ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੋਰੀ, ਰਿਵਾਲਵਰ ਵੀ ਲੈ ਗਏ ਚੋਰ
Monday, Aug 16, 2021 - 02:17 PM (IST)

ਸੰਗਤ ਮੰਡੀ (ਮਨਜੀਤ) : ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਜੱਦੀ ਘਰ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਦਾਖ਼ਲ ਹੋ ਕੇ ਲਾਇਸੰਸੀ ਰਿਵਾਲਵਰ, ਕਾਰਤੂਸ, ਸੋਨਾ ਤੇ ਹਜ਼ਾਰਾਂ ਦੀ ਨਕਦੀ ’ਤੇ ਹੱਥ ਸਾਫ ਕਰ ਦਿੱਤਾ ਸੀ। ਪੁਲਸ ਵੱਲੋਂ ਇਸ ਮਾਮਲੇ ’ਚ ਪਿੰਡ ਦੇ ਹੀ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਤੋਂ ਰਿਵਾਲਵਰ ਬਰਾਮਦ ਕਰ ਲਿਆ ਹੈ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਥੇਦਾਰ ਬਲਵੰਤ ਸਿੰਘ ਦੇ ਵੱਡੇ ਭਰਾ ਤੇਜਾ ਸਿੰਘ ਪੁੱਤਰ ਜਵਾਲਾ ਸਿੰਘ ਨੇ ਪੁਲਸ ਕੋਲ ਦਰਖ਼ਾਸਤ ਦਿੱਤੀ ਸੀ, ਜਿਸ ’ਚ ਉਨ੍ਹਾਂ ਦੱਸਿਆ ਕਿ ਰਾਤ ਸਮੇਂ ਉਹ ਪਰਿਵਾਰ ਨਾਲ ਇਕ ਕਮਰੇ ’ਚ ਸੁੱਤੇ ਪਏ ਸਨ, ਸਵੇਰ ਸਮੇਂ ਜਦ ਉਸ ਦੀ ਲੜਕੀ ਵੀਰਪਾਲ ਕੌਰ ਉੱਠੀ ਤਾਂ ਉਨ੍ਹਾਂ ਵੇਖਿਆ ਕਿ ਰਿਹਾਇਸ਼ੀ ਕਮਰੇ ਦਾ ਕੁੰਡਾ ਟੁੱਟ ਕੇ ਬਾਹਰ ਖੁੱਲ੍ਹਾ ਪਿਆ ਸੀ ਅਤੇ ਕਮਰੇ ’ਚ ਸਾਮਾਨ ਖਿਲਰਿਆ ਪਿਆ ਸੀ।
ਇਹ ਵੀ ਪੜ੍ਹੋ : ‘ਆਫ਼ਤ ਦੀ ਇਸ ਘੜੀ ’ਚੋਂ ਅਸੀਂ ਜੇਤੂ ਹੋ ਕੇ ਨਿਕਲਾਂਗੇ’: ਕੈਪਟਨ ਅਮਰਿੰਦਰ ਸਿੰਘ
ਸਾਮਾਨ ਚੈੱਕ ਕਰਨ ’ਤੇ ਪਤਾ ਲੱਗਿਆ ਤਾਂ ਇਕ ਸੋਨੇ ਦੀ ਚੂੜੀ, ਇਕ ਪੈਂਡਲ, ਕੰਨਾਂ ਵਾਲੇ ਰਿੰਗ, ਪੰਜ ਛਾਪਾ, ਅਲਮਾਰੀ ’ਚ ਪਿਆ ਲਾਇਸੰਸੀ ਰਿਵਾਲਵਰ, 15 ਜਿੰਦਾ ਕਾਰਤੂਸ ਅਤੇ 20 ਹਜ਼ਾਰ ਦੇ ਕਰੀਬ ਨਕਦੀ ਗਾਇਬ ਸੀ। ਥਾਣੇਦਾਰ ਵੱਲੋਂ ਇਸ ਮਾਮਲੇ ਨੂੰ ਕੁੱਝ ਘੰਟਿਆਂ ’ਚ ਹੀ ਹੱਲ ਕਰਦਿਆਂ ਪਿੰਡ ਦੇ ਹੀ ਛਿੰਦਾ ਸਿੰਘ ਉਰਫ ਛਿੰਦਾ ਰਾਮ ਪੁੱਤਰ ਪੁਨੂੰ ਰਾਮ, ਪੱਪੀ ਕੌਰ ਪਤਨੀ ਪੁਨੂੰ ਰਾਮ ਅਤੇ ਹਰਪ੍ਰੀਤ ਸਿੰਘ ਉਰਫ ਜੁਗਨੂੰ ਪੁੱਤਰ ਮਲਕੀਤ ਸਿੰਘ ਵਾਸੀਆਨ ਨੰਦਗੜ੍ਹ ਵਿਰੁੱਧ ਮਾਮਲਾ ਦਰਜ ਕਰ ਕੇ ਛਿੰਦਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਛਿੰਦਾ ਸਿੰਘ ਤੋਂ ਰਿਵਾਲਵਰ ਬਰਾਮਦ ਕਰ ਲਿਆ ਹੈ ਹਾਲੇ ਬਾਕੀ ਦਾ ਸਾਮਾਨ ਬਰਾਮਦ ਕਰਵਾਉਣਾ ਬਾਕੀ ਹੈ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਨਾਲ ਮੁਲਾਕਾਤ ਸਬੰਧੀ ਤੱਥਾਂ ’ਤੇ ਆਧਾਰਤ ਸੱਚ ਸੁਖਬੀਰ ਬਾਦਲ ਨੇ ਕੀਤਾ ਜਨਤਕ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