ਘਰ ''ਚੋਂ ਹਜ਼ਾਰਾਂ ਰੁਪਏ ਦੇ ਕੀਮਤੀ ਗਹਿਣੇ ਚੋਰੀ

Thursday, Feb 22, 2018 - 11:04 PM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਨਜ਼ਦੀਕੀ ਪਿੰਡ ਰਾਏਪੁਰ ਸਾਹਨੀ ਵਿਖੇ ਰਾਤ ਸਮੇਂ ਚੋਰਾਂ ਵੱਲੋਂ ਇਕ ਘਰ ਅੰਦਰ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ ਗਏ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰੰਜਣ ਸਿੰਘ ਪੁੱਤਰ ਕਰਮ ਸਿੰਘ ਨੇ ਦੱਸਿਆ ਕਿ ਉਹ ਡਰਾਈਵਰ ਹੈ। 19-20 ਫਰਵਰੀ ਦੀ ਦਰਮਿਆਨੀ ਰਾਤ ਜਦੋਂ ਉਹ ਪਰਿਵਾਰ ਸਮੇਤ ਸੁੱਤੇ ਪਏ ਸਨ ਤਾਂ ਘਰ ਵਿਚ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਟਰੰਕ ਅਤੇ ਪੇਟੀ ਦਾ ਤਾਲਾ ਤੋੜ ਕੇ ਸਾਮਾਨ ਦੀ ਫਰੋਲਾ-ਫਰਾਲੀ ਕਰਦੇ ਹੋਏ ਉਸ ਵਿਚ ਰੱਖੀਆਂ ਤਿੰਨ ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦਾ ਟਿੱਕਾ, ਦੋ ਸੈੱਟ ਚਾਂਦੀ ਦੀਆਂ ਝਾਂਜਰਾਂ, ਚਾਂਦੀ ਦੇ ਕੰਗਣ ਚੂੜੀਆਂ ਤੇ ਇਕ ਚੇਨ ਸਮੇਤ ਕਰੀਬ 14 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ। ਚੋਰੀ ਦੀ ਵਾਰਦਾਤ ਦਾ ਸਾਨੂੰ ਸਵੇਰੇ ਪਤਾ ਲੱਗਾ, ਜਦੋਂ ਸਾਡੀ ਨੀਂਦ ਖੁੱਲ੍ਹੀ। 
ਚੋਰਾਂ ਨੇ ਘਰ ਤੋਂ ਟਰੰਕ ਚੁੱਕ ਕੇ ਖੇਤਾਂ ਵਿਚ ਸੁੱਟਿਆ ਹੋਇਆ ਸੀ। ਇਸ ਤੋਂ ਇਲਾਵਾ ਚੋਰਾਂ ਨੇ ਸਾਡੇ ਘਰ ਦੇ ਨਜ਼ਦੀਕ ਹੀ ਸੋਹਣ ਸਿੰਘ ਦੇ ਘਰ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਇਸ ਚੋਰੀ ਦੀ ਘਟਨਾ ਬਾਰੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲਸ ਮੁਲਾਜ਼ਮ ਮੌਕਾ ਵੀ ਦੇਖ ਗਏ ਹਨ, ਜਿਨ੍ਹਾਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News