ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ : ਸੁਨੀਲ ਜਾਖੜ
Wednesday, Feb 25, 2026 - 08:27 PM (IST)
ਗੁਰਦਾਸਪੁਰ (ਹਰਮਨ/ਗੋਰਾਇਆ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਬੀਤੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ਵਿਚ ਇਕ ਚੌਕੀ ਤੇ ਹੋਏ ਹਮਲੇ ਵਿਚ ਸ਼ਹੀਦ ਹੋਏ ਪੁਲਸ ਜਵਾਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਉਨ੍ਹਾਂ ਨੇ ਪਿੰਡ ਗਾਦੜੀਆਂ ਵਿਖੇ ਸ਼ਹੀਦ ਏਐੱਸਆਈ ਗੁਰਨਾਮ ਸਿੰਘ ਅਤੇ ਕੈਲਾਸਪੁਰ ਵਿਚ ਹੋਮਗਾਰਡ ਦੇ ਸ਼ਹੀਦ ਜਵਾਨ ਅਸ਼ੋਕ ਕੁਮਾਰ ਦੇ ਪਰਿਵਾਰ ਨੂੰ ਮਿਲਕੇ ਦੁੱਖ ਪ੍ਰਗਟ ਕੀਤਾ ਅਤੇ ਦੇਸ਼ ਲਈ ਆਪਾਂ ਕੁਰਬਾਨ ਕਰਨ ਵਾਲੇ ਪੁਲਸ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਪੰਜਾਬ ਸਰਕਾਰ ਦੀ ਨਾਕਾਮੀ ਹੈ ਕਿ ਪੁਲਸ ਚੌਕੀ ਵਿਚ ਆ ਕੇ ਸਾਡੇ ਪੁਲਸ ਜਵਾਨਾਂ ਨੂੰ ਸ਼ਹੀਦ ਕਰ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਸ਼ਾਸਨਿਕ ਘਾਟ ਅਤੇ ਅਨੁਭਵਹੀਣਤਾ ਦੀ ਸ਼ਿਖਰ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਅੱਜ ਰਾਜ ਵਿੱਚ ਸਰਕਾਰ ਨਾਂ ਦੀ ਕੋਈ ਸੰਸਥਾ ਦਿਖਾਈ ਨਹੀਂ ਦਿੰਦੀ। ਲੋਕ ਡਰ ਅਤੇ ਸਹਿਮ ਵਿੱਚ ਜਿਉਣ ਲਈ ਮਜਬੂਰ ਹਨ ਉਨ੍ਹਾਂ ਨੇ ਕਿਹਾ ਕਿ ਇਹ ਉਹੀ ਪੁਲਸ ਹੈ ਜਿਸ ਨੇ ਰਾਜ ਵਿਚ ਅੱਤਵਾਦ ਨੂੰ ਖਤਮ ਕੀਤਾ ਪਰ ਅੱਜ ਇਸਦੇ ਜਵਾਨ ਖੁਦ ਹੀ ਸੁਰੱਖਿਅਤ ਨਹੀਂ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਇਹ ਇਸ ਕਾਰਨ ਹੋ ਰਿਹਾ ਹੈ ਕਿ ਕੁਸ਼ਲ ਪ੍ਰਬੰਧਨ ਨਹੀਂ ਹੈ। ਉਨ੍ਹਾਂ ਨੇ ਬਟਾਲਾ ਵਿਚ ਆਪ ਆਗੂ ਦੇ ਵਿਆਹ ਦੀ ਪ੍ਰੀਵੈਡਿੰਗ ਸੂਟ ਵਿਚ ਐੱਸਆਈ ਵੱਲੋਂ ਵਰਦੀ ਪਾ ਕੇ ਲਏ ਭਾਗ ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਪੁਲਸ ਦਾ ਇਹ ਕੰਮ ਨਹੀਂ ਹੈ ਜਿਸ ਵਿਚ ਰਾਜ ਸਰਕਾਰ ਨੇ ਇਸਨੂੰ ਲਗਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 18 ਡੀਜੀਪੀ ਹਨ ਪਰ ਫਿਰ ਵੀ ਇਹ ਹਾਲਾਤ ਹਨ ਜੋ ਮਜਬੂਤ ਸਰਕਾਰ ਦੀ ਅਨਹੋਦ ਦਾ ਪ੍ਰਤੀਕ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਐਂਟੀ ਡਰੋਨ ਸਿਸਟਮ ਤੇ 50 ਕਰੋੜ ਰੁਪਆ ਖਰਚ ਕਰਨ ਤੇ ਬਾਵਜੂਦ ਇਸਦੇ ਕੋਈ ਸਾਰਥਕ ਨਤੀਜੇ ਨਹੀਂ ਨਿਕਲੇ।
