ਹੁਣ ਤੱਕ ਪੰਜਾਬ ''ਚ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਨਹੀਂ : ਬਲਬੀਰ ਸਿੱਧੂ
Friday, Feb 07, 2020 - 07:50 PM (IST)
ਚੰਡੀਗੜ੍ਹ, (ਰਮਨਜੀਤ)— ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡਿਪਟੀ ਕਮਿਸ਼ਨਰਾਂ ਨੂੰ ਕੋਰੋਨਾ ਵਾਇਰਸ ਸਬੰਧੀ ਤਿਆਰੀਆਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ਕਿਉਂਕਿ ਚੀਨ ਤੋਂ ਇਸ ਵਾਇਰਸ ਦੇ ਫੈਲਣ ਦੀ ਖ਼ਬਰ ਮਿਲੀ ਹੈ, ਜਿਥੇ ਹੁਣ ਤੱਕ 28,000 ਤੋਂ ਵੱਧ ਮਾਮਲਿਆਂ ਅਤੇ 564 ਮੌਤਾਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ 24 ਹੋਰ ਦੇਸ਼ਾਂ 'ਚ ਵੀ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਭਾਰਤ 'ਚ ਵੀ 3 ਮਾਮਲੇ ਸਾਹਮਣੇ ਆਏ ਹਨ।
ਇਸ ਅਣਜਾਣ ਬੀਮਾਰੀ ਦੇ ਵੱਧ ਰਹੇ ਖਤਰੇ ਨੂੰ ਦੇਖਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਚੀਨ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸੂਚੀ ਪੰਜਾਬ ਸਰਕਾਰ ਨਾਲ ਸਾਂਝੀ ਕੀਤੀ ਜਾ ਰਹੀ ਹੈ ਅਤੇ ਇਹ ਰਿਪੋਰਟ ਸਾਰੇ ਜ਼ਿਲਿਆਂ ਦੇ ਸਿਵਲ ਸਰਜਨਾਂ ਨੂੰ ਲਗਾਤਾਰ ਭੇਜੀ ਜਾ ਰਹੀ ਹੈ। ਪੰਜਾਬ ਦੇ 1375 ਯਾਤਰੀ ਚੀਨ ਦੀ ਯਾਤਰਾ ਕਰ ਚੁੱਕੇ ਹਨ, ਜਿਨ੍ਹਾਂ 'ਚੋਂ 1250 ਯਾਤਰੀਆਂ ਦਾ ਪਤਾ ਲਾ ਕੇ ਉਨ੍ਹਾਂ ਦੀ ਜਾਂਚ ਕਰ ਲਈ ਗਈ ਹੈ। ਇਨ੍ਹਾਂ ਯਾਤਰੀਆਂ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ। ਬਾਕੀ ਯਾਤਰੀਆਂ ਦੀ ਸਕਰੀਨਿੰਗ ਕੱਲ ਤੱਕ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਨਹੀਂ ਪਾਇਆ ਗਿਆ।
ਉਨ੍ਹਾਂ ਕਿਹਾ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਆਏ ਜ਼ੀਰਕਪੁਰ (ਮੋਹਾਲੀ) ਦੇ 4 ਯਾਤਰੀਆਂ ਦੇ ਨਮੂਨੇ ਵੀ ਨੈਗੇਟਿਵ ਪਾਏ ਗਏ ਹਨ, ਜਦਕਿ ਹੁਣ ਤੱਕ ਪੰਜਾਬ ਨਾਲ ਸਬੰਧਤ 26 ਮਾਮਲੇ ਐੱਨ. ਆਈ. ਵੀ. ਪੁਣੇ ਤੋਂ ਨੈਗੇਟਿਵ ਦੱਸੇ ਗਏ ਹਨ। ਚੀਨ ਅਤੇ ਹੋਰ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹੋਰ ਬਹੁਤ ਸਾਰੇ ਯਾਤਰੀ ਸਿਹਤ ਵਿਭਾਗ ਕੋਲ ਖੁਦ ਰਿਪੋਰਟ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਜੇਕਰ ਕੋਈ ਯਾਤਰੀ ਚੀਨ ਦੇ ਵੁਹਾਨ ਸ਼ਹਿਰ ਤੋਂ ਆਇਆ ਹੈ ਤਾਂ ਉਸ ਨੂੰ ਇਕੱਲਾ ਰੱਖਿਆ ਜਾਣਾ ਜ਼ਰੂਰੀ ਹੈ ਅਤੇ ਕੋਈ ਲੱਛਣ ਨਾ ਹੋਣ ਦੇ ਬਾਵਜੂਦ ਇਸ ਵਾਇਰਸ ਸਬੰਧੀ ਨਮੂਨੇ ਲੈਣਾ ਜ਼ਰੂਰੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਸਾਰੇ ਸਿਵਲ ਸਰਜਨਾਂ, ਜ਼ਿਲਾ ਨੋਡਲ ਅਫ਼ਸਰਾਂ ਅਤੇ ਕੰਟਰੋਲ ਰੂਮਾਂ ਦੀ ਸੂਚੀ ਵੀ ਵਿਭਾਗ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਗਈ ਹੈ। ਕੰਟਰੋਲ ਰੂਮ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਇਸ ਬੀਮਾਰੀ ਸਬੰਧੀ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ। ਹੋਰ ਵਿਭਾਗਾਂ ਅਤੇ ਲੋਕਾਂ ਦੀ ਸਹੂਲਤ ਲਈ ਰਾਜ ਕੰਟਰੋਲ ਰੂਮ ਨੰ. 08872090029 ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਸਵੈ-ਰਿਪੋਰਟਿੰਗ ਅਤੇ ਆਮ ਲੋਕਾਂ ਨੂੰ ਇਸ ਵਾਇਰਸ ਸਬੰਧੀ ਜਾਣਕਾਰੀ ਦੇਣ ਲਈ ਕੇਂਦਰੀ ਹੈਲਪਲਾਈਨ ਨੰ. 104 ਵੀ ਕਾਰਜਸ਼ੀਲ ਕੀਤਾ ਗਿਆ ਹੈ।