ਕੋਰੋਨਾ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਿੰਡਾਂ ਬਾਹਰ ਲੱਗਣਗੇ ਠੀਕਰੀ ਪਹਿਰੇ : SSP
Saturday, May 15, 2021 - 08:34 PM (IST)
ਤਰਨਤਾਰਨ, (ਵਿਜੇ,ਰਮਨ)- ਕੋਰੋਨਾ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪੁਲਸ ਨੇ ਹੁਣ ਪੰਚਾਇਤਾਂ ਨਾਲ ਮੀਟਿੰਗਾਂ ਕਰ ਪਿੰਡਾਂ ਦੇ ਦਾਖਲੇ ਉੱਪਰ ਠੀਕਰੀ ਪਹਿਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸ ਤਹਿਤ ਸ਼ਨੀਵਾਰ ਥਾਣਾ ਸਦਰ ਮੁਖੀ ਪ੍ਰਭਜੀਤ ਸਿੰਘ ਵਲੋਂ ਅੱਧੀ ਦਰਜਨ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗਾਂ ਕਰ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਮੌਜੂਦ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨਾਲ ਸਬੰਧਿਤ ਥਾਣਾ ਮੁਖੀਆਂ ਨੂੰ ਮੀਟਿੰਗਾਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ’ਚ ਕੋਰੋਨਾ ਦੀ ਦੂਸਰੀ ਲਹਿਰ ਨੂੰ ਫੈਲਣ ਤੋਂ ਰੋਕਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਬਿਨਾਂ ਵਜ੍ਹਾ ਘਰੋਂ ਬਾਹਰ ਜਾਣ ਵਾਲੇ ਲੋਕਾਂ ਉੱਪਰ ਨੱਥ ਪਾਈ ਜਾ ਸਕੇਗੀ।
ਉਨ੍ਹਾਂ ਦੱਸਿਆ ਕਿ ਥਾਣਾ ਮੁਖੀਆਂ ਨੂੰ ਪਿੰਡ ਵਾਸੀਆਂ ਦੀ ਕੋਰੋਨਾ ਵੈਕਸੀਨ ਮੁਕੰਮਲ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਪੰਚਾਇਤਾਂ ਪਿੰਡਾਂ ਦੇ ਮੁੱਖ ਰਸਤਿਆਂ ਤੇ ਦਾਖਲੇ ਗੇਟਾਂ ਉੱਪਰ ਰੋਜ਼ਾਨਾ ਠੀਕਰੀ ਪਹਿਰੇ ਲਗਾਏਗੀ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਵਲੋਂ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।