ਭਾਜਪਾ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹ ਕਦੋਂ ਜਾਗਣਗੇ ਅਤੇ ਪੰਜਾਬ ਦੇ ਲੋਕਾਂ ਨੂੰ ਹੋਰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ। ਉਹਨਾਂ ਨੇ ਕਿਹਾ ਕਿ ਪੰਜਾਬ ਲੁੱਟਣ ਲਈ ਨਹੀਂ ਹੈ ਜੇਕਰ ਲੋਕਾਂ ਨੇ ਮੌਕਾ ਦਿੱਤਾ ਹੈ ਤਾਂ ਲੋਕਾਂ ਨੂੰ ਚੰਗੀ ਸਰਕਾਰ ਮੁਹਈਆ ਕਰਵਾਉਣ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਨੇ ਤੰਜ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਮੋਹਰਾ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਤਾਂ ਆਪਣੀ ਕੁਰਸੀ ਬਚਾਉਣ ਲਈ ਵੀ ਹਸਪਤਾਲ ਭਰਤੀ ਹੋਣਾ ਪੈਂਦਾ ਹੈ।।
ਇਕ ਹੋਰ ਸਵਾਲ ਦੇ ਜਵਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਜਿਸ ਤਰਾਂ ਕਾਂਗਰਸ ਦੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਕਾਂਗਰਸੀ ਆਗੂ ਰਾਜ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਦੇ ਸੁਧਾਰ ਲਈ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖ ਰਹੇ ਹਨ ਉਸਤੋਂ ਇਹ ਤਾਂ ਸਿੱਧ ਹੋ ਗਿਆ ਹੈ ਕਿ ਪੰਜਾਬ ਦੇ ਆਮ ਲੋਕਾਂ ਅਤੇ ਹੋਰ ਸਾਰੀਆਂ ਧਿਰਾਂ ਵਾਂਗ ਹੁਣ ਵਿਰੋਧੀ ਕਾਂਗਰਸ ਨੇ ਵੀ ਮੰਨ ਲਿਆ ਹੈ ਕਿ ਰਾਜ ਦੀ ਗੰਭੀਰ ਹੋਈ ਹਾਲਤ ਨੂੰ ਹੁਣ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਲੀਡਰਸ਼ਿਪ ਵਿਚ ਭਾਜਪਾ ਹੀ ਸੁਧਾਰ ਸਕਦੀ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੂੰ ਇਕ ਮਜਬੂਤ ਲੀਡਰਸ਼ਿਪ ਦੀ ਜਰੂਰਤ ਹੈ ਜੋ ਫੈਸਲੇ ਲੈਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਹਿੰਮਤ ਰੱਖਦੀ ਹੋਵੇ ਤਾਂਹੀ ਪੰਜਾਬ ਵਿਚੋਂ ਬਦ-ਅਮਨੀ ਨੂੰ ਰੋਕ ਕੇ ਇੱਥੋਂ ਦੇ ਲੋਕਾਂ ਨੂੰ ਸੁਰੱਖਿਅਤ ਮਹੌਲ ਮੁਹਈਆ ਕਰਵਾਉਂਦੇ ਹੋਏ ਰਾਜ ਨੂੰ ਤਰੱਕੀ ਦੀ ਰਾਹ ਤੇ ਤੋਰਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕੇਵਲ ਭਾਜਪਾ ਹੀ ਕਰ ਸਕਦੀ ਹੈ ਅਤੇ ਇਸ ਦਾ ਫੈਸਲਾ ਕਰਨਾ ਹੁਣ ਪੰਜਾਬ ਦੇ ਲੋਕਾਂ ਦੇ ਹੱਥ ਹੈ ਕਿ ਉਨ੍ਹਾਂ ਨੇ ਨਿੱਤ ਦਿਨ ਜਾਨ ਗੁਆਉਣ ਦੇ ਡਰ ਵਿਚ ਜਿਉਣਾ ਹੈ ਜਾਂ ਇਕ ਸਾਂਤ ਅਤੇ ਭਾਈਚਾਰਕ ਸਾਂਝ ਵਾਲੇ ਪੰਜਾਬ ਵਿਚ।
ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾ ਜਨਰਲ ਸਕੱਤਰ ਸ਼੍ਰੀ ਰਾਕੇਸ਼ ਰਾਠੌਰ, ਗੁਰਦਾਸਪੁਰ ਲੋਕ ਸਭਾ ਇੰਚਾਰਜ ਅਤੇ ਸਾਬਕਾ ਡਿਪਟੀ ਸਪੀਕਰ ਪੰਜਾਬ ਸ਼੍ਰੀ ਦਿਨੇਸ਼ ਸਿੰਘ ਬੱਬੂ, ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ,ਸੂਬਾ ਸਕੱਤਰ ਸ਼੍ਰੀਮਤੀ ਰੇਣੂ ਕਸ਼ਯਪ ਅਤੇ ਵਰਕਰ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
