ਸ੍ਰੀ ਸਿੱਧ ਬਾਬਾ ਸੋਢਲ ਮੇਲੇ ਮੌਕੇ ਹੋਣਗੇ ਪੁਖ਼ਤਾ ਪ੍ਰਬੰਧ, ਝੂਲਿਆਂ ਦੀ ਸੁਰੱਖਿਆ ਦੀ ਜਾਂਚ ਲਈ ਕਮੇਟੀ ਦਾ ਗਠਨ

Wednesday, Sep 20, 2023 - 05:44 PM (IST)

ਜਲੰਧਰ (ਬਿਊਰੋ)- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 28 ਸਤੰਬਰ ਨੂੰ ਲੱਗਣ ਵਾਲੇ ਸਲਾਨਾ ਮੇਲੇ ਦੌਰਾਨ ਸ੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਖੇ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ। ਇਸ ਸਬੰਧੀ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਮੱਥਾ ਟੇਕਣ ਵਾਲੇ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। 

ਉਨ੍ਹਾਂ ਕਿਹਾ ਕਿ ਇਲਾਕੇ ਦੇ ਇਸ ਮਹੱਤਵਪੂਰਨ ਸਾਲਾਨਾ ਮੇਲੇ ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ ਹਰ ਉਪਰਾਲਾ ਕੀਤਾ ਜਾਵੇਗਾ। ਲੋਕਾਂ ਨੂੰ ਮੇਲੇ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਉਨ੍ਹਾਂ ਇਸ ਪਵਿੱਤਰ ਅਸਥਾਨ 'ਤੇ ਆਉਣ ਵਾਲੇ ਹਰੇਕ ਵਿਅਕਤੀ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਾਰੰਗਲ ਨੇ ਇਹ ਵੀ ਕਿਹਾ ਕਿ ਮੇਲੇ ਵਿੱਚ ਲੱਗਣ ਵਾਲੇ ਝੂਲਿਆਂ ਦੇ ਸੁਰੱਖਿਆ ਮਾਪਦੰਡਾਂ ਦੀ ਜਾਂਚ ਲਈ ਮਾਹਿਰਾਂ ਦੀ ਅਗਵਾਈ ਵਿੱਚ ਇਕ ਕਮੇਟੀ ਗਠਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਪ੍ਰਬੰਧਕ ਮੇਲੇ ਵਿੱਚ ਝੂਲਿਆਂ ਦਾ ਸੰਚਾਲਨ ਕਰਨਗੇ। ਮੰਦਿਰ ਦੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਜਲੰਧਰ ਨੂੰ ਮੇਲੇ ਦੌਰਾਨ ਸਮੇਂ ਸਿਰ ਸਫਾਈ ਕਰਨ ਅਤੇ ਕੂੜਾ ਚੁੱਕਣ ਲਈ 24 ਘੰਟੇ ਲੋੜੀਂਦਾ ਸਟਾਫ਼ ਤਾਇਨਾਤ ਕਰਨ ਲਈ ਕਿਹਾ। 

ਇਸੇ ਤਰ੍ਹਾਂ ਉਨ੍ਹਾਂ ਵੱਲੋਂ ਨਗਰ ਨਿਗਮ ਨੂੰ ਡਸਟਬਿਨ ਰੱਖਣ, ਪੀਣ ਵਾਲੇ ਪਾਣੀ ਦੀ ਸਪਲਾਈ ਲਈ ਢੁੱਕਵੇਂ ਪ੍ਰਬੰਧ ਕਰਨ, ਆਰਜ਼ੀ ਪਖਾਨਿਆਂ ਦੀ ਸਥਾਪਨਾ ਤੋਂ ਇਲਾਵਾ ਸਾਰੀਆਂ ਸਟ੍ਰੀਟ ਲਾਈਟਾਂ ਦੀ ਮੁਰੰਮਤ ਆਦਿ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਸਾਰੰਗਲ ਨੇ ਕਮਿਸ਼ਨਰੇਟ ਪੁਲਸ ਨੂੰ ਮੇਲੇ ਦੌਰਾਨ ਸਮਾਜ ਵਿਰੋਧੀ ਅਨਸਰਾਂ 'ਤੇ ਸਖ਼ਤ ਨਜ਼ਰ ਰੱਖਣ ਲਈ ਵੀ ਕਿਹਾ। ਉਨ੍ਹਾਂ ਫਾਇਰ ਬ੍ਰਿਗੇਡ ਨੂੰ ਮੇਲੇ ਵਾਲੀ ਥਾਂ ਦੇ ਆਲੇ-ਦੁਆਲੇ ਲੋੜੀਂਦੇ ਫਾਇਰ ਟੈਂਡਰ ਲਗਾਉਣ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੂੰ ਸਮਾਗਮ ਦੌਰਾਨ ਟ੍ਰੈਫਿਕ ਦੇ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਢੁੱਕਵੇਂ ਸਾਈਨ ਬੋਰਡ ਲਗਾਉਣ ਲਈ ਵੀ ਕਿਹਾ। ਡਿਪਟੀ ਕਮਿਸ਼ਨਰ ਨੇ ਜਥੇਬੰਦੀਆਂ ਨੂੰ ਇਹ ਵੀ ਦੱਸਿਆ ਕਿ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਨੋਡਲ ਅਫ਼ਸਰ ਨਿਯੁਕਤ ਕੀਤੇ ਜਾਣਗੇ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਮਹਾਜਨ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਡੀ. ਸੀ. ਪੀ. ਜਗਮੋਹਨ ਸਿੰਘ, ਐੱਸ. ਡੀ. ਐੱਮਜ਼ ਅਤੇ ਨਗਰ ਨਿਗਮ ਜਲੰਧਰ ਦੇ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ- ਫਿਰੋਜ਼ਪੁਰ: ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਧਾਹਾਂ ਮਾਰ ਰੋਈ ਮਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News