ਨਾ ਹੜ੍ਹ ਆਉਣਗੇ ਨਾ ਰਹੇਗਾ ਸੋਕਾ, ਇੰਝ ਸੰਭਾਲੀਏ ਮੀਂਹ ਦਾ ਪਾਣੀ

7/25/2019 2:20:01 PM

ਜਗਬਾਣੀ ਵਿਸ਼ੇਸ਼ (ਜਸਬੀਰ ਵਾਟਾਂਵਾਲੀ) ਭਾਰੀ ਬਰਸਾਤਾਂ ਕਾਰਨ ਦੇਸ਼ ਭਰ ਵਿਚ ਜਿੱਥੇ ਕੁੱਝ ਇਲਾਕੇ ਹੜ੍ਹਾਂ ਦੀ ਮਾਰ ਹੇਠ ਹਨ, ਉੱਥੇ ਹੀ ਦੇਸ਼ ਦੇ ਕਈ ਹਿੱਸੇ ਉਮੀਦ ਤੋਂ ਵੀ ਘੱਟ ਹੋਈ ਬਰਸਾਤ ਕਾਰਨ ਸੋਕੇ ਦੀ ਸਮੱਸਿਆ ਨਾਲ ਵੀ ਜੂਝ ਰਹੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਸਾਲ ਵਾਪਰਦੀਆਂ ਹਨ ਕਿ ਕਿਸੇ ਇਲਾਕੇ ਵਿਚ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਅਤੇ ਕਈ ਇਲਾਕੇ ਪਾਣੀ ਨਾਲ ਨੱਕੋ-ਨੱਕ ਡੁੱਬੇ ਰਹਿੰਦੇ ਹਨ। ਆਜਾਦੀ ਦੇ 72 ਸਾਲ ਬੀਤ ਜਾਣ ਦੇ ਬਾਵਜੂਦ ਸਾਡੇ ਦੇਸ਼ ਵਿਚ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਸਰਕਾਰੀ ਪੱਧਰ ’ਤੇ ਕੋਈ ਬੰਦੋਬਸਤ ਨਹੀਂ ਕੀਤੇ ਗਏ। ਅੰਕੜਿਆਂ ’ਤੇ ਝਾਤੀ ਮਾਰੀਏ ਤਾਂ ਭਾਰਤ ਵਿਚ ਸਿਰਫ 10 ਤੋਂ 15 ਫੀਸਦੀ ਦੇ ਕਰੀਬ ਹੀ ਮੀਂਹ ਦਾ ਪਾਣੀ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਸ ਦੇ ਉਲਟ ਕਰੀਬ 85 ਫੀਸਦੀ ਮੀਂਹ ਦਾ ਪਾਣੀ ਨਦੀਆਂ ਨਾਲਿਆਂ ਰਾਹੀਂ ਵਹਿ ਕੇ ਸਮੁੰਦਰ ਵਿਚ ਚਲਾ ਜਾਂਦਾ ਹੈ। ਇਕੱਲੀ ਬ੍ਰਹਮਪੁਤਰ ਨਦੀ ਰਾਹੀਂ ਹੀ ਰੋਜ਼ਾਨਾਂ 2.16 ਲੱਖ ਘਣ ਮੀਟਰ ਪਾਣੀ ਅਜਾਈਂ ਹੀ ਬੰਗਾਲ ਦੀ ਖਾੜੀ ਵਿੱਚ ਚਲਾ ਜਾਂਦਾ ਹੈ।
ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਇਜ਼ਰਾਇਲ ਵਿਚ ਸਿਰਫ 10 ਤੋਂ 11 ਸੈਂਟੀਮੀਟਰ ਸਾਲਾਨਾ ਔਸਤਨ ਬਰਸਾਤ ਹੁੰਦੀ ਹੈ, ਇਸ ਦੇ ਬਾਵਜੂਦ ਉਹ ਅਨਾਜ ਅਤੇ ਹੋਰ ਖਾਧ ਪਦਾਰਥਾਂ ਦੀ ਦੇਸ਼-ਦੁਨੀਆ ’ਚ ਬਰਾਮਦ ਕਰਦਾ ਹੈ। ਦੂਜੇ ਪਾਸੇ ਭਾਰਤ ਵਿੱਚ ਔਸਤਨ ਬਰਸਾਤ 50 ਸੈਂਟੀਮੀਟਰ ਤੋਂ ਵੀ ਵਧੇਰੇ ਹੁੰਦੀ ਹੈ ਪਰੰਤੂ ਅਸੀਂ ਆਪਣੇ ਬਹੁਤ ਸਾਰੇ ਖਾਧ ਪਦਾਰਥਾਂ ਦੀ ਪੂਰਤੀ ਲਈ ਵਿਦੇਸ਼ਾਂ ’ਤੇ ਨਿਰਭਰ ਹਾਂ। ਇਨ੍ਹਾਂ ਪਦਾਰਥਾਂ ਵਿਚ ਦਾਲਾਂ, ਡਰਾਈ ਫਰੂਟ, ਪਾਮ ਤੇਲ, ਤੇਲ ਬੀਜ਼ ਅਤੇ ਹੋਰ ਕਈ ਸਾਰੇ ਖਾਧ ਪਦਾਰਥ ਹਨ, ਜੋ ਅਸੀਂ ਹਰ ਸਾਲ ਦੂਜੇ ਮੁਲਕਾਂ ਤੋਂ ਮੰਗਵਾਉਂਦੇ ਹਾਂ। ਖਾਣ-ਪੀਣ ਵਾਲੀਆਂ ਇਨ੍ਹਾਂ ਸਾਰੀਆਂ ਚੀਜਾਂ ਨੂੰ ਅਸੀਂ ਆਪਣੇ ਦੇਸ਼ ਵਿਚ ਵੀ ਪੈਦਾ ਕਰ ਸਕਦੇ ਹਾਂ। ਸਮੱਸਿਆ ਇਹ ਹੈ ਕਿ ਦੇਸ਼ ਦੀ ਕਰੀਬ 55 ਫੀਸਦ ਭੂਮੀ ਮੀਂਹ ਦੀ ਸਿੰਜਾਈ ’ਤੇ ਨਿਰਭਰ ਹੈ। ਇਹੀ ਕਾਰਨ ਹੈ ਕਿ ਅਸੀਂ ਬਹੁਤ ਸਾਰੀਆਂ ਚੀਜਾਂ ਪੈਦਾ ਕਰਨ ਦੇ ਸਮਰੱਥ ਹੋ ਕੇ ਵੀ ਮਾਨਸੂਨ ਦੀ ਬੇਰੁਖੀ ਕਾਰਨ ਉਨ੍ਹਾਂ ਚੀਜਾਂ ਤੋਂ ਅਕਸਰ ਵਾਂਝੇ ਰਹਿ ਜਾਂਦੇ ਹਾਂ।
 ਅਸੀਂ ਮੀਂਹ ਦੇ ਪਾਣੀ ਦੇ ਸਟੋਰੇਜ ਲਈ ਅਜੇ ਤੱਕ ਕੋਈ ਉਪਰਾਲੇ ਨਹੀਂ ਕੀਤੇ। ਹੁਣ ਤੱਕ ਨਾ ਤਾਂ ਅਸੀਂ ਨਦੀਆਂ ਨੂੰ ਆਪਸ ਵਿਚ ਜੋੜ ਸਕੇ ਹਾਂ ਅਤੇ ਨਾ ਹੀ ਅਜਿਹੇ ਝੀਲਾਂ ਅਤੇ ਤਲਾਬਾਂ ਨੂੰ ਤਿਆਰ ਸਕੇ ਹਾਂ, ਜੋ ਸਾਡੀ ਜ਼ਰੂਰਤ ਦੇ ਪਾਣੀ ਨੂੰ ਸਾਲ ਭਰ ਸੰਭਾਲ ਕੇ ਰੱਖ ਸਕਣ। ਭਾਰਤ ਵਿੱਚ ਹਰ ਸਾਲ ਸੋਕੇ ਅਤੇ ਹੜ੍ਹਾਂ ਦੇ ਕਾਰਨ ਹਜ਼ਾਰਾਂ ਮੌਤਾਂ ਅਤੇ ਅਰਬਾਂ ਰੁਪਏ ਦਾ ਨੁਕਸਾਨ ਹੁੰਦਾ ਹੈ।