ਹੋਟਲ ’ਚ ਚੋਰੀ ਦੀ ਵਾਰਦਾਤ CCTV ਕੈਮਰਿਆਂ ’ਚ ਕੈਦ

Wednesday, Nov 25, 2026 - 12:44 PM (IST)

ਹੋਟਲ ’ਚ ਚੋਰੀ ਦੀ ਵਾਰਦਾਤ CCTV ਕੈਮਰਿਆਂ ’ਚ ਕੈਦ

ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਦੇ ਪੁਲਸ ਦੇ ਦਾਅਵਿਆਂ ਦਰਮਿਆਨ ਚੰਡੀਗੜ੍ਹ-ਜ਼ੀਰਕਪੁਰ ਦੀ ਹੱਦ ’ਤੇ ਸਥਿਤ ਇਕ ਨਿੱਜੀ ਹੋਟਲ ’ਚੋਂ ਕੀਮਤੀ ਮੋਬਾਇਲ ਫੋਨ ਚੋਰੀ ਕਰਨ ਵਾਲਾ ਮੁਲਜ਼ਮ ਕਰੀਬ 40 ਦਿਨਾਂ ਬਾਅਦ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹੋਟਲ ਮਾਲਕ ਵੱਲੋਂ ਪੁਲਸ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਤੇ ਮੁਲਜ਼ਮ ਵੱਲੋਂ ਵਰਤੀ ਗਈ ਐਕਟਿਵਾ ਦਾ ਨੰਬਰ ਵੀ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਹੋਟਲ ਮਾਲਕ ਮੁਤਾਬਕ ਕਰੀਬ 40 