ਪੰਜਾਬ 'ਚ 30 ਜੂਨ ਤੱਕ ਇਨ੍ਹਾਂ ਥਾਵਾਂ ਨੂੰ ਨਹੀਂ ਮਿਲੇਗੀ ਕੋਈ ਛੋਟ

Sunday, May 31, 2020 - 11:32 PM (IST)

ਚੰਡੀਗੜ੍ਹ,(ਅਸ਼ਵਨੀ)- ਕੇਂਦਰ ਸਰਕਾਰ ਵਲੋਂ ਅਨਲਾਕ 1.0 ਲਈ ਜਾਰੀ ਨਿਰਦੇਸ਼ਾਂ ਦੀ ਦਿਸ਼ਾ 'ਚ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਐਤਵਾਰ ਨੂੰ 8 ਜੂਨ 2020 ਤੋਂ ਹੋਟਲ, ਪ੍ਰਾਹੁਣਚਾਰੀ ਸੇਵਾਵਾਂ, ਸ਼ਾਪਿੰਗ ਮਾਲ, ਧਾਰਮਿਕ ਸਥਾਨ ਅਤੇ ਬੈਠ ਕੇ ਖਾਣ ਲਈ ਰੈਸਟੋਰੈਂਟ ਖੋਲ੍ਹਣ ਲਈ ਸਪੱਸ਼ਟ ਨਿਰਧਾਰਤ ਸੰਚਾਲਨ ਵਿਧੀ (ਐੱਸ. ਓ. ਪੀਜ਼) ਤੇ ਦਿਸ਼ਾ ਨਿਰਦੇਸ਼ ਬਣਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕੱਲ੍ਹ ਤੋਂ ਗੈਰ ਸੀਮਤ ਜ਼ੋਨਾਂ 'ਚ ਸ਼ਰਾਬ, ਹਜ਼ਾਮਤ, ਬਿਊਟੀ ਪਾਰਲਰ, ਸਪਾਅ ਆਦਿ ਦੀਆਂ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀਆਂ ਗਤੀਵਿਧੀਆਂ 'ਤੇ ਇਸ ਗੇੜ ਦੌਰਾਨ 1 ਜੂਨ ਤੋਂ 30 ਜੂਨ ਤੱਕ ਪਾਬੰਦੀ ਹੋਵੇਗੀ ਉਨਾਂ ਵਿੱਚ ਸਿਨੇਮਾ ਹਾਲ, ਜ਼ਿਮਨੇਜ਼ੀਅਮ, ਸਵਿੰਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅੰਸੈਬਲੀ ਹਾਲ ਅਤੇ ਅਜਿਹੀਆਂ ਹੋਰ ਥਾਵਾਂ ਸ਼ਾਮਲ ਹਨ। ਸਮਾਜਿਕ/ਰਾਜਨੀਤਕ/ਖੇਡਾਂ/ਮਨੋਰੰਜਨ/ਅਕਾਦਮਿਕ/ਸਭਿਆਚਾਰਕ/ਧਾਰਮਿਕ ਸਮਾਗਮਾਂ ਅਤੇ ਹੋਰ ਇਕੱਠ ਕਰਨ ਦੀ ਆਗਿਆ ਨਹੀਂ ਹੈ। ਇਸ ਤੋਂ ਇਲਾਵਾ ਜਨਤਕ ਥਾਵਾਂ 'ਤੇ ਥੁੱਕਣ, ਸ਼ਰਾਬ ਪੀਣ, ਪਾਨ, ਤੰਬਾਕੂ ਆਦਿ ਦੀ ਪੂਰਨ ਪਾਬੰਦੀ ਹੋਵੇਗੀ ਭਾਵੇਂ ਇਨਾਂ ਦੀ ਵਿਕਰੀ 'ਤੇ ਕੋਈ ਪਾਬੰਦੀ ਨਹੀਂ ਹੈ।
ਉਨ੍ਹਾਂ ਸਿਹਤ ਤੇ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 1 ਜੂਨ ਤੋਂ 30 ਜੂਨ ਤੱਕ ਦੇ ਲਾਕਡਾਊਨ ਦੇ ਸਮੇਂ ਲਈ ਗੈਰ ਸੀਮਤ ਜ਼ੋਨਾਂ 'ਚ ਗਤੀਵਿਧੀਆਂ ਅਤੇ ਆਉਣ-ਜਾਣ ਦੀ ਇਜ਼ਾਜਤ ਦੇਣ ਲਈ ਵਿਸਥਾਰ 'ਚ ਨਿਰਧਾਰਤ ਸੰਚਾਲਨ ਵਿਧੀ ਲੈ ਕੇ ਆਉਣ। ਸੀਮਤ ਜ਼ੋਨਾਂ 'ਚ ਸਿਰਫ ਜ਼ਰੂਰੀ ਸੇਵਾਵਾਂ ਦੀ ਹੀ ਆਗਿਆ ਦਿੱਤੀ ਜਾਵੇ। ਘੇਰੇ 'ਤੇ ਸਖ਼ਤੀ ਨਾਲ ਕੰਟਰੋਲ ਕੀਤਾ ਜਾਵੇ। ਅਜਿਹੀਆਂ ਜ਼ੋਨਾਂ ਦੀ ਸ਼ਨਾਖਤ ਜ਼ਿਲਾ ਅਥਾਰਟੀ ਵਲੋਂ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ 'ਚ ਰੱਖਦਿਆਂ ਹੀ ਕੀਤੀ ਜਾਵੇਗੀ। ਜ਼ਿਲਾ ਅਥਾਰਟੀ ਵਲੋਂ ਸੀਮਤ ਜ਼ੋਨਾਂ ਤੋਂ ਬਾਹਰ ਬਫਰ ਜ਼ੋਨਾਂ ਦੀ ਸ਼ਨਾਖਤ ਕੀਤੀ ਜਾਵੇਗੀ ਜਿੱਥੇ ਜੇ ਬੰਦਿਸ਼ਾਂ ਦੀ ਲੋੜ ਪਈ ਤਾਂ ਲਗਾਈਆਂ ਜਾ ਸਕਣਗੀਆਂ।
ਸਾਰੀ ਗੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ ਦੀਆਂ ਪਾਬੰਦੀਆਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਨੂੰ ਸੀ. ਆਰ. ਪੀ. ਸੀ. ਦੀ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਜਾਰੀ ਕਰਨ ਅਤੇ ਇਨ੍ਹਾਂ ਦੀ ਸਖਤੀ ਨਾਲ ਪਾਲਣਾ ਦੇ ਆਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ 1 ਜੂਨ ਤੋਂ ਮੇਨ ਬਾਜ਼ਾਰ 'ਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਿਆ ਕਰਨਗੀਆਂ ਅਤੇ ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਮੇਨ ਬਾਜ਼ਾਰਾਂ, ਮਾਰਕਿਟ ਕੰਪਲੈਕਸਾਂ ਅਤੇ ਰੇਹੜੀ ਮਾਰਕਿਟਾਂ 'ਚ ਭੀੜ-ਭੜੱਕਾ ਰੋਕਣ ਲਈ ਸਮੇਂ ਤੈਅ ਕਰਨ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਅਖਤਿਆਰ ਵਰਤਣ ਲਈ ਅਧਿਕਾਰਤ ਕੀਤਾ ਗਿਆ ਹੈ। ਸਿਹਤ ਵਿਭਾਗ ਵਲੋਂ ਜਾਰੀ ਕੀਤੀ ਜਾ ਰਹੀ ਨਿਰਧਾਰਤ ਸੰਚਾਲਨ ਵਿਧੀ ਦੀ ਪਾਲਣਾ ਦੀ ਸ਼ਰਤ 'ਤੇ ਹਜ਼ਾਮਤ ਦੀਆਂ ਦੁਕਾਨਾਂ, ਵਾਲ ਕੱਟਣ ਵਾਲੇ ਸੈਲੂਨ, ਬਿਊਟੀ ਪਾਰਲਰ ਅਤੇ ਸਪਾਅ ਭਲਕ ਤੋਂ ਖੋਲ੍ਹਣ ਦੀ ਇਜਾਜ਼ਤ ਹੈ। ਹਾਲਾਂਕਿ, ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਾਰੇ ਐੱਸ. ਓ. ਪੀਜ਼. ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਸਮੇਤ ਸਿਹਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਕਿ ਸ਼ਹਿਰਾਂ ਅਤੇ ਜ਼ਿਲਿਆਂ ਦਰਮਿਆਨ ਆਉਣ-ਜਾਣ 'ਤੇ ਕੋਈ ਬੰਦਿਸ਼ ਨਹੀਂ ਪਰ ਬੇਲੋੜੇ ਸਫ਼ਰ ਤੋਂ ਗੁਰੇਜ਼ ਕੀਤਾ ਜਾਵੇ।


Bharat Thapa

Content Editor

Related News