ਲਗਾਤਾਰ ਦੋ ਵਾਰ ਜਿੱਤਣ ਵਾਲੀ ਕਾਂਗਰਸ ਨੂੰ ਖੰਨਾ 'ਚ ਮਿਲੇਗੀ ਸਖ਼ਤ ਟੱਕਰ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ
Saturday, Feb 19, 2022 - 10:58 AM (IST)
ਜਲੰਧਰ (ਵੈੱਬ ਡੈਸਕ) : ਖੰਨਾ ਹਲਕਾ ਤੋਂ 1997 ਤੋਂ ਲੈ ਕੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ 3 ਵਾਰ ਕਾਂਗਰਸ ਦਾ ਕਬਜ਼ਾ ਰਿਹਾ। 1997 ’ਚ ਬਚਨ ਸਿੰਘ ਨੇ ਅਤੇ 2007 ’ਚ ਬਿਕਰਮਜੀਤ ਸਿੰਘ ਨੇ ਇੱਥੋਂ ਚੋਣਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦੀ ਝੋਲੀ ਇਹ ਸੀਟ ਪਾਈ ਸੀ। 2002 ’ਚ ਕਾਂਗਰਸ ਦੇ ਉਮੀਦਵਾਰ ਹਰਬੰਸ ਸਿੰਘ ਅਤੇ 2012 ਅਤੇ 2017 ’ਚ ਗੁਰਕੀਰਤ ਸਿੰਘ ਕੋਟਲੀ (ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ) ਨੇ ਇਸ ਹਲਕੇ ਤੋਂ ਵੱਡੇ ਫ਼ਰਕ ਨਾਲ ਵੋਟਾਂ ਹਾਸਲ ਕਰ ਕੇ ਖੰਨਾ ਹਲਕੇ ’ਤੇ 10 ਸਾਲ ਤੱਕ ਆਪਣੇ ਪੈਰ ਜਮਾਈ ਰੱਖੇ।ਗੁਰਕੀਰਤ ਕੋਟਲੀ ਚਰਨਜੀਤ ਚੰਨੀ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ ਹਨ। 2022 ’ਚ ਇਹ ਮੁਕਾਬਲਾ ਹੋਰ ਸਖ਼ਤ ਹੁੰਦਾ ਦਿਖਾਈ ਦੇਵੇਗਾ ਕਿਉਂਕਿ ਇਸ ਵਾਰ ਇਹ ਮੁਕਾਬਲਾ ਸਿਰਫ਼ ਦੋ ਪਾਰਟੀਆਂ ਵਿਚਕਾਰ ਹੀ ਨਹੀਂ ਸਗੋਂ ਇਸ ਵਾਰ ਆਮ ਆਦਮੀ ਪਾਰਟੀ, ਸੁਯੰਕਤ ਸਮਾਜ ਮੋਰਚਾ ਵੀ ਚੋਣ ਮੈਦਾਨ ’ਚ ਉਤਰ ਆਈਆਂ ਹਨ।
1997
ਖੰਨਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਚਨ ਸਿੰਘ ਨੂੰ 45089 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਦੇ ਮੁਕਾਬਲੇ ’ਚ ਖੜ੍ਹੇ ਕਾਂਗਰਸੀ ਉਮੀਦਵਾਰ ਸ਼ਮਸ਼ੇਰ ਸਿੰਘ ਨੂੰ 32340 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬਚਨ ਸਿੰਘ ਨੇ 12749 (14.69%) ਵੋਟਾਂ ਦੇ ਫ਼ਰਕ ਨਾਲ ਸ਼ਮਸ਼ੇਰ ਸਿੰਘ ਨੂੰ ਚੋਣ ਮੈਦਾਨ ’ਚ ਪਛਾੜਿਆ ਸੀ।
2012
2012 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਨੂੰ 45,045 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਵਲੋਂ ਖੜ੍ਹੇ ਉਮੀਦਵਾਰ ਰਣਜੀਤ ਸਿੰਘ ਤਲਵੰਡੀ ਨੂੰ 37767 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਗੁਰਕੀਰਤ ਸਿੰਘ ਨੇ 7278 (6.20%) ਵੋਟਾਂ ਦੇ ਫ਼ਰਕ ਨਾਲ ਰਣਜੀਤ ਸਿੰਘ ਨੂੰ ਹਰਾਇਆ ਸੀ।
2007
