ਅਜੀਬੋ ਗਰੀਬ : ਚੋਰਾਂ ਨੂੰ ਨਹੀਂ ਲੱਭੇ ਪੈਸੇ ਤਾਂ ਦੁਕਾਨ ਦੀ ਕੰਧ 'ਤੇ ਲਿਖ ਗਏ ...

10/20/2022 4:36:45 PM

ਹੁਸ਼ਿਆਰਪੁਰ (ਅਮਰੀਕ ਕੁਮਾਰ) : ਬੀਤੀ ਰਾਤ ਇਕ ਚੋਰ ਗਿਰੋਹ ਵੱਲੋਂ 3 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਜਦ ਉਨ੍ਹਾਂ ਨੂੰ ਇਕ ਦੁਕਾਨ ਤੋਂ ਪੈਸੇ ਨਾ ਮਿਲੇ ਤਾਂ ਉਸ ਦੀ ਕੰਧ 'ਤੇ ਭੱਦੀ ਸ਼ਬਦਾਵਲੀ ਲਿਖ ਕੇ ਚਲੇ ਗਏ। 

ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਪ੍ਰਭਾਤ ਚੌਕ ਨੇੜੇ ਚੋਰਾਂ ਵੱਲੋਂ 3 ਦੁਕਾਨਾਂ 'ਤੇ ਹੱਥ ਸਾਫ ਕੀਤਾ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਗਏ ਸਨ ਤੇ ਜਦੋਂ ਅੱਜ ਸਵੇਰੇ ਆਏ ਤਾਂ ਦੇਖਿਆ ਕਿ ਦੁਕਾਨਾਂ 'ਚੋਂ ਚੋਰੀ ਹੋਈ ਪਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਾਂ ਦੀ ਵਰਕਸ਼ਾਪ ਦੇ ਮਾਲਕ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਕੇ ਗਏ ਸਨ। ਅੱਜ ਸਵੇਰੇ ਜਦ ਉਨ੍ਹਾਂ ਨੇ ਆ ਕੇ ਦੁਕਾਨ ਖੋਲ੍ਹੀ ਤਾਂ ਬਾਹਰ ਵਾਲੇ ਤਾਲੇ ਤਾਂ ਠੀਕ ਸਨ, ਪਰ ਅੰਦਰ ਦਫ਼ਤਰ ਦੇ ਦਰਵਾਜ਼ੇ ਦਾ ਸ਼ੀਸ਼ਾ ਆਦਿ ਟੁੱਟਿਆ ਹੋਇਆ ਸੀ। ਦਫ਼ਤਰ ਦੇ ਅੰਦਰ ਸਾਮਾਨ ਖਿਲਰਿਆ ਹੋਇਆ ਸੀ ਅਤੇ ਕੰਧ 'ਤੇ ਲੱਗੀ ਐੱਲ. ਸੀ. ਡੀ. ਗਾਇਬ ਸੀ। ਉਨ੍ਹਾਂ ਕਿਹਾ ਕਿ ਚੋਰ ਛੱਤ ਰਾਹੀਂ ਅੰਦਰ ਦਾਖਲ ਹੋਏ ਸਨ।

ਇਹ ਖ਼ਬਰ ਵੀ ਪੜ੍ਹੋ - ਆਬਕਾਰੀ ਮਹਿਕਮੇ ਨੇ ਮੰਡ ਇਲਾਕੇ 'ਚੋਂ ਵੱਡੀ ਮਾਤਰਾ 'ਚ ਲਾਹਣ ਬਰਾਮਦ ਕਰਕੇ ਕੀਤੀ ਨਸ਼ਟ

