ਪੰਜਾਬ ’ਚ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਵੱਡਾ ਹੁੰਗਾਰਾ, 88 ਹਜ਼ਾਰ ਫਰੰਟਲਾਈਨ ਵਰਕਰਾਂ ਨੂੰ ਲੱਗਿਆ ਟੀਕਾ
Thursday, Feb 11, 2021 - 03:10 PM (IST)
ਚੰਡੀਗੜ੍ਹ (ਸ਼ਰਮਾ) : ਸਿਹਤ ਮਹਿਕਮੇ ਦੇ ਅਧਿਕਾਰੀਆਂ ਲਈ ਟੀਕੇ ਦੀ ਪਹਿਲੀ ਖ਼ੁਰਾਕ ਲਗਵਾਉਣ ਵਾਸਤੇ 19 ਫਰਵਰੀ ਨੂੰ ਆਖ਼ਰੀ ਤਰੀਕ ਮਿੱਥੇ ਜਾਣ ਨਾਲ ਹੀ ਵੱਡੀ ਗਿਣਤੀ ਵਿਚ ਕਰਮਚਾਰੀ ਟੀਕਾ ਲਗਵਾਉਣ ਲਈ ਅੱਗੇ ਆ ਰਹੇ ਹਨ। ਹਾਲ ਹੀ ’ਚ ਪੰਜਾਬ ਸਰਕਾਰ ਵਲੋਂ ਫੈਸਲਾ ਲਿਆ ਗਿਆ ਹੈ ਕਿ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਇਸ ਮਹੀਨੇ ਦੀ 19 ਤਰੀਕ ਤੱਕ ਹੀ ਮੁਹੱਈਆ ਕਰਵਾਈ ਜਾਏਗੀ। ਮੁੱਖ ਸਕੱਤਰ, ਪੰਜਾਬ ਵਿਨੀ ਮਹਾਜਨ ਨੇ ਕਿਹਾ ਕਿ ਇਸ ਮੁਹਿੰਮ ਅਧੀਨ ਸਿਹਤ ਮਹਿਕਮੇ ਦੇ ਕਈ ਸੀਨੀਅਰ ਪ੍ਰਸ਼ਾਸਕੀ ਅਤੇ ਸਿਹਤ ਅਧਿਕਾਰੀਆਂ ਟੀਕਾਕਰਨ ਕਰਵਾ ਰਹੇ ਹਨ। ਪੀ. ਜੀ. ਆਈ, ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਅਤੇ ਪੰਜਾਬ ਸਰਕਾਰ ਦੇ ਸਲਾਹਕਾਰ ਪ੍ਰੋ. ਕੇ. ਕੇ. ਤਲਵਾੜ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਹੁਸਨ ਲਾਲ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ, ਡੀ. ਕੇ. ਤਿਵਾੜੀ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਦੇ ਉਪ ਕੁਲਪਤੀ ਪ੍ਰੋ. ਰਾਜ ਬਹਾਦੁਰ, ਏਮਜ਼ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. ਡੀ.ਕੇ. ਸਿੰਘ, ਡਾਇਰੈਕਟਰ ਈ.ਐੱਸ.ਆਈ ਡਾ. ਓਮ ਪ੍ਰਕਾਸ਼ ਗੋਜਰਾ, ਡਾਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ, ਪੰਜਾਬ, ਡਾ. ਅਰੀਤ ਕੌਰ, ਕੋਵਿਡ-19 ਸਬੰਧੀ ਪੰਜਾਬ ਦੇ ਨੋਡਲ ਅਧਿਕਾਰੀ ਡਾ. ਰਾਜੇਸ਼ ਭਾਸਕਰ, ਸਾਬਕਾ ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਡਾ.