ਭਰਵਾਂ ਹੁੰਗਾਰਾ

Friday, Aug 17, 2018 - 04:23 AM (IST)

ਜਗਰਾਓਂ, (ਜਸਬੀਰ ਸ਼ੇਤਰਾ)–  ਅਸੂਲ ਮੰਚ ਵੱਲੋਂ ਅੰਗਹੀਣਾਂ ਸਮੇਤ ਬੁਢਾਪਾ,  ਵਿਧਵਾ ਤੇ ਹਰ ਤਰ੍ਹਾਂ ਦੀ ਪੈਨਸ਼ਨ ਵਧਾਉਣ ਅਤੇ ਇਨ੍ਹਾਂ ਦਾ ਹਰ ਮਹੀਨੇ ਦੀ ਪਹਿਲੀ ਤਾਰੀਕ  ਨੂੰ ਪੱਕਾ ਬੰਦੋਬਸਤ ਕਰਨ ਦੀ ਮੰਗ ਨੂੰ ਲੈ ਕੇ ਪੰਦਰਾਂ ਤੋਂ ਵੀਹ ਅਗਸਤ ਤੱਕ ਥਾਲ  ਖਡ਼ਕਾਉਣ ਦੇ ਦਿੱਤੇ ਸੱਦੇ ਨੂੰ ਜਗਰਾਓਂ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ‘ਥਾਲ  ਖਡ਼ਕਾਓ’ ਅੰਦੋਲਨ ਦੇ ਇਸ ਸੱਦੇ ਤਹਿਤ ਅੱਜ ਜਗਰਾਓਂ ਟਰੱਕ ਯੂਨੀਅਨ, ਤਹਿਸੀਲ ਰੋਡ, ਰਾਣੀ  ਝਾਂਸੀ ਚੌਕ ਤੋਂ ਇਲਾਵਾ ਇਲਾਕੇ ਦੇ ਕਈ ਪਿੰਡਾਂ ਵਿਚ ਲੋਕਾਂ ਨੇ ਥਾਲ ਖਡ਼ਕਾ ਕੇ  ਪੈਨਸ਼ਨਾਂ ਵਧਾਉਣ ਦੀ ਮੰਗ ਕੀਤੀ। ਅਸੂਲ ਮੰਚ ਦੇ ਆਗੂ ਪ੍ਰੀਤਮ ਸਿੰਘ ਅਖਾਡ਼ਾ ਤੇ ਅਸ਼ੋਕ  ਸੰਗਮ ਦੀ ਅਗਵਾਈ ਵਿੱਚ ਝਾਂਸੀ ਰਾਣੀ ਚੌਕ ਦੇ ਦੁਕਾਨਦਾਰਾਂ ਨੇ ਅਤੇ ਊਧਮ ਸਿੰਘ ਟੈਕਸੀ  ਯੂਨੀਅਨ ਦੇ ਡਰਾਈਵਰ ਵੀਰਾਂ ਨੇ ਥਾਲ ਖਡ਼ਕਾ ਕੇ ਅਸੂਲ ਮੰਚ ਦੀਆਂ ਮੰਗਾਂ ਦਾ ਸਮਰਥਨ  ਕੀਤਾ। ਟਰੱਕ ਯੂਨੀਅਨ ਜਗਰਾਓਂ ਵਿੱਚ ਮੰਚ ਦੇ ਮੈਂਬਰ ਪ੍ਰੀਤਮ ਸਿੰਘ ਅਖਾਡ਼ਾ ਨੇ ਵੱਡੀ  ਗਿਣਤੀ ਵਿੱਚ ਇਕੱਤਰ ਹੋਏ ਟਰੱਕ ਆਪ੍ਰੇਟਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ  ਸਿਆਸੀ ਲੀਡਰ ਅਤੇ ਵੱਡੇ ਅਫ਼ਸਰ ਲੱਖਾਂ-ਕਰੋਡ਼ਾਂ ਰੁਪਏ ਆਪ ਹੀ ਪੈਨਸ਼ਨਾਂ ਤਨਖ਼ਾਹਾਂ ਵੰਡ  ਲੈਂਦੇ ਨੇ ਪਰ ਗ਼ਰੀਬ ਕਿਰਤੀ ਕਾਮੇ ਅਤੇ ਦੁਕਾਨਦਾਰ ਲੋਕਾਂ ’ਤੇ ਸ਼ਰਤਾਂ ਲਗਾ ਦਿੰਦੇ ਹਨ।  ਇਸ ਕਾਣੀ ਵੰਡ ਨੂੰ ਖ਼ਤਮ ਕਰਨ ਲਈ ਅੰਗਹੀਣ, ਬੁਢਾਪਾ, ਵਿਧਵਾ ਪੈਨਸ਼ਨਾਂ ਸਾਰੇ ਪੰਜਾਬੀਆਂ  ਨੂੰ 2500 ਰੁਪਏ ਮਹੀਨਾ ਲਗਵਾਉਣ ਲਈ ਆਉਣ ਵਾਲੇ ਚਾਰ ਦਿਨਾਂ ਵਿੱਚ ਇਸ ਅੰਦੋਲਨ ਨੂੰ ਹੋਰ  ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸਰਪੰਚ ਰਾਜਵਿੰਦਰ ਸਿੰਘ ਸਲੇਮਪੁਰਾ ਤੇ ਸਰਪੰਚ ਰਣਜੀਤ  ਸਿੰਘ ਦੇਹਡ਼ਕਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੁਲਵੰਤ ਸਿੰਘ ਛੱਜਾਵਾਲ,  ਕੇਵਲ ਸਿੰਘ ਜਨੇਤਪੁਰਾ, ਸਚਿਨ ਜੈਨ, ਸਰਬਜੀਤ ਸਿੰਘ ਚਿਰੰਜੀ, ਮੰਦਰ ਸਿੰਘ, ਬਿੱਟੂ ਨੇਗੀ,  ਕਰਮਜੀਤ ਸਿੰਘ ਆਦਿ ਮੌਜੂਦ ਸਨ।


Related News