ਕੋਰੋਨਾ ਪੀੜਤ ਮ੍ਰਿਤਕ ਦੇ ਅੰਤਿਮ ਸੰਸਕਾਰ ਨਾਲ ਨਹੀਂ ਹੁੰਦਾ ਕੋਈ ਖਤਰਾ : ਬਲਬੀਰ ਸਿੰਘ ਸਿੱਧੂ
Friday, Apr 10, 2020 - 07:40 PM (IST)
ਨਵਾਂਸ਼ਹਿਰ, (ਤ੍ਰਿਪਾਠੀ)— ਕੋਰੋਨਾ ਵਾਇਰਸ ਪੀੜਤ ਮ੍ਰਿਤਕ ਦੇ ਸੰਸਕਾਰ ਸਬੰਧੀ ਤੱਥ ਰਹਿਤ ਗਲਤ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਮ੍ਰਿਤਕ ਦਾ ਅੰਤਮ ਸੰਸਕਾਰ ਕਰਨ ਨਾਲ ਕਿਸੇ ਕਿਸਮ ਦਾ ਖਤਰਾ ਪੈਦਾ ਨਹੀਂ ਹੁੰਦਾ ਤੇ ਸੰਸਕਾਰ ਦੀ ਪੂਰੀ ਪ੍ਰਕਿਰਿਆ 'ਚ ਸਿਹਤ ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ।
ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸ਼ਮਸ਼ਾਨਘਾਟ 'ਚ ਸੰਸਕਾਰ ਕਰਨ ਅਤੇ ਦਫਨਾਉਣ ਨਾਲ ਕੋਈ ਬੁਰਾ ਪ੍ਰਭਾਵ ਨਹੀ ਪੈਂਦਾ। ਇਥੋਂ ਤੱਕ ਕਿ ਦੇਹ ਦੀ ਰਾਖ ਨਾਲ ਵੀ ਕੋਈ ਖਤਰਾ ਪੈਦਾ ਨਹੀਂ ਹੁੰਦਾ ਅਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਲਈ ਰਾਖ ਇਕੱਠੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਮ੍ਰਿਤਕ ਦਾ ਸ਼ਮਸ਼ਾਨਘਾਟ 'ਚ ਸੰਸਕਾਰ ਕਰਨ ਅਤੇ ਦਫਨਾਉਣ ਵਾਲੇ ਵਿਅਕਤੀਆਂ-ਕਰਮਚਾਰੀਆਂ ਨੂੰ ਹੱਥਾਂ ਦੀ ਸਫਾਈ, ਮਾਸਕ, ਦਸਤਾਨਿਆਂ ਅਤੇ ਵਿਸ਼ੇਸ਼ ਕਿੱਟ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਅਤੇ ਸਸਕਾਰ ਦੀ ਸਾਰੀ ਪ੍ਰਕਿਰਿਆ ਮਾਹਿਰਾਂ ਦੀ ਦੇਖ-ਰੇਖ 'ਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਿਸ਼ਤੇਦਾਰਾਂ ਨੂੰ ਮੂੰਹ ਦਿਖਾਉਣਾ ਅਤੇ ਧਾਰਮਕ ਰਸਮਾਂ ਜਿਵੇਂ ਕਿ ਧਾਰਮਕ ਪਾਠ ਪੜਣਾ, ਪਵਿੱਤਰ ਪਾਣੀ ਦਾ ਛਿੜਕਾਅ ਕਰਨਾ ਅਤੇ ਕੋਈ ਹੋਰ ਅੰਤਿਮ ਰਸਮ ਜਿਸ ਨਾਲ ਸਰੀਰ ਨੂੰ ਛੂਹਣ ਦੀ ਜ਼ਰੂਰਤ ਨਹੀਂ ਹੁੰਦੀ, ਲਈ ਲਾਸ਼ ਨੂੰ ਦਿਖਾਉਣ ਲਈ ਬੈਗ ਨੂੰ (ਸਟਾਫ ਦੁਆਰਾ ਸਧਾਰਨ ਸਾਵਧਾਨੀਆਂ ਵਰਤ ਕੇ) ਖੋਲਣ ਦੀ ਇਜਾਜ਼ਤ ਸ਼ਾਮਸ਼ਾਨਘਾਟ 'ਚ ਦਿੱਤੀ ਜਾ ਸਕਦੀ ਹੈ। ਉਨ੍ਹਾਂ ਸੱਪਸ਼ਟ ਕੀਤਾ ਕਿ ਮ੍ਰਿਤਕ ਦੇਹ ਨੂੰ ਨਹਾਉਣ, ਚੁੰਮਣਾ, ਗਲੇ ਲਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਸੰਸਕਾਰ ਕਰਨ-ਦਫਨਾਉਣ ਵਾਲੇ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਸੰਸਕਾਰ ਤੋਂ ਬਾਅਦ ਹੱਥਾਂ ਦੀ ਸਫਾਈ ਕਰਨੀ ਚਾਹੀਦੀ ਹੈ। ਸਸਕਾਰ ਕਰਨ ਵਾਲੇ ਸਥਾਨ 'ਤੇ ਵੱਡੇ ਇਕੱਠ ਤੋਂ ਸਮਾਜਿਕ ਦੂਰੀ ਦੇ ਉਪਾਅ ਵਜੋਂ ਪਰਹੇਜ਼ ਕਰਨਾ ਚਾਹੀਦਾ ਹੈ।