ਇਹ ਕਿਸਾਨਾਂ ਦੀ ਭੀੜ ਨਹੀਂ, ਸਗੋਂ ਆਵਾਮ ਹੈ : ਹਰਮੀਤ ਸਿੰਘ ਕਾਦੀਆਂ
Tuesday, Feb 23, 2021 - 12:54 AM (IST)
ਲੁਧਿਆਣਾ, (ਸਲੂਜਾ)– ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਉਸ ਬਿਆਨ ’ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਭੜਕ ਉੱਠੇ। ਜਿਸ ਵਿਚ ਤੋਮਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨਾਂ ਦੀ ਭੀੜ ਨਾਲ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਵਾਲੇ ਨਹੀਂ ਹਨ।
ਕਾਦੀਆਂ ਨੇ ਮੰਤਰੀ ਤੋਮਰ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਇਹ ਕਿਸਾਨਾਂ ਦੀ ਭੀੜ ਨਹੀਂ, ਸਗੋਂ ਆਵਾਮ ਹੈ। ਦੇਸ਼ ਦੇ ਆਵਾਮ ਵਿਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਰਾਤੋ-ਰਾਤ ਸੱਤਾ ਪਲਟ ਕੇ ਰੱਖ ਦਿੰਦੀ ਹੈ। ਇਸ ਗੱਲ ਨੂੰ ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾ ਹੀ ਮੰਤਰੀ ਤੋਮਰ ਨੂੰ ਭੁੱਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਤਿੰਨੇ ਕਿਸਾਨ ਵਿਰੋਧੀ ਕਨੂੰਨਾਂ ਨੂੰ ਲੈ ਕੇ ਕਿਸਾਨ ਸੰਗਠਨਾਂ ਦੀ ਹੁਣ ਤੱਕ ਦਰਜਨਾਂ ਤੋਂ ਜ਼ਿਆਦਾ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅੱਜ ਤੱਕ ਸਰਕਾਰ ਕਿਸਾਨਾਂ ਨੂੰ ਇਹ ਸਮਝਾ ਨਹੀਂ ਸਕੀ ਕਿ ਤਿੰਨੇ ਖੇਤੀ ਕਾਨੂੰਨ ਕਿਸ ਤਰ੍ਹਾਂ ਕਿਸਾਨਾਂ ਦੇ ਹਿੱਤ ’ਚ ਹਨ। ਕਾਦੀਆਂ ਨੇ ਕਿਹਾ ਕਿਸਾਨ ਤਾਂ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਆਪਣੇ-ਆਪਣੇ ਘਰਾਂ ਨੂੰ ਮੁੜਨ ਵਾਲੇ ਨਹੀਂ ਹਨ।