ਅਵਨੀਤ ਕੌਰ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਵਧੀਕ ਪ੍ਰੋਜੈਕਟ ਡਾਇਰੈਕਟਰ ਡਾ. ਮਨਪ੍ਰੀਤ ਛਤਵਾਲ, ਯੂਨਾਇਟਿਡ ਹੈਲਥ ਡਿਵੈਪਮੈਂਟ ਪੋ੍ਰਗਰਾਮ ਦੇ ਸਲਾਹਕਾਰ ਡਾ. ਮਨੀਸ਼ਾ, ਉਨ੍ਹਾਂ ਸਿਹਤ ਪੇਸ਼ੇਵਰਾਂ ਵਿਚੋਂ ਹਨ, ਜਿਨ੍ਹਾਂ ਨੂੰ ਪਹਿਲਾਂ ਹੀ ਟੀਕਾ ਲਗਾਇਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਕਾਂਗਰਸ ਡਰਾ, ਧਮਕਾ ਕੇ ਕਰ ਰਹੀ ਲੋਕਤੰਤਰ ਦੀ ਹੱਤਿਆ : ਅਸ਼ਵਨੀ ਸ਼ਰਮਾ
ਇਸ ਦੇ ਨਾਲ ਹੀ 13 ਡਿਪਟੀ ਕਮਿਸ਼ਨਰਾਂ, 19 ਸੀਨੀਅਰ ਸੁਪਰਡੈਂਟ ਆਫ਼ ਪੁਲਸ, 19 ਸਿਵਲ ਸਰਜਨਾਂ ਅਤੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਹੋਰ ਪ੍ਰਮੁੱਖ ਸੀਨੀਅਰ ਅਧਿਕਾਰੀਆਂ ਨੂੰ ਵੀ ਟੀਕਾ ਲਗਾਇਆ ਗਿਆ ਹੈ। ਸੂਬੇ ’ਚ ਹੁਣ ਤੱਕ 71,121 ਹੈਲਥ ਕੇਅਰ ਵਰਕਰ ਅਤੇ 17,350 ਫਰੰਟਲਾਈਨ ਵਰਕਰ ਟੀਕਾ ਲਗਵਾ ਚੁੱਕੇ ਹਨ। ਵਿਨੀ ਮਹਾਜਨ ਨੇ ਕਿਹਾ ਕਿ ਕਿ ਵੱਡੀ ਗਿਣਤੀ ਵਿਚ ਸੀਨੀਅਰ ਸਿਵਲ ਅਤੇ ਪੁਲਸ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਸੰਭਾਲ ਕਰਮਚਾਰੀਆਂ ਦੇ ਟੀਕਾਕਰਨ ਲਈ ਅੱਗੇ ਆਉਣ ਨਾਲ ਲੋਕਾਂ ਦੇ ਸ਼ੰਕੇ ਅਤੇ ਗ਼ਲਤਫ਼ਹਿਮੀਆਂ ਦੂਰ ਹੋਣਗੀਆਂ ਅਤੇ ਟੀਕਾਕਰਨ ਮੁਹਿੰਮ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਟੀਕਾਕਰਨ ਪ੍ਰਤੀ ਸੀਨੀਅਰ ਅਧਿਕਾਰੀਆਂ ਵਲੋਂ ਦਿਖਾਏ ਗਏ ਭਰੋਸੇ ਸਦਕਾ ਮਾਹੌਲ ਸਾਰਥਕ ਬਣਿਆ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਟੀਕਾਕਰਨ ਦੀ ਰਫ਼ਤਾਰ ਵਿਚ ਹੋਰ ਤੇਜ਼ੀ ਆਵੇਗੀ।
ਇਹ ਵੀ ਪੜ੍ਹੋ : ਅਨੰਦਪੁਰ ਸਾਹਿਬ ਦਾ ਮਤਾ ਉਸ ਵੇਲੇ ਮੰਨਵਾ ਲਿਆ ਜਾਂਦਾ ਤਾਂ ਅੱਜ ਇਹ ਦਿਨ ਦੇਖਣੇ ਨਹੀਂ ਸੀ ਪੈਣੇ : ਢੀਂਡਸਾ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