ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 2 ਦਿਨਾ ਪੁਲਸ ਰਿਮਾਂਡ ’ਤੇ ਭੇਜਿਆ

Wednesday, Aug 15, 2018 - 05:19 AM (IST)

ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 2 ਦਿਨਾ ਪੁਲਸ ਰਿਮਾਂਡ ’ਤੇ ਭੇਜਿਆ

ਅਜਨਾਲਾ,   (ਰਮਨਦੀਪ)-  ਪਿਛਲੇ ਦਿਨੀਂ ਗੁਜਰਾਤ ਤੋਂ ਅੰਮ੍ਰਿਤਸਰ ਆਏ ਕੋਲਾ ਵਪਾਰੀਆਂ ਨੂੰ ਅਗਵਾ ਕਰਨ ਵਾਲੇ ਇਕ ਭੱਠਾ ਮਾਲਕ ਤੇ ਉਸ ਦੇ ਸਾਥੀਆਂ ਖਿਲਾਫ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਹੋਣ ਉਪਰੰਤ ਅੱਜ ਮਾਣਯੋਗ ਅਦਾਲਤ ਨੇ ਤਿੰਨਾਂ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਸਬੰਧੀ ਅੱਜ ਡੀ. ਐੱਸ. ਪੀ. ਦਫਤਰ ਅਜਨਾਲਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਅਜਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਜਰਾਤ ਦੇ 4 ਕੋਲਾ ਵਪਾਰੀਆਂ ਤੇ ਇਕ ਗੱਡੀ ਦੇ ਡਰਾਈਵਰ ਨੂੰ ਅਗਵਾ ਕਰ ਕੇ ਪੈਸੇ ਮੰਗਣ, 1 ਲੱਖ ਰੁਪਏ ਖੋਹਣ ਤੇ ਪੈਸੇ ਨਾ ਦੇਣ ਦੀ ਸੂਰਤ ’ਚ ਤੇਲ ਪਾ ਕੇ ਸਾਡ਼ਨ ਦੇ ਦੋਸ਼ ’ਚ ਥਾਣਾ ਅਜਨਾਲਾ ਦੀ ਪੁਲਸ ਵੱਲੋਂ ਕੋਲਾ ਵਪਾਰੀ ਮਿਲਨ ਕੁਮਾਰ ਵਾਸੀ ਗੁਜਰਾਤ ਦੇ ਬਿਆਨਾਂ ’ਤੇ ਭਲਾ ਪਿੰਡ ਦੇ ਰਹਿਣ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ, ਮਨੋਜ ਕੁਮਾਰ  ਪੁੱਤਰ ਧਰੂਪ ਨਰਾਇਣ ਵਾਸੀ ਸਿਧਾਰਥ ਨਗਰ (ਉੱਤਰ ਪ੍ਰਦੇਸ਼) ਤੇ ਵਿਸ਼ਾਲ ਖੰਨਾ ਪੁੱਤਰ ਵਿਪਨ ਖੰਨਾ ਵਾਸੀ ਲੁਹਾਰਕਾ ਰੋਡ ਆਰ. ਆਈ. ਕਾਲੋਨੀ ਅੰਮ੍ਰਿਤਸਰ ਖਿਲਾਫ ਥਾਣਾ ਅਜਨਾਲਾ ’ਚ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਉਪਰੰਤ ਅੱਜ ਤਿੰਨਾਂ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਰਾਧਿਕਾ ਪੁਰੀ ਦੀ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।
ਕੀ  ਸੀ ਮਾਮਲਾ : ਪ੍ਰਾਪਤ ਜਾਣਕਾਰੀ ਅਨੁਸਾਰ 12 ਅਗਸਤ ਨੂੰ ਲਵਪ੍ਰੀਤ ਸਿੰਘ ਤੇ ਉਸ ਦੇ 2 ਹੋਰ ਸਾਥੀ ਕੋਲਾ ਵਪਾਰੀ ਮਿਲਨ ਕੁਮਾਰ, ਬਿਪਨ, ਦੀਪਕ ਤੇ ਮਨੀ ਲਾਲ ਅਤੇ ਉਨ੍ਹਾਂ ਦੀ ਇਨੋਵਾ ਗੱਡੀ ਦੇ ਡਰਾਈਵਰ ਮੁਕੇਸ਼ ਨੂੰ ਅੰਮ੍ਰਿਤਸਰ ਨੇਡ਼ਿਓਂ ਅਗਵਾ ਕਰ ਕੇ ਲਵਪ੍ਰੀਤ ਦੀ ਮੋਟਰ ’ਤੇ ਲੈ ਗਏ ਸਨ ਤੇ ਉਨ੍ਹਾਂ ਵੱਲੋਂ ਪੰਜਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਕੋਲੋਂ 1 ਲੱਖ ਰੁਪਇਆ ਖੋਹ ਲਿਆ ਸੀ ਤੇ 15 ਲੱਖ ਰੁਪਏ ਦੀ ਹੋਰ ਮੰਗ ਕੀਤੀ ਸੀ, ਜੋ ਕੋਲਾ ਵਪਾਰੀਆਂ ਦੇ ਘਰੋਂ ਲਵਪ੍ਰੀਤ ਸਿੰਘ ਨੇ ਆਪਣੇ ਬੈਂਕ ਖਾਤੇ ਵਿਚ ਪੈਸੇ ਪਾਉਣ ਲਈ ਕਿਹਾ ਸੀ ਤੇ ਅਜਿਹਾ ਨਾ ਹੋਣ ’ਤੇ ਲਵਪ੍ਰੀਤ ਤੇ ਉਸ ਦੇ ਸਾਥੀਆਂ ਨੇ ਪੰਜਾਂ ਨੂੰ ਤੇਲ ਪਾ ਕੇ ਸਾਡ਼ਨ ਦੀ ਵੀ ਧਮਕੀ ਦਿੱੱਤੀ ਸੀ। ਕੋਲਾ ਵਪਾਰੀਆਂ ਨੂੰ ਅਗਵਾ ਕਰ ਕੇ ਬੰਦੀ ਬਣਾਉਣ ਤੇ ਪੈਸਿਆਂ ਦੀ ਮੰਗ ਕਰਨ ਦੀ ਭਿਣਕ ਪੈਣ ’ਤੇ ਪੁਲਸ ਨੇ ਬੀਤੇ ਕੱਲ ਸਾਰੰਗਦੇਵ ਪਿੰਡ ’ਚ ਸਥਿਤ ਲਵਪ੍ਰੀਤ ਦੀ ਮੋਟਰ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਗੁਜਰਾਤ ਤੋਂ ਆਏ ਕੋਲਾ ਵਪਾਰੀਆਂ ਤੇ ਡਰਾਈਵਰ ਨੂੰ ਸੁਰੱਖਿਅਤ ਛੁਡਵਾ ਲਿਆ।


Related News