2007 ’ਚ ਹਲਕਾ ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ 54395 ਵੋਟਾਂ ਨਾਲ ਜਿੱਤੇ ਸਨ। ਉਨ੍ਹਾਂ ਦੇ ਮੁਕਾਬਲੇ ’ਚ ਖੜ੍ਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਦੂਲੋ 52795 ਵੋਟਾਂ ਨਾਲ ਹਾਰ ਗਏ ਸਨ ਜੋ ਇਸ ਵਕਤ ਰਾਜ ਸਭਾ ਮੈਂਬਰ ਹਨ। ਬਿਕਰਮਜੀਤ ਸਿੰਘ ਨੇ 1600 (1.40%) ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।
2002
2002 ਦੀਆਂ ਵਿਧਾਨ ਸਭਾ ਚੋਣਾਂ ’ਚ ਖੰਨਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਜਿੱਤ ਹੋਈ ਸੀ। ਇਸ ਚੋਣ’ਚ ਕਾਂਗਰਸ ਵਲੋਂ ਹਰਬੰਸ ਸਿੰਘ ਨੇ 41578 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਮੁਕਾਬਲੇ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਖੜ੍ਹੀ ਵਿਧਾਇਕ ਬੀਬਾ ਸਤਵਿੰਦਰ ਕੌਰ ਧਾਲੀਵਾਲ ਨੂੰ 31943 ਵੋਟਾਂ ਮਿਲੀਆਂ ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਹਰਬੰਸ ਸਿੰਘ ਨੇ ਵੱਡੀ ਲੀਡ ਨਾਲ 9635 (11.23%) ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
2017
2017 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਖੰਨਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ 55,690 ਵੋਟਾਂ ਨਾਲ ਜਿੱਤੇ ਸਨ। ਉਨ੍ਹਾਂ ਨੂੰ ਟੱਕਰ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਦੱਤ 35099 ਵੋਟਾਂ ਨਾਲ ਹਾਰ ਗਏ ਸਨ। ਗੁਰਕੀਰਤੀ ਕੋਟਲੀ ਨੇ 20591 (16.27%) ਵੋਟਾਂ ਦੇ ਫਰਕ ਨਾਲ ਅਨਿਲ ਦੱਤ ਨੂੰ ਹਰਾਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਤਲਵੰਡੀ ਜਿਨ੍ਹਾਂ ਨੂੰ ਸਭ ਤੋਂ ਘੱਟ 31845 ਵੋਟਾਂ ਮਿਲੀਆਂ ਅਤੇ ਉਹ ਤੀਸਰੇ ਨੰਬਰ ’ਤੇ ਰਹੇ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਬੀ ਜਸਦੀਪ ਕੌਰ, ਭਾਜਪਾ ਤੋਂ ਗੁਰਪ੍ਰੀਤ ਸਿੰਘ ਭੱਟੀ , ਆਮ ਆਦਮੀ ਪਾਰਟੀ ਤੋਂ ਤਰੁਣਪ੍ਰੀਤ ਸਿੰਘ, ਸੰਯੁਕਤ ਸਮਾਜ ਮੋਰਚਾ ਵਲੋਂ ਸੁਖਵੰਤ ਸਿੰਘ ਟਿੱਲੂ ਅਤੇ ਕਾਂਗਰਸ ਵਲੋਂ ਗੁਰਕੀਰਤ ਕੋਟਲੀ ਮੁੜ ਚੋਣ ਮੈਦਾਨ ਵਿੱਚ ਹਨ।
ਇਸ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 171622 ਹੈ, ਜਿਨ੍ਹਾਂ 'ਚ 81551 ਪੁਰਸ਼, 90067 ਬੀਬੀਆਂ ਅਤੇ 4 ਥਰਡ ਜੈਂਡਰ ਸ਼ਾਮਲ ਹਨ।