ਅਸੀਂ ਦੇਸ਼ ਵਿਚ ਨਵੇਂ ਕੁਦਰਤੀ ਸਰੋਤਾਂ ਦੀ ਉਸਾਰੀ ਤਾਂ ਨਹੀਂ ਕੀਤੀ, ਇਸ ਦੇ ਉਲਟ ਪਹਿਲਾਂ ਤੋਂ ਮੌਜੂਦ ਹਜ਼ਾਰਾਂ ਨਦੀਆਂ, ਤਲਾਬਾਂ ਅਤੇ ਝੀਲਾਂ ਨੂੰ ਵੀ ਨਹੀਂ ਸੰਭਾਲਿਆ। ਕੁਝ ਕੁ ਦਹਾਕਿਆਂ ਵਿਚ ਅਸੀਂ ਖੂਹਾਂ, ਤਾਲਾਬਾਂ ਅਤੇ ਬਾਉਲੀਆਂ ਦਾ ਲਗਭਗ ਵਿਨਾਸ਼ ਕਰ ਦਿੱਤਾ। ਅੱਜ ਵੀ ਇਨ੍ਹਾਂ ਝੀਲਾਂ ਅਤੇ ਤਲਾਬਾਂ ਨੂੰ ਛੋਟੇ ਪੱਧਰ ’ਤੇ ਮੁੜ ਉਸਾਰਿਆ ਜਾ ਸਕਦਾ ਹੈ। ਇਸ ਦੀਆਂ ਕਈ ਉਦਾਹਰਨਾਂ ਅਤੇ ਮਾਡਲ ਮੌਜੂਦ ਹਨ। ਆਸਟ੍ਰੇਲੀਆ ਅਤੇ ਹੋਰ ਕਈ ਦੇਸ਼ਾਂ ਵੱਲੋਂ ਜਿਆਦਾਤਰ ਖੇਤੀ ਫਾਰਮਾਂ ਵਿਚ ਜਮੀਨ ਦੀ ਨਿਵਾਣ ਵਾਲੀ ਦਿਸ਼ਾ ’ਚ ਟੋਏ ਪੁੱਟ ਕੇ ਹੀ ਮੀਂਹ ਦਾ ਪਾਣੀ ਜਮ੍ਹਾਂ ਕੀਤਾ ਜਾਂਦਾ ਹੈ। ਬਰਸਾਤਾਂ ਦੇ ਦਿਨਾਂ ਵਿਚ ਮੀਂਹ ਦਾ ਪਾਣੀਂ ਇਨ੍ਹਾਂ ਟੋਬਿਆਂ ਅਤੇ ਤਲਾਬਾਂ ਵਿਚ ਜਮ੍ਹਾਂ ਹੁੰਦਾ ਰਹਿੰਦਾ ਅਤੇ ਸੋਕੇ ਦੇ ਦਿਨਾਂ ਵਿਚ ਇਨ੍ਹਾਂ ਟੋਬਿਆਂ ਚੋਂ ਪਾਣੀ ਲੈ ਕੇ ਫਸਲਾਂ ਪਾਲੀਆਂ ਜਾਂਦੀਆਂ ਹਨ। ਜੇਕਰ ਅਸੀਂ ਵੀ ਇਨ੍ਹਾਂ ਮਾਡਲਾਂ ਨੂੰ ਅਪਣਾ ਲਈਏ ਭਾਵ ਹਰ 10 ਕੁ ਏਕੜ ਪਿੱਛੇ ਇਕ ਟੋਬਾ ਜਾਂ ਤਲਾਬ ਬਣਾ ਲਈਏ ਤਾਂ ਸੋਕੇ ਦੀ ਸਮੱਸਿਆ ਤਾਂ ਹਰ ਹਾਲ ਹੱਲ ਹੋ ਜਾਵੇਗੀ, ਇਸਦੇ ਨਾਲ-ਨਾਲ ਹੜ੍ਹਾਂ ਦਾ ਖ਼ਤਰਾ ਵੀ ਕਾਫੀ ਹੱਦ ਤੱਕ ਘਟ ਜਾਵੇਗਾ। ਧਰਤੀ ਹੇਠੋਂ ਪਾਣੀ ਖਿੱਚਣ ਦੇ ਮੁਕਾਬਲੇ ਇਹ ਪਾਣੀ ਸਸਤਾ ਵੀ ਪਵੇਗਾ। ਇਨ੍ਹਾਂ ਤਲਾਬਾਂ ਨੂੰ ਕਿਸਾਨ ਮੱਛੀ ਫਾਰਮਾਂ ’ਦੇ ਤੌਰ ’ਤੇ ਵੀ ਇਸਤੇਮਾਲ ਕਰ ਸਕਦੇ ਹਨ। ਇਸਦਾ ਸਭ ਤੋਂ ਵੱਡਾ ਫਾਇਦਾ ਇਹ ਵੀ ਹੋਵੇਗਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਮੁੜ ਤੋਂ ਉਪਰ ਆਉਣਾ ਸ਼ੁਰੂ ਹੋ ਜਾਵੇਗਾ।

ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਕੀਤੇ ਜਾ ਚੁੱਕੇ ਹਨ ਤਜ਼ਰਬੇ
ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦਾ ਧਰਤੀ ਹੇਠਲਾ ਪਾਣੀ ਕਾਫੀ ਡੂੰਘਾ ਚਲਾ ਗਿਆ ਸੀ। ਇਸ ਵੇਲੇ ਜ਼ਿਲ੍ਹੇ ਵਿਚ 6 ਹਜ਼ਾਰ ਤੋਂ ਵਧੇਰੇ ਤਲਾਬ ਹਨ। ਇੱਥੋਂ ਦੇ ਕਿਸਾਨਾਂ ਨੇ ਪਿਛਲੇ ਸਮੇਂ ਦੌਰਾਨ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ 600 ਤੋਂ ਵਧੇਰੇ ਤਲਾਬਾਂ ਦਾ ਨਿਰਮਾਣ ਕੀਤਾ। ਇਸਨੂੰ ਦੇਖਦਿਆਂ ਸਰਕਾਰ ਨੇ ਛੋਟੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਦੀ ਵੀ ਘੋਸ਼ਣਾ ਕੀਤੀ। ਇਨ੍ਹਾਂ ਕਿਸਾਨਾਂ ਤੋਂ ਸੇਧ ਲੈਂਦਿਆਂ ਮਰਾਠਵਾੜਾ, ਮਹਾਰਾਸ਼ਟਰ ਵਿੱਚ, ਸਰਕਾਰ ਨੇ ਵੱਡੇ ਪੱਧਰ ’ਤੇ ਇੱਕ ਫਾਰਮ-ਪੋਂਡ ਸਕੀਮ ਵੀ ਸ਼ੁਰੂ ਕੀਤੀ ਸੀ। ਪੰਜਾਬ ਦੇ ਕੁਝ ਕੁ ਇਲਾਕਿਆਂ ਵਿਚ ਵੀ ਇਸ ਤਰ੍ਹਾਂ ਦੇ ਤਜ਼ਰਬੇ ਕੀਤੇ ਜਾ ਚੁੱਕੇ ਹਨ।ਪਿਛਲੇ ਸਮੇਂ ਦੌਰਾਨ ਪਟਿਆਲਾ ਜਿਲੇ ਦੇ ਪਿੰਡ ਸੰਧਾਰਸੀ ਦੇ ਇਕ ਕਿਸਾਨ ਹਰਮੇਸ਼ ਸਿੰਘ ਨੇ ਆਪਣੇ ਖੇਤ ਵਿਚ ਇਸ ਤਰ੍ਹਾਂ ਦਾ ਤਲਾਬ ਪੁੱਟਿਆ ਸੀ ਅਤੇ ਚਰਚਾ ਦਾ ਵਿਸ਼ਾ ਬਣਿਆ ਸੀ।  

ਸੋਨੇ ’ਤੇ ਸੁਹਾਗੇ ਵਾਂਗ ਹੋਵੇਗਾ ਇਸ ਦਿਸ਼ਾ ਵੱਲ ਵਧਣਾ : ਡਾ. ਲੁਪਿੰਦਰ ਕੁਮਾਰ
