ਭਰਾ ਨੂੰ ਰੱਖੜੀ ਬੰਨ੍ਹਣ ਗਈ ਭੈਣ ਦੇ ਘਰ ਚੋਰੀ, ਲਾਇਸੈਂਸੀ ਰਿਵਾਲਵਰ ਤੇ 6 ਲੱਖ ਦੇ ਗਹਿਣੇ ਲੈ ਗਏ ਚੋਰ

Tuesday, Aug 20, 2024 - 02:57 PM (IST)

ਭਰਾ ਨੂੰ ਰੱਖੜੀ ਬੰਨ੍ਹਣ ਗਈ ਭੈਣ ਦੇ ਘਰ ਚੋਰੀ, ਲਾਇਸੈਂਸੀ ਰਿਵਾਲਵਰ ਤੇ 6 ਲੱਖ ਦੇ ਗਹਿਣੇ ਲੈ ਗਏ ਚੋਰ

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਗੁਰੋਂ ਨਾਨਕ ਮੁਹੱਲਾ ਵਾਸੀ ਮਨਮੋਹਣ ਸ਼ਰਮਾ ਦੇ ਘਰ ਬੀਤੀ ਰਾਤ ਚੋਰਾਂ ਨੇ ਚੋਰੀ ਕਰ ਲਈ। ਚੋਰਾਂ ਨੇ ਉਸਦਾ ਲਾਇਸੈਂਸੀ ਰਿਵਾਲਵਰ ਅਤੇ ਕੁੱਝ ਕੀਮਤੀ ਗਹਿਣੇ ਚੋਰੀ ਕਰ ਲਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਨਮੋਹਣ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਬੱਚਿਆਂ ਸਮੇਤ ਰੱਖੜੀ ਬੰਨ੍ਹਣ ਲਈ ਸ਼ਿਮਲਾ (ਹਿਮਾਚਲ ਪ੍ਰਦੇਸ਼) ਗਏ ਹੋਏ ਸਨ ਅਤੇ ਘਰ ਨੂੰ ਤਾਲਾ ਲਗਾ ਕੇ ਚਾਬੀ ਗੁਆਂਢੀਆਂ ਨੂੰ ਫੜ੍ਹਾ ਗਏ।

ਅੱਜ ਸਵੇਰੇ ਘਰ ਦੇ ਬਾਹਰ ਤਾਂ ਤਾਲਾ ਲੱਗਾ ਹੋਇਆ ਸੀ ਅਤੇ ਜਦੋਂ ਗੁਆਂਢੀਆਂ ਨੇ ਤਾਲਾ ਖੋਲ੍ਹ ਕੇ ਘਰ ਦਾ ਮੇਨ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾ ਖੁੱਲ੍ਹਿਆ। ਉਨ੍ਹਾਂ ਨੇ ਆਸ-ਪਾਸ ਹੋਰ ਗੁਆਂਢੀਆਂ ਨੂੰ ਬੁਲਾਇਆ ਅਤੇ ਜਦੋਂ ਕੰਧ ਟੱਪ ਕੇ ਦੇਖਿਆ ਤਾਂ ਮੇਨ ਦਰਵਾਜ਼ੇ ਨੂੰ ਅੰਦਰੋਂ ਕੁੰਡਾ ਲੱਗਾ ਹੋਇਆ ਸੀ, ਜਦੋਂ ਕਿ ਕੋਠੀ ਦਾ ਲੋਬੀ ਵਾਲਾ ਦਰਵਾਜ਼ਾ ਤੋੜਿਆ ਹੋਇਆ ਸੀ। ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ, ਬੈੱਡਾਂ ਅਤੇ ਅਲਮਾਰੀਆਂ ਦੀ ਚੰਗੀ ਤਰ੍ਹਾਂ ਫਰੌਲਾ-ਫਰਾਲੀ ਕੀਤੀ ਗਈ ਸੀ।

ਮਾਲਕ ਮਨਮੋਹਣ ਸ਼ਰਮਾ ਨੇ ਦੱਸਿਆ ਕਿ ਘਰ ਵਿਚ ਨਕਦੀ ਤਾਂ ਕੁੱਝ ਵੀ ਨਹੀਂ ਸੀ ਪਰ ਇੱਕ ਬੇਸ਼ਕੀਮਤੀ ਸੁੱਚੇ ਮੋਤੀਆਂ ਦਾ ਸੈੱਟ, ਸੋਨੇ ਦੇ ਟਾਪਸ ਅਤੇ 2 ਕੜੇ ਪਏ ਸਨ, ਜੋ ਕਿ ਅਲਮਾਰੀ ਵਿਚੋਂ ਗਾਇਬ ਸਨ। ਇਨ੍ਹਾਂ ਦੀ ਕੀਮਤ ਕਰੀਬ 6 ਲੱਖ ਰੁਪਏ ਹੈ। ਇਸ ਤੋਂ ਇਲਾਵਾ ਮੇਰਾ ਇੱਕ ਲਾਇਸੈਂਸੀ 32 ਬੋਰ ਦਾ ਰਿਵਾਲਵਰ, ਜੋ ਕਿ ਅਲਮਾਰੀ ਵਿਚ ਹੀ ਪਿਆ ਸੀ, ਉਹ ਵੀ ਚੋਰ ਉਡਾ ਕੇ ਲੈ ਗਏ। ਸੀ. ਸੀ. ਟੀ. ਵੀ. ਕੈਮਰੇ ਵਿਚ ਚੋਰਾਂ ਦੀਆਂ ਕੱਝ ਗਤੀਵਿਧੀਆਂ ਕੈਦ ਹੋਈਆਂ ਅਤੇ ਉਨ੍ਹਾਂ ਮਨਮੋਹਣ ਸ਼ਰਮਾ ਦੇ ਘਰ ਬਾਹਰ ਲੱਗਿਆ ਕੈਮਰਾ ਵੀ ਤੋੜ ਦਿੱਤਾ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
 


author

Babita

Content Editor

Related News