ਮਾਛੀਵਾੜਾ ਪੁਲਸ ਵਲੋਂ ਕਣਕ ਚੋਰ ਗਿਰੋਹ ਦੇ 2 ਮੈਂਬਰ ਕਾਬੂ, ਪਹਿਰੇਦਾਰ ਨੂੰ ਬੰਧਕ ਬਣਾ ਲੁੱਟੀਆਂ ਸੀ 85 ਬੋਰੀਆਂ
Wednesday, Apr 27, 2022 - 04:20 PM (IST)
ਮਾਛੀਵਾੜਾ ਸਾਹਿਬ, 27 ਅਪ੍ਰੈਲ (ਟੱਕਰ) - ਮਾਛੀਵਾੜਾ ਪੁਲਸ ਵਲੋਂ 2 ਦਿਨ ਪਹਿਲਾਂ ਅਨਾਜ ਮੰਡੀ ਵਿਚ ਇਕ ਆੜ੍ਹਤੀ ਦੇ ਫੜ ’ਚੋਂ ਪਹਿਰੇਦਾਰ ਨੂੰ ਬੰਧਕ ਬਣਾ ਜੋ ਕਣਕ ਦੀਆਂ ਬੋਰੀਆਂ ਚੋਰੀ ਕੀਤੀਆਂ ਸਨ। ਇਸ ਮਾਮਲੇ ਵਿਚ ਗਿਰੋਹ ਦੇ 2 ਮੈਂਬਰ ਕਾਬੂ ਕਰ ਲਏ ਗਏ ਹਨ ਜਿਨ੍ਹਾਂ ਦੀ ਪਹਿਚਾਣ ਨਿਰਮਲ ਸਿੰਘ ਵਾਸੀ ਤਲਵੰਡੀ ਸੱਲਾ ਅਤੇ ਜਗਤਾਰ ਸਿੰਘ ਵਾਸੀ ਟਾਂਡਾ ਵਜੋਂ ਹੋਈ ਹੈ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਮਾਛੀਵਾੜਾ ਅਨਾਜ ਮੰਡੀ ਦੇ ਆੜ੍ਹਤੀ ਸ਼ਕਤੀ ਆਨੰਦ ਦੀ ਦੁਕਾਨ ਤੋਂ 24 ਅਪ੍ਰੈਲ ਨੂੰ ਤੜਕੇ ਇਕ ਕੈਂਟਰ ਵਿਚ ਤਿੰਨ ਵਿਅਕਤੀ ਆਏ ਜਿਨ੍ਹਾਂ ਨੇ ਉੱਥੋਂ 85 ਬੋਰੀਆਂ ਕਣਕ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਸ ਵਲੋਂ ਪਰਚਾ ਦਰਜ ਕਰਕੇ ਇਸ ਮਾਮਲੇ ਵਿਚ ਨਿਰਮਲ ਸਿੰਘ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਦੌਰਾਨ ਇਸ ਗਿਰੋਹ ਦਾ ਮੁੱਖ ਸਰਗਨਾ ਜਗਤਾਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਦੀ ਗ੍ਰਿਫ਼ਤਾਰੀ ਉਪਰੰਤ ਪੁਲਸ ਵਲੋਂ ਆੜ੍ਹਤੀ ਦੀ ਦੁਕਾਨ ਤੋਂ ਚੋਰੀ ਹੋਈਆਂ ਕਰੀਬ 45 ਬੋਰੀਆਂ ਬਰਾਮਦ ਕਰ ਲਈਆਂ ਜਦਕਿ 40 ਬੋਰੀਆਂ ਉਹ ਵੇਚ ਚੁੱਕਾ ਸੀ।
ਇਸ ਤੋਂ ਇਲਾਵਾ ਕੈਂਟਰ ਨੰ. ਪੀ.ਬੀ.65ਵੀ-3211 ਜਿਸ ਵਿਚ ਇਹ ਚੋਰੀ ਕਰਕੇ ਲੈ ਕੇ ਗਏ ਸਨ ਉਹ ਵੀ ਫੜ ਲਿਆ ਗਿਆ ਹੈ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਇਸ ਚੋਰ ਗਿਰੋਹ ਦਾ ਮੁੱਖ ਸਰਗਨਾ ਜਗਤਾਰ ਸਿੰਘ ’ਤੇ ਪਹਿਲਾਂ ਵੱਖ-ਵੱਖ 13 ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਟਾਂਡਾ ਦੀ ਪੁਲਸ ਮਾੜੇ ਚਰਿੱਤਰ ਵਾਲਾ ਵਿਅਕਤੀ ਐਲਾਨਿਆ ਹੋਇਆ ਹੈ। ਮਾਛੀਵਾੜਾ ਇਲਾਕੇ ਵਿਚ ਉਨ੍ਹਾਂ ਵਲੋਂ ਦਾਣਾ ਮੰਡੀ ’ਚ ਚੋਰੀ ਦੀ ਪਹਿਲੀ ਘਟਨਾ ਹੈ। ਪੁਲਸ ਨੇ ਦੱਸਿਆ ਕਿ ਇਹ 23 ਅਪ੍ਰੈਲ ਨੂੰ ਕੈਂਟਰ ਲੈ ਕੇ ਮਾਛੀਵਾੜਾ ’ਚ ਆਏ ਅਤੇ ਸਾਰਾ ਦਿਨ ਮੰਡੀ ਦੇ ਆਸ-ਪਾਸ ਰੇਕੀ ਕਰਦੇ ਰਹੇ ਤਾਂ ਜੋ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਜਾ ਸਕੇ। ਥਾਣਾ ਮੁਖੀ ਅਨੁਸਾਰ ਇਸ ਮਾਮਲੇ ’ਚ ਜੋ ਬਾਕੀ ਕਥਿਤ ਦੋਸ਼ੀ ਹਨ ਉਹ ਵੀ ਗ੍ਰਿਫ਼ਤਾਰ ਕਰ ਲਏ ਜਾਣਗੇ।