ਮਹਿਲਾ ਸਰਪੰਚ ਨੂੰ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ

Wednesday, Sep 13, 2017 - 06:48 AM (IST)

ਝਬਾਲ/ਬੀੜ ਸਾਹਿਬ,   (ਲਾਲੂਘੁੰਮਣ, ਬਖਤਾਵਰ)-  ਜ਼ਿਲਾ ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦੀ ਦਲਿਤ ਜਾਤੀ ਨਾਲ ਸੰਬੰਧਿਤ ਮਹਿਲਾ ਸਰਪੰਚ ਨੂੰ ਜਿੱਥੇ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੋਬਾਇਲ 'ਤੇ ਜਾਨੋਂ ਮਾਰਨ ਲਈ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਉਕਤ ਵਿਅਕਤੀ ਨੇ ਮਹਿਲਾ ਸਰਪੰਚ ਨਾਲ ਅਸ਼ਲੀਲ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ। ਮਹਿਲਾ ਸਰਪੰਚ ਦੇ ਪਤੀ ਵੱਲੋਂ ਇਸ ਸਬੰਧੀ ਥਾਣਾ ਝਬਾਲ ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
 ਸਰਪੰਚ ਸਰਬਜੀਤ ਕੌਰ ਪਤਨੀ ਜਗੀਰ ਸਿੰਘ ਨੇ ਦੱਸਿਆ ਕਿ ਬੀਤੇ ਸੋਮਵਾਰ ਦੀ ਰਾਤ ਕਰੀਬ 8 ਵਜੇ ਉਸ ਦੇ ਮੋਬਾਇਲ 'ਤੇ ਕਿਸੇ ਵੱਲੋਂ ਫੋਨ ਕਰ ਕੇ ਜਿੱਥੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਥੇ ਹੀ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਉਸ ਨਾਲ ਬਦਤਮੀਜ਼ੀ ਵੀ ਕੀਤੀ ਗਈ। ਉਸ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਉਸ ਦੇ ਪਤੀ ਜਗੀਰ ਸਿੰਘ 'ਤੇ ਵੀ ਕਿਸੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਗੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਾਨ-ਮਾਲ ਦਾ ਪੂਰੀ ਤਰ੍ਹਾਂ ਖਤਰਾ ਹੈ। ਉਸ ਨੇ ਦੱਸਿਆ ਕਿ 30 ਅਪ੍ਰੈਲ ਨੂੰ ਉਸ ਦੀ ਕੋਠੀ ਉੱਪਰ ਗੋਲੀ ਚਲਾਉਣ ਵਾਲੇ ਦੋਸ਼ੀਆਂ ਵਿਰੁੱਧ ਪਤਾ ਲਗਾ ਕੇ ਕਾਰਵਾਈ ਕਰਨ ਲਈ ਥਾਣਾ ਝਬਾਲ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਅਜੇ ਤੱਕ ਪੁਲਸ ਵੱਲੋਂ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ, ਜਦਕਿ ਹੁਣ ਫਿਰ ਉਨ੍ਹਾਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਵੱਲੋਂ ਜਲਦ ਦੋਸ਼ੀ ਵਿਅਕਤੀ ਅਤੇ ਇਸ ਮਾਮਲੇ ਪਿੱਛੇ ਕੌਣ ਹੈ ਨੂੰ ਬੇਨਕਾਬ ਨਾ ਕੀਤਾ ਗਿਆ ਤਾਂ ਉਹ ਪੁਲਸ ਨੂੰ ਅਦਾਲਤ ਦੇ ਕਟਹਿਰੇ 'ਚ ਖੜ੍ਹਾ ਕਰਨਗੇ।


Related News