ਤੜਕੇ 3 ਵਜੇ ਸਾਹਨੇਵਾਲ ਦੀ ਫੈਕਟਰੀ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਇਕ ਦੀ ਮੌਤ
Monday, Sep 26, 2022 - 06:24 PM (IST)
ਸਾਹਨੇਵਾਲ (ਜਗਰੂਪ) : ਥਾਣਾ ਸਾਹਨੇਵਾਲ ਦੇ ਇਲਾਕੇ ’ਚ ਸਥਿਤ ਫੈਕਟਰੀ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਵੱਲੋਂ ਫੜੇ ਜਾਣ ਦੇ ਡਰੋਂ ਕੀਤੀ ਫਾਇਰਿੰਗ ’ਚ ਫੈਕਟਰੀ ਦੇ ਓਪਰੇਟਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਫਾਇਰਿੰਗ ਦੌਰਾਨ ਫੈਕਟਰੀ ਮਾਲਕ ਦਾ ਭਤੀਜਾ ਵੀ ਜ਼ਖਮੀ ਹੋ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਸਪਾਲ ਬਾਂਗਰ ਰੋਡ ’ਤੇ ਸਥਿਤ ਗਲੋਬ ਇੰਟਰਪ੍ਰਾਈਜਜ਼ ਨਾਮ ਦੀ ਫੈਕਟਰੀ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਜਸਪ੍ਰੀਤ ਸਿੰਘ ਜੋ ਫੈਕਟਰੀ ਦੇ ਅੰਦਰ ਹੀ ਸੁੱਤਾ ਹੋਇਆ ਸੀ ਦੇ ਦੱਸਣ ਅਨੁਸਾਰ ਸਵੇਰੇ ਕਰੀਬ 3 ਵਜੇ ਦੇ ਕਰੀਬ ਉਸਨੇ ਅਵਾਰਾ ਕੁੱਤਿਆਂ ਦੇ ਭੌਂਕਣ ਦੇ ਨਾਲ ਹੀ ਕੁਝ ਖੜਕਾ ਸੁਣਿਆ, ਜਦੋਂ ਉਸਨੇ ਪੋੜੀ ’ਤੇ ਚੜ੍ਹ ਕੇ ਦੀਵਾਰ ਤੋਂ ਦੇਖਿਆ ਫੈਕਟਰੀ ਦੀ ਕੰਧ ਨਾਲ ਇਕ ਬਲੈਰੋ ਪਿੱਕ-ਅੱਪ ਗੱਡੀ ਲੱਗੀ ਹੋਈ ਸੀ ਅਤੇ ਕੁਝ ਲੋਕ ਕੰਧ ਨੂੰ ਪਾੜ ਲਗਾ ਕੇ ਅੰਦਰੋਂ ਸਮਾਨ ਕੱਢ ਕੇ ਬਲੈਰੋ ’ਚ ਲੋਡ ਕਰ ਰਹੇ ਸੀ। ਇਸ ’ਤੇ ਜਸਪ੍ਰੀਤ ਤੁਰੰਤ ਅੰਦਰ ਗਿਆ ਅਤੇ ਦੂਸਰੇ ਕਮਰੇ ’ਚ ਸੁੱਤੇ ਹੋਏ ਫੈਕਟਰੀ ਦੇ ਓਪਰੇਟਰ ਭਵਾਨੀ ਭੀਖਮ ਨੂੰ ਜਗਾਇਆ ਅਤੇ ਸਾਰੀ ਘਟਨਾ ਬਾਰੇ ਦੱਸਿਆ ਤਾਂ ਭਵਾਨੀ ਭੀਖਮ ਇਕ ਡਾਂਗ ਲੈ ਕੇ ਬਾਹਰ ਗਿਆ ਅਤੇ ਚੋਰਾਂ ਦੇ ਨਾਲ ਭਿੜ ਗਿਆ, ਉਦੋਂ ਤੱਕ ਜਸਪ੍ਰੀਤ ਵੀ ਕਿਰਪਾਨ ਲੈ ਕੇ ਭਵਾਨੀ ਦੇ ਨਾਲ ਹੀ ਚੋਰਾਂ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ : NRI ਪਤਨੀ ਨੇ ਪਤੀ ਨੂੰ ਦਿਵਾਈ ਕੈਨੇਡਾ ਦੀ PR, ਜਦੋਂ ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ
ਇਸ ਦੌਰਾਨ ਚੋਰਾਂ ਦਾ ਇਕ ਸਾਥੀ ਜਿਸ ਕੋਲ ਰਿਵਾਲਵਰ ਸੀ, ਇਕ ਦਮ ਫਾਇਰਿੰਗ ਕਰਨ ਲੱਗਾ। ਜਸਪ੍ਰੀਤ ਨੇ ਹੌਂਸਲਾ ਵਿਖਾਉਂਦੇ ਹੋਏ ਫਾਇਰਿੰਗ ਕਰ ਰਹੇ ਚੋਰ ਦਾ ਰਿਵਾਲਵਰ ਵਾਲਾ ਗੁੱਟ ਫੜ ਲਿਆ ਪਰ ਉਹ ਲਗਾਤਾਰ ਫਾਇਰਿੰਗ ਕਰਦਾ ਰਿਹਾ, ਜਿਸ ’ਚੋਂ ਇਕ ਫਾਇਰ ਓਪਰੇਟਰ ਭਵਾਨੀ ਭੀਖਮ ਦੇ ਦਿਲ ਕੋਲ ਲੱਗਾ ਅਤੇ ਉਹ ਜ਼ਮੀਨ ’ਤੇ ਡਿੱਗ ਗਿਆ। ਫਾਇਰਿੰਗ ਕਰ ਰਹੇ ਚੋਰ ਨੇ ਲਗਭਗ 5 ਤੋਂ 6 ਰਾਊਂਡ ਫਾਇਰ ਕੀਤੇ, ਜਿਸਦੇ ਬਾਅਦ ਉਸਦੇ ਸਾਥੀਆਂ ਨੇ ਜਸਪ੍ਰੀਤ ਦੇ ਸਿਰ ’ਤੇ ਵਾਰ ਕੀਤਾ ਤਾਂ ਉਸਦੀ ਦਸਤਾਰ ਉਤਰ ਗਈ ਅਤੇ ਵਾਲ ਖੁੱਲ ਗਏ। ਗੰਭੀਰ ਜਖ਼ਮੀ ਹਾਲਤ ’ਚ ਜਸਪ੍ਰੀਤ ਕੋਲੋਂ ਚੋਰ ਛੁੱਟ ਗਿਆ ਅਤੇ ਉਹ ਸਾਰੇ ਮੌਕੇ ਤੋਂ ਫਰਾਰ ਹੋ ਗਏ, ਇਸ ਤੋਂ ਬਾਅਦ ਕਰੀਬ ਸਵਾ ਚਾਰ ਵਜੇ ਜਸਪ੍ਰੀਤ ਨੇ ਆਪਣੇ ਚਾਚਾ ਸੁਖਦੇਵ ਸਿੰਘ ਨੂੰ ਫੋਨ ਕੀਤਾ ਪਰ ਸੁਖਦੇਵ ਸਿੰਘ ਕਿਸੇ ਕਾਰਨ ਫੋਨ ਟੁੱਕ ਨਾ ਸਕਿਆ ਤਾਂ ਜਸਪ੍ਰੀਤ ਨੇ ਆਪਣੀ ਚਾਚੀ ਦੇ ਫੋਨ ’ਤੇ ਕਾਲ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ, ਜਦੋਂ ਤੱਕ ਸੁਖਦੇਵ ਸਿੰਘ ਧਾਂਦਰਾ ਰੋਡ ਤੋਂ ਚੱਲ ਕੇ ਫੈਕਟਰੀ ਪਹੁੰਚਿਆ ਉਦੋਂ ਤੱਕ ਜਸਪ੍ਰੀਤ ਨੇ ਐਬੂਲੈਂਸ ਅਤੇ ਪੁਲਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਸੀ। ਇਸ ਦੌਰਾਨ ਗੰਭੀਰ ਜ਼ਖ਼ਮੀ ਹੋਏ ਓਪਰੇਟਰ ਭਵਾਨੀ ਭੀਖਮ ਦੀ ਹਸਪਤਾਲ ਲਿਜਾਂਦੇ ਹੋਏ ਰਸਤੇ ’ਚ ਮੌਤ ਹੋ ਗਈ।
