ਕਿਸਾਨ ਅੰਦੋਲਨ 2.0: ਤਿਆਰ ਰਹੇ ਦਿੱਲੀ, ਅੱਜ ਹੋ ਸਕਦੈ ਤਿੱਖੇ ਸੰਘਰਸ਼ ਦਾ ਐਲਾਨ

02/29/2024 12:11:31 PM

ਪਟਿਆਲਾ/ਸਨੌਰ (ਮਨਦੀਪ ਜੋਸਨ)- ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਪਿਛਲੇ 17 ਦਿਨਾਂ ਤੋਂ ਲੱਗੇ ਕਿਸਾਨ-ਮਜ਼ਦੂਰ ਮੋਰਚਿਆਂ ’ਚ ਡਟੇ ਹਜ਼ਾਰਾਂ ਕਿਸਾਨਾਂ ਵਿਚਕਾਰ ਕੇਂਦਰ ਵੱਲੋਂ ਮੰਗਾਂ ਨਾ ਮੰਨਣ ’ਤੇ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ। ਬੀਤੇ ਦਿਨ ਹਜ਼ਾਰਾਂ ਕਿਸਾਨਾਂ ਨੇ ਰੈਲੀ ਕਰਕੇ ਜਿੱਥੇ ਕੇਂਦਰ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ, ਉਥੇ ਹੀ ਕਿਸਾਨ ਨੇਤਾ ਰਣਜੀਤ ਸਿੰਘ ਰਾਜੂ, ਤੇਜਵੀਰ ਸਿੰਘ ਪੰਜੋਖੜਾ ਅਤੇ ਮੁਖਤਿਆਰ ਸਿੰਘ ਪੁਖਰੇਵਾਲ ਨੇ ਆਖਿਆ ਕਿ ਕੇਂਦਰ ਸਰਕਾਰ ਇਸ ਵੇਲੇ ਕਿਸਾਨਾਂ ਦੇ ਬੇਹੱਦ ਅਹਿਮ ਮਸਲੇ ਭੁੱਲ ਕੇ ਹੋਰ ਸੂਬਿਆਂ ’ਚ ਦੂਸਰੀ ਪਾਰਟੀਆਂ ਦੀਆਂ ਸਰਕਾਰਾਂ ਤੋੜ ਕੇ ਆਪਣੀਆਂ ਬਣਾਉਣ ’ਚ ਰੁੱਝੀ ਹੈ, ਜਿਸ ਕਾਰਨ ਕਿਸਾਨਾਂ ਅੰਦਰ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ।

ਕਿਸਾਨ ਆਗੂ ਰਣਜੀਤ ਸਿੰਘ ਰਾਜੂ, ਤੇਜਵੀਰ ਸਿੰਘ ਪੰਜੋਖੜਾ ਅਤੇ ਮੁਖਤਿਆਰ ਸਿੰਘ ਪੁਖਰੇਵਾਲ ਨੇ ਕਿਹਾ ਕਿ ਅੱਜ ਐੱਮ. ਐੱਸ. ਪੀ. ਦੀ ਗਾਰੰਟੀ, ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਸਮੇਤ ਵੱਖ-ਵੱਖ ਮੰਗਾਂ ਸਬੰਧੀ ਉਹ ਲੋਕਤੰਤਰਿਕ ਤਰੀਕੇ ਨਾਲ ਦਿੱਲੀ ਲਈ ਸ਼ਾਂਤਮਈ ਕੂਚ ਕਰਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਹਾਲਤ ਬਾਰੇ ਦੱਸਣਾ ਚਾਹੁੰਦੇ ਹਨ ਪਰ ਨਿਹੱਥੇ ਕਿਸਾਨਾਂ ਨੂੰ ਹਰਿਆਣਾ ਪੁਲਸ ਸ਼ਰੇਆਮ ਗੋਲ਼ੀਆਂ ਚਲਾ ਕੇ ਸ਼ਹੀਦ ਕਰ ਰਹੀ ਹੈ। ਹੰਝੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਹਨ। ਕਿਸਾਨ ਅੰਦੋਲਨ ਦੀ ਆੜ ’ਚ ਕੇਂਦਰ ਅਤੇ ਹਰਿਆਣਾ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ।

ਇਹ ਵੀ ਪੜ੍ਹੋ: CM ਮਾਨ ਦਾ ਵੱਡਾ ਬਿਆਨ, ਸੂਬੇ ’ਚ ਵੱਡੇ ਆਗੂਆਂ ਦੇ ਕਾਰਨਾਮਿਆਂ ਨੂੰ ਆਉਣ ਵਾਲੇ ਦਿਨਾਂ ’ਚ ਕੀਤਾ ਜਾਵੇਗਾ ਬੇਨਕਾਬ

ਕਿਸਾਨ ਨੇਤਾਵਾਂ ਨੇ ਕਿਹਾ ਕਿ ਮੰਗਲਵਾਰ ਰਾਤ ਤੋਂ ਹਰਿਆਣਾ ਦੀਆਂ ਹੱਦਾਂ ਅਤੇ ਸ਼ੰਭੂ ਬੈਰੀਅਰ ’ਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਛੋਟਾ ਕਾਰੋਬਾਰੀ, ਪੈਟਰੋਲ ਪੰਪ, ਵਿਦਿਆਰਥੀਆਂ, ਬੈਕਿੰਗ ਆਦਿ ਦੀਆਂ ਸੇਵਾਵਾਂ ਪ੍ਰਭਾਵਿਤ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਾਡੀ ਅਾਵਾਜ਼ ਨਾ ਦੂਰ ਤਕ ਪਹੁੰਚੇ। ਉਹ ਨਹੀਂ ਜਾਣਦੇ ਕਿ ਜੇਕਰ ਅੰਦੋਲਨ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਹੋਰ ਵੱਡਾ ਹੋ ਕੇ ਨਿਬੜੇਗਾ। ਹਰਿਆਣਾ ਦੀ ਖਾਪ ਪੰਚਾਇਤ ਹੋਈ ਹੈ, ਉਹ ਵੀ ਵੱਡੇ ਅੰਦੋਲਨ ’ਚ ਆਪਣਾ ਯੋਗਦਾਨ ਪਾਉਣ ਦੀ ਉਡੀਕ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸ਼ੰਭੂ ਬਾਰਡਰ ’ਤੇ ਦੋਵੇਂ ਧਿਰਾਂ ਦੀ ਮੀਟਿੰਗ ਅੱਜ ਦੇਰ ਰਾਤ ਤੱਕ ਜਾਰੀ ਰਹੇਗੀ ਅਤੇ ਅਗਲਾ ਫ਼ੈਸਲਾ 29 ਫਰਵਰੀ ਦੀ ਸਵੇਰ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਤਿਆਰ ਰਹੇ ਕਿਉਂਕਿ ਇਸ ਮੀਟਿੰਗ ਵਿਚ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ੰਭੂ ਬੈਰੀਅਰ ਨੇੜੇ ਬੀਤੇ ਦਿਨ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਵੱਲੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ, ਮਨਜੀਤ ਸਿੰਘ ਘੁਮਾਣਾ, ਸੁਰਜੀਤ ਸਿੰਘ ਫੂਲ, ਅਮਰਜੀਤ ਸਿੰਘ ਮੋੜੀ, ਗੁਰਅਮਨੀਤ ਸਿੰਘ ਮਾਂਗਟ, ਤੇਜ਼ਵੀਰ ਸਿੰਘ ਸਮੇਤ ਯੂ. ਪੀ. ਅਤੇ ਰਾਜਸਥਾਨ ਤੋਂ ਆਈਆਂ ਕਿਸਾਨ ਜਥੇਬੰਦੀਆਂ ਦੀਆਂ 29 ਫਰਵਰੀ ਦੇ ਐਕਸ਼ਨ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ, ਸ੍ਰੀ ਬੇਰ ਸਾਹਿਬ ਮੱਥਾ ਟੇਕਣ ਆਈ ਔਰਤ ਨੇ ਗੁਰਦੁਆਰਾ ਸਾਹਿਬ ’ਚ ਤਿਆਗੇ ਪ੍ਰਾਣ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News