ਜਗ ਬਾਣੀ ਵੱਲੋਂ ਇਸ ਸਮੁੱਚੇ ਮਾਮਲੇ ਸਬੰਧੀ ਜਦੋਂ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਦੇ ਉਪ ਮੰਡਲ ਰੱਖਿਆ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਅਜਿਹੇ ਪ੍ਰਜੈੱਕਟ ਲਿਆਂਦੇ ਜਾਣ ਤਾਂ ਉਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰ ਪੁਰ ਦੇ ਕੰਡੀ ਖੇਤਰ ਵਿਚ ਅਜਿਹੇ ਮਾਡਲ ਪਹਿਲਾਂ ਤੋਂ ਮੌਜੂਦ ਹਨ। ਉਨ੍ਹਾਂ ਕਿਹਾ ਜਿਸ ਹਿਸਾਬ ਨਾਲ ਪੰਜਾਬ ਦਾ ਧਰਤੀ ਹੇਠਲਾ ਪਾਣੀ ਮੁਕਣ ਦੇ ਕਿਨਾਰੇ ਹੈ, ਉਸ ਹਿਸਾਬ ਨਾਲ ਇਹ ਪ੍ਰਾਜੈਕਟ ਸਾਡੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੋਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸੋਕੇ, ਹੜ੍ਹ, ਭੋਂ-ਖੋਰ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਸਮੱਸਿਆ ਹੱਲ ਹੋਵੇਗੀ, ਉੱਥੇ ਖੇਤੀ ਉੱਤੇ ਲਾਗਤ ਖਰਚਾ ਵੀ ਘਟੇਗਾ। ਉਨ੍ਹਾਂ ਕਿਹਾ ਕਿ ਹੁਣ ਅਸੀਂ ਧਰਤੀ ਦੇ 400 ਫੁੱਟ ਹੇਠੋਂ ਪਾਣੀ ਕੱਢ ਰਹੇ ਹਾਂ, ਜਿਸ ਲਈ ਵੱਡੇ-ਵੱਡੇ ਬੋਰ, ਵੱਡੀਆਂ ਮੋਟਰਾਂ ਦੀ ਜ਼ਰੂਰਤ ਪੈਂਦੀ ਹੈ। ਇਸ ਦੇ ਮੁਕਾਬਲੇ ਟੋਬਿਆਂ ਤਲਾਬਾਂ ਵਿਚੋਂ ਪਾਣੀ ਪ੍ਰਾਪਤ ਕਰਨਾ ਬਿਲਕੁਲ ਆਸਾਨ ਅਤੇ ਸਸਤਾ ਸੌਦਾ ਹੈ। 

ਇਸ ਵੇਲੇ ਸਾਡੇ ਕੋਲ ਸਿਰਫ ਦੋ ਹੱਲ : ਵਿਜੇ ਬੰਬੇਲੀ
ਇਸ ਸਬੰਧੀ ਜਦੋਂ ਜਗਬਾਣੀ ਵੱਲੋਂ ਪਾਣੀਆਂ ਦੇ ਮਾਮਲਿਆਂ ਦੇ ਚਿੰਤਕ, ਭੂਮੀ ਅਤੇ ਪਾਣੀ ਸੰਭਾਲ ਵਿਭਾਗ ਦੇ ਰਿਟਾਇਰਡ ਅਫਸਰ ਵਿਜੇ ਬੰਬੇਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਪੰਜਾਬ ਦੀ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਇਸ ਦੇ ਦੋ ਹੀ ਹੱਲ ਹਨ। ਇਸ ਸਮੱਸਿਆ ਦਾ ਇਕ ਹੱਲ ਇਹ ਹੈ ਕਿ ਪੰਜਾਬ ਦੇ ਪਹਾੜੀ ਖੇਤਰ ਵਿਚ ਛੋਟੇ-ਛੋਟੇ ਬੰਨ੍ਹ ਮਾਰ ਕੇ ਝੀਲਾਂ ਅਤੇ ਤਲਾਬ ਉਸਾਰੇ ਜਾਣ। ਇਸ ਤਰ੍ਹਾਂ ਕਰਨ ਨਾਲ ਮੀਂਹ ਦਾ ਪਾਣੀ ਇਨ੍ਹਾਂ ਝੀਲਾਂ ਅਤੇ ਤਾਲਾਬਾਂ ਵਿਚ ਜਮ੍ਹਾਂ ਹੋਵੇਗਾ। ਉਨ੍ਹਾ ਦੱਸਿਆ ਕਿ ਇਸ ਨਾਲ ਪਹਾੜੀ ਇਲਾਕਿਆਂ ਵਿਚ ਸੁੱਕੇ ਹੋਏ ਜੰਗਲ ਮੁੜ ਹਰੇ ਹੋ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਕ ਕਿਲੋਮੀਟਰ ਸਕੁਏਅਰ ਜੰਗਲ ਦੀ ਹੋਂਦ 50 ਲੱਖ ਲੀਟਰ ਪਾਣੀ ਨੂੰ ਧਰਤੀ ਹੇਠ ਇੰਨਜੈਕਟ ਕਰ ਦਿੰਦੀ ਹੈ। ਇਸ ਤਰ੍ਹਾਂ ਉਚਾਈ ’ਤੇ ਜਮ੍ਹਾਂ ਹੋਇਆ ਇਹ ਪਾਣੀ ਜਮੀਨੀ ਪੱਤਣਾਂ ਰਾਹੀਂ ਕਰੀਬ 10 ਕੁ ਸਾਲਾਂ ਬਾਅਦ ਹੀ ਸਾਡੇ ਧਰਤੀ ਹੇਠਲੇ ਪਾਣੀ ਦੇ ਸੰਕਟ ਦਾ ਹੱਲ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਫੌਰੀ ਅਤੇ ਦੂਜਾ ਹੱਲ ਇਹ ਹੈ ਕਿ ਖੇਤਾਂ ਵਿਚ ਛੋਟੇ-ਛੋਟੇ ਛੱਪੜ ਅਤੇ ਤਾਲਾਬ ਬਣਾਏ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਇਸ ਲਈ ਸਬਸਿਡੀ ਵੀ ਦੇ ਰਹੀ ਹੈ। ਜੇਕਰ ਇਕੱਲਾ ਕਿਸਾਨ ਖੇਤ ਵਿਚ ਟੋਬਾ ਪੁੱਟਦਾ ਹੈ ਤਾਂ ਉਸਨੂੰ 50 ਫੀਸਦੀ ਸਬਸਿਡੀ ਮਿਲਦੀ ਹੈ। ਇਸੇ ਤਰ੍ਹਾਂ ਜੇਕਰ ਤਿੰਨ ਪਰਿਵਾਰ ਰਲ ਕੇ ਟੋਬਾ ਪੁੱਟਦੇ ਹਨ ਤਾਂ ਸਰਕਾਰ 90 ਫੀਸਦੀ ਸਬਸਿਡੀ ਦਿੰਦੀ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

jasbir singh

This news is Edited By jasbir singh