ਇਸੇ ਤਰ੍ਹਾਂ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਜਦ ਉਨ੍ਹਾਂ ਦੁਕਾਨ 'ਤੇ ਆ ਕੇ ਵੇਖਿਆ ਤਾਂ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ। ਦੁਕਾਨ ਦੇ ਅੰਦਰ ਪਏ 2 ਫ਼ੋਨ ਗਾਇਬ ਸਨ। ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਟੁੱਟੇ ਹੋਏ ਸਨ ਅਤੇ ਡੀਵੀਆਰ ਗਾਇਬ ਸੀ। ਚੋਰਾਂ ਨੂੰ ਜਦ ਦੁਕਾਨ ਦੇ ਅੰਦਰੋਂ ਨਕਦੀ ਨਾ ਮਿਲੀ ਤਾਂ ਉਹ ਰਜਿਸਟਰ ਅਤੇ ਕੰਧ 'ਤੇ ਭੱਦੀ ਸ਼ਬਦਾਵਲੀ ਲਿਖ ਗਏ। ਇਸ ਦੇ ਨਾਲ ਹੀ ਉਹ ਆਪਣੇ ਗਿਰੋਹ ਦਾ ਨਾਂ 'ਜੱਗਾ ਡਾਕੂ' ਵੀ ਲਿਖ ਕੇ ਗਏ ਹਨ।

PunjabKesari

ਇਸੇ ਤਰ੍ਹਾਂ ਗੁਰਪਾਲ ਸਿੰਘ ਨੇ ਦੱਸਿਆ ਕਿ ਦੁਕਾਨ 'ਚੋਂ ਤਕਰੀਬਨ 35-40 ਹਜ਼ਾਰ ਰੁਪਏ ਦੀ ਨਕਦੀ ਤੇ 1 ਮੋਬਾਇਲ ਫ਼ੋਨ ਚੋਰੀ ਹੋ ਗਿਆ। ਉਨ੍ਹਾਂ ਕਿਹਾ ਕਿ ਚੋਰਾਂ ਨੇ ਸੀ. ਸੀ. ਟੀ. ਵੀ. ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਡੀ. ਵੀ. ਆਰ. ਵੀ ਗਾਇਬ ਸੀ। ਕੁੱਝ ਦੇਰ ਬਾਅਦ ਇਹ ਡੀ. ਵੀ. ਆਰ. ਉਨ੍ਹਾਂ ਨੂੰ ਦੁਕਾਨ ਤੋਂ ਥੋੜ੍ਹੀ ਦੂਰ ਡਿੱਗਿਆ ਮਿਲਿਆ। ਦੁਕਾਨਦਾਰਾਂ ਨੇ ਪੁਲਸ 'ਤੇ ਸੂਚਨਾ ਮਿਲਣ ਦੇ ਬਾਵਜੂਦ ਦੇਰ ਨਾਲ ਆਉਣ ਦੇ ਦੋਸ਼ ਲਾਏ ਹਨ। 

PunjabKesari
ਉਕਤ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ। ਹਾਲਾਂਕਿ ਚੋਰਾਂ ਵੱਲੋਂ ਚੋਰੀ ਤੋਂ ਪਹਿਲਾਂ ਸੀ. ਸੀ. ਟੀ. ਵੀ ਕੈਮਰੇ ਤੋੜਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਹੀ ਉਨ੍ਹਾਂ ਦੀਆਂ ਸ਼ਕਲਾਂ ਕੈਮਰੇ ਵਿਚ ਕੈਦ ਹੋ ਗਈਆਂ। ਸੀ. ਸੀ. ਟੀ. ਵੀ. ਫੁਟੇਜ ਵਿਜ ਤਿੰਨ ਨੌਜਵਾਨ ਨਜ਼ਰ ਆ ਰਹੇ ਹਨ।

ਉੱਧਰ ਥਾਣਾ ਮਾਡਲ ਟਾਊਨ ਦੀ ਪੁਲਸ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਦੁਕਾਨਾਂ 'ਤੇ ਜਾ ਕੇ ਮੌਕਾ ਵੇਖਿਆ ਗਿਆ। ਪੁਲਸ ਵੱਲੋਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Anuradha

Content Editor

Related News