ਇਹ ਵੀ ਪੜ੍ਹੋ : ਕੰਮ ਤੋਂ ਘਰ ਆਈ ਮਾਂ ਲੱਭਦੀ ਰਹੀ ਛੇ ਸਾਲਾ ਧੀ ਨੂੰ, ਜਦੋਂ ਸਹੁਰੇ ਦੇ ਕਮਰੇ ’ਚ ਦੇਖਿਆ ਤਾਂ ਉੱਡੇ ਹੋਸ਼
ਪੁਲਸ ਕਮਿਸ਼ਨਰ ਖੁਦ ਪਹੁੰਚੇ ਮੌਕਾ ਦੇਖਣ
ਚੋਰੀ ਦੀ ਵਾਰਦਾਤ ਦੌਰਾਨ ਚੋਰਾਂ ਵੱਲੋਂ ਕੀਤੀ ਗਈ ਵਾਰਦਾਤ ਦਾ ਪਤਾ ਚੱਲਦੇ ਹੀ ਜਿੱਥੇ ਜ਼ਿਲ੍ਹਾ ਪੁਲਸ ਕਮਿਸ਼ਨਰ ਕੌਸਤੁਬ ਸ਼ਰਮਾ ਅਤੇ ਹੋਰ ਉੱਚ ਅਧਿਕਾਰੀ ਮੌਕਾ ਦੇਖਣ ਪਹੁੰਚੇ, ਉਥੇ ਹੀ ਫਾਰੈਂਸਿਕ, ਡਾਗ ਸਕੁਐਡ ਅਤੇ ਫਿੰਗਰ ਪ੍ਰਿੰਟ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ।
ਸਹੀ ਜਗ੍ਹਾ ’ਤੇ ਲਗਾਇਆ ਦੀਵਾਰ ਨੂੰ ਪਾੜ
ਫੈਕਟਰੀ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਚੋਰਾਂ ਨੂੰ ਫੈਕਟਰੀ ਦੇ ਅੰਦਰ ਦੀ ਪੂਰੀ ਜਾਣਕਾਰੀ ਸੀ। ਇਸੇ ਕਰਕੇ ਚੋਰਾਂ ਨੇ ਜਿਸ ਕੰਧ ਨੂੰ ਪਾੜ ਲਗਾਇਆ, ਉਹ ਅੰਦਰ ਬਣੇ ਦਫਤਰ ਤੋਂ ਹਟਵੀਂ ਅਤੇ ਜ਼ਮੀਨ ਪੂਰੀ ਸਾਢੇ ਚਾਰ ਫੁੱਟ ਉੱਚੀ ਸੀ। ਚੋਰੀ ਦੀ ਇਸ ਵਾਰਦਾਤ ਦੌਰਾਨ ਚੋਰ ਕੁਝ ਕੁ ਸਮਾਨ ਚੋਰੀ ਕਰਕੇ ਲਿਜਾਣ ’ਚ ਸਫਲ ਹੋ ਗਏ ਪਰ ਜ਼ਿਆਦਾਤਰ ਸਮਾਨ ਬਚ ਗਿਆ।
ਇਹ ਵੀ ਪੜ੍ਹੋ : ਜਿਸ ਪੁੱਤ ਦੇ ਸਜਾਉਣਾ ਸੀ ਸਿਹਰਾ ਉਸ ਨੂੰ ਵਿਆਹ ਲੈ ਗਈ ਮੌਤ, ਸ਼ਗਨਾਂ ਤੋਂ ਪਹਿਲਾਂ ਹੀ ਉੱਜੜ ਗਈਆਂ ਖ਼ੁਸ਼ੀਆਂ
ਸੀ.ਸੀ.ਟੀ.ਵੀ. ’ਚ ਕੈਦ ਹੋਏ ਚੋਰ
ਹਾਲਾਂਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ ਪਰ ਇਹ ਘਟਨਾ ਆਸਪਾਸ ਲੱਗੇ ਕੁਝ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਪੁਲਸ ਅਧਿਕਾਰੀਆਂ ਅਨੁਸਾਰ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।