ਫਿਰੌਤੀ ਮੰਗਣ ਵਾਲੇ ਗੈਂਗ ਦੇ ਤਿੰਨ ਗੁਰਗੇ ਗ੍ਰਿਫਤਾਰ
Friday, Jan 17, 2025 - 05:15 AM (IST)
ਅਜਨਾਲਾ (ਨਿਰਵੈਲ/ਭੱਟੀ) - ਚਰਨਜੀਤ ਸਿੰਘ ਸੀਨੀਅਰ ਕਪਤਾਨ ਪੁਲਸ ਅੰਮ੍ਰਿਤਸਰ ਦਿਹਾਤੀ ਦੀਆਂ ਹਦਾਇਤਾਂ ਅਨੁਸਾਰ ਗੁਰਵਿੰਦਰ ਸਿੰਘ ਡੀ. ਐੱਸ. ਪੀ. ਅਜਨਾਲਾ ਦੀ ਨਿਗਰਾਨੀ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਝੰਡੇਰ ਪੁਲਸ ਨੇ ਫਿਰੌਤੀ ਮੰਗਣ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ। ਜਿਨ੍ਹਾਂ ਕੋਲੋਂ 30 ਬੋਰ ਦਾ ਇਕ ਪਿਸਟਲ, ਇਕ ਮੈਗਜ਼ੀਨ, 3 ਜ਼ਿੰਦਾ ਰੌਂਦ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ।
ਡੀ. ਐੱਸ. ਪੀ. ਗੁਰਿੰਦਰ ਸਿੰਘ ਅਜਨਾਲਾ ਨੇ ਦੱਸਿਆ ਕਿ ਥਾਣਾ ਝੰਡੇਰ ਦੀ ਪੁਲਸ ਨੂੰ ਸੂਚਨਾ ਮਿਲੀ ਕਿ ਲੋਕਾਂ ਨੂੰ ਧਮਕਾ ਕੇ ਫਿਰੌਤੀ ਮੰਗਣ ਵਾਲਾ ਇਕ ਗਿਰੋਹ ਇਸ ਵਕਤ ਵੀ ਮਹਿਲਾਂਵਾਲਾ ਦੇ ਇਲਾਕਾ ਵਿਚ ਹਥਿਆਰ ਸਮੇਤ ਕਿਸੇ ਵਾਰਦਾਤ ਦੀ ਫਿਰਾਕ ਵਿਚ ਘੁੰਮ ਰਿਹਾ ਹੈ। ਥਾਣਾ ਝੰਡੇਰ ਦੀ ਪੁਲਸ ਨੇ ਰੇਡ ਮਾਰ ਕੇ ਮਨੀਕਰਨ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਕੁਰਾਲੀਆ ਹਾਲ ਵਾਸੀ ਮਹਿਲਾਂਵਾਲਾ ਥਾਣਾ ਝੰਡੇਰ, ਵਿਜੈ ਉਰਫ ਚਿੱਟੀ ਪੁੱਤਰ ਹਰਦੇਵ ਸਿੰਘ ਵਾਸੀ ਮੇਹਕਾ ਅਤੇ ਗੁਰਨੂਰਦੀਪ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਨਾਨੋਕੇ ਨੂੰ ਇਕ 30 ਬੋਰ ਪਿਸਟਲ, ਇਕ ਮੈਗਜ਼ੀਨ, 3 ਜ਼ਿੰਦਾ ਰੌਂਦ ਅਤੇ ਇਕ ਸੀ. ਟੀ.-100 ਮੋਰਟਸਾਈਕਲ ਸਮੇਤ ਕਾਬੂ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕੇ ਉਕਤ ਗ੍ਰਿਫਤਾਰ ਮੁਲਜ਼ਮਾਂ ਨੇ ਪੁੱਛਗਿਛ ਦੌਰਾਨ ਆਪਣੇ ਗਿਰੋਹ ਦੇ ਹੋਰ ਸਾਥੀਆ ਜੱਗਾ ਪੁੱਤਰ ਸੁਰਿੰਦਰ ਸਿੰਘ ਵਾਸੀ ਮਹਿਲਾਂਵਾਲਾ ਥਾਣਾ ਝੰਡੇਰ ਅਤੇ ਸ਼ੇਰਾ ਭਲਵਾਨ ਵਾਸੀ ਕੁਰਾਲੀਆ ਥਾਣਾ ਰਮਦਾਸ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਕਤ ਗ੍ਰਿਫਤਾਰ ਦੋਸ਼ੀਆਂ ਕੋਲ ਪੁੱਛਗਿਛ ਜਾਰੀ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ |