ਫਗਵਾੜਾ ''ਚ ਸ਼ਾਤਰ ਚੋਰਾਂ ਨੇ ਖੇਤਾਂ ''ਚੋਂ ਟਰਾਂਸਫਾਰਮਰ ਦਾ ਤੇਲ ਤੇ ਤਾਂਬਾ ਕੀਤਾ ਚੋਰੀ, ਕਿਸਾਨਾਂ ''ਚ ਭਾਰੀ ਰੋਸ

Saturday, Aug 22, 2026 - 08:41 AM (IST)

ਫਗਵਾੜਾ ''ਚ ਸ਼ਾਤਰ ਚੋਰਾਂ ਨੇ ਖੇਤਾਂ ''ਚੋਂ ਟਰਾਂਸਫਾਰਮਰ ਦਾ ਤੇਲ ਤੇ ਤਾਂਬਾ ਕੀਤਾ ਚੋਰੀ, ਕਿਸਾਨਾਂ ''ਚ ਭਾਰੀ ਰੋਸ

ਫਗਵਾੜਾ (ਜਲੋਟਾ) : ਫਗਵਾੜਾ ਦੇ ਪਿੰਡ ਨਰੂੜ ਵਿਖੇ ਬੀਤੀ ਰਾਤ ਬੇਖੌਫ਼ ਚੋਰਾਂ ਨੇ ਖੇਤਾਂ ਵਿੱਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਤੋਂ ਤੇਲ ਅਤੇ ਕੀਮਤੀ ਤਾਂਬਾ ਚੋਰੀ ਕਰ ਲਿਆ। ਇਸ ਘਟਨਾ ਨਾਲ ਇਲਾਕੇ ਦੇ ਕਿਸਾਨਾਂ ਵਿੱਚ ਭਾਰੀ ਚਿੰਤਾ ਅਤੇ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਬਿਨਾਂ ਕਿਸੇ ਡਰ-ਭੈਅ ਦੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਨਾਲ ਸਥਾਨਕ ਪੁਲਸ ਦੀ ਕਾਰਜਪ੍ਰਣਾਲੀ ''ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਪੀੜਤ ਕਿਸਾਨ ਅਮਰਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਹੋਈ ਭਾਰੀ ਬਾਰਿਸ਼ ਦਾ ਫਾਇਦਾ ਚੁੱਕ ਕੇ ਚੋਰਾਂ ਨੇ ਚਲਦੀ ਬਿਜਲੀ ਸਪਲਾਈ ਦੌਰਾਨ ਹੀ ਟਰਾਂਸਫਾਰਮਰ ਦਾ ਸਮਾਨ ਅਤੇ ਤੇਲ ਗਾਇਬ ਕਰ ਦਿੱਤਾ। ਇਸ ਤੋਂ ਪਹਿਲਾਂ ਵੀ 29 ਜੂਨ ਨੂੰ ਚੋਰਾਂ ਨੇ ਕਰੀਬ ਡੇਢ ਦਰਜਨ ਤੋਂ ਵੱਧ ਕਿਸਾਨਾਂ ਦੀਆਂ ਮੋਟਰਾਂ ਤੋਂ ਕੀਮਤੀ ਤਾਰਾਂ ਚੋਰੀ ਕਰ ਲਈਆਂ ਸਨ, ਪਰ ਪੁਲਸ ਪ੍ਰਸ਼ਾਸਨ ਹੁਣ ਤੱਕ ਚੋਰਾਂ ਨੂੰ ਫੜਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ। ਕਿਸਾਨਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਜੇਕਰ ਜਲਦ ਹੀ ਨਵਾਂ ਟਰਾਂਸਫਾਰਮਰ ਨਾ ਲਗਾਇਆ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਨਾ ਹੋਈ ਤਾਂ ਸਿੰਚਾਈ ਦੇ ਖੂਹ/ਮੋਟਰਾਂ ਨਾ ਚੱਲਣ ਕਾਰਨ ਉਨ੍ਹਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੀਆਂ।

ਇਹ ਵੀ ਪੜ੍ਹੋ : ਹਲਵਾਰਾ ’ਚ ATM ਲੁੱਟਣ ਦੀ ਕੋਸ਼ਿਸ਼! ਅਲਾਰਮ ਵੱਜਣ ’ਤੇ ਫ਼ਰਾਰ ਹੋਏ ਨਕਾਬਪੋਸ਼ ਬਦਮਾਸ਼

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਨੇ ਮੌਕੇ ''ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਮੌਕੇ ''ਤੇ ਜਾਂਚ ਕਰਨ ਆਏ ਪੁਲਸ ਅਧਿਕਾਰੀਆਂ ਨੇ ਮੰਨਿਆ ਕਿ ਸਥਾਨਕ ਪੁਲਸ ਚੌਂਕੀ ਵਿੱਚ ਮੁਲਾਜ਼ਮਾਂ ਦੀ ਭਾਰੀ ਘਾਟ ਹੈ। ਦੱਸਿਆ ਜਾ ਰਿਹਾ ਹੈ ਕਿ ਚੌਂਕੀ ਅਧੀਨ ਕੁੱਲ 9 ਪਿੰਡ ਆਉਂਦੇ ਹਨ, ਜਦਕਿ ਉੱਥੇ ਸਿਰਫ਼ 3 ਪੁਲਸ ਮੁਲਾਜ਼ਮ ਤਾਇਨਾਤ ਹਨ, ਜਿਸ ਕਾਰਨ ਰਾਤ ਵੇਲੇ ਗਸ਼ਤ ਕਰਨ ਵਿੱਚ ਕਾਫ਼ੀ ਦਿੱਕਤ ਆਉਂਦੀ ਹੈ। ਉਧਰ ਪਾਵਰਕੌਮ ਵਿਭਾਗ ਦੇ ਐੱਸ.ਡੀ.ਓ. ਗੁਰਿੰਦਰ ਪਾਲ ਸਿੰਘ ਨਾਲ ਫ਼ੋਨ ''ਤੇ ਸੰਪਰਕ ਕਰਨ ''ਤੇ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਕਿਸਾਨਾਂ ਦੀ ਸਹੂਲਤ ਲਈ ਜਲਦ ਹੀ ਨਵਾਂ ਟਰਾਂਸਫਾਰਮਰ ਲਗਵਾ ਦਿੱਤਾ ਜਾਵੇਗਾ। ਕਿਸਾਨਾਂ ਨੇ ਉੱਚ ਅਧਿਕਾਰੀਆਂ ਤੋਂ ਇਲਾਕੇ ਵਿੱਚ ਪੁਲਸ ਸੁਰੱਖਿਆ ਬਲ ਵਧਾਉਣ ਅਤੇ ਰਾਤ ਦੀ ਗਸ਼ਤ ਨੂੰ ਤੇਜ਼ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News