ਸ਼ਹਿਰ ''ਚ ਨਹੀਂ ਰੁਕ ਰਿਹਾ ਚੋਰੀਆਂ ਦਾ ਸਿਲਸਿਲਾ, ਲੋਕਾਂ ''ਚ ਸਹਿਮ ਦਾ ਮਾਹੌਲ

Wednesday, Apr 27, 2022 - 04:28 PM (IST)

ਸ਼ਹਿਰ ''ਚ ਨਹੀਂ ਰੁਕ ਰਿਹਾ ਚੋਰੀਆਂ ਦਾ ਸਿਲਸਿਲਾ, ਲੋਕਾਂ ''ਚ ਸਹਿਮ ਦਾ ਮਾਹੌਲ

ਧੂਰੀ (ਅਸ਼ਵਨੀ) : ਧੂਰੀ ਸਹਿਰ ਵਿੱਚ ਰੋਜ਼ ਲੁੱਟ-ਖੋਹ ਅਤੇ ਚੋਰੀ ਦੀ ਘਟਨਾਵਾਂ ਹੋ ਰਹੀਆਂ ਹਨ। ਪਿਛਲੇ ਦਿਨੀਂ ਦਿਨ-ਦਿਹਾੜੇ ਪਏ ਡਾਕੇ ਦੇ ਹਾਲੇ ਤੱਕ ਕੋਈ ਵੀ ਦੋਸ਼ੀ ਪੁਲਸ ਦੇ ਅੜਿੱਕੇ ਨਹੀਂ ਆਇਆ, ਇਸ ਦੇ ਚੱਲਦਿਆਂ ਹੀ ਬੀਤੀ ਰਾਤ ਕੱਕੜਵਾਲ ਚੌਂਕ ਦੇ ਨੇੜੇ ਕੱਪੜੇ ਪ੍ਰੈੱਸ ਕਰਨ ਵਾਲੇ ਟੀਟੂ ਨਾਂ ਦੇ ਦੁਕਾਨਦਾਰ ਦੇ ਘਰ ਲੱਖਾਂ ਰੁਪਏ ਦੀ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ਸਮਾਗਮ ਵਿੱਚ ਪਰਿਵਾਰ ਸਮੇਤ ਗਿਆ ਹੋਇਆ ਸੀ ਅਤੇ ਜਦੋਂ ਘਰ ਵਾਪਸ ਪਰਤਿਆ ਤਾਂ ਉਸ ਨੇ ਦੇਖਿਆ ਕਿ ਘਰ ਦੇ ਜਿੰਦਰੇ ਟੁੱਟੇ ਪਏ ਸਨ ਅਤੇ ਅਲਮਾਰੀ ਦੇ ਜਿੰਦਰੇ ਤੋੜ ਕੇ ਚੋਰਾਂ ਵੱਲੋਂ ਗਹਿਣੇ ਅਤੇ ਨਕਦੀ ਦੇ ਉੱਪਰ ਹੱਥ ਸਾਫ਼ ਕਰ ਲਿਆ ਗਿਆ ਸੀ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੋਰਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹਨ ਕਿ ਜਿਸ ਘਰ ਵਿੱਚ ਚੋਰੀ ਹੋਈ ਹੈ, ਉਸ ਦੇ ਨੇੜੇ ਸਾਬਕਾ ਐੱਮ. ਐੱਲ. ਏ. ਦਾ ਘਰ ਵੀ ਹੈ। ਇਸ ਸਿਲਸਿਲੇ ਵਿੱਚ ਪਿਛਲੇ ਦਿਨੀਂ ਸ਼ਿਵਪੁਰੀ ਮੁਹੱਲੇ ਵਿਖੇ ਵੀ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੁੱਖ ਮੰਤਰੀ ਦਾ ਸ਼ਹਿਰ ਹੋਣ ਦੇ ਬਾਵਜੂਦ ਵੀ ਅਜਿਹੀਆਂ ਘਟਨਾਵਾਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ੍ਹ ਲਗਾਉਂਦੀਆਂ ਹਨ। ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਚੋਰੀ ਦੀ ਘਟਨਾ ਦੀ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ੍ਹ ਕੇ ਸਲਾਖ਼ਾਂ ਪਿੱਛੇ ਭੇਜਿਆ ਜਾਵੇਗਾ।
 


author

Babita

Content Editor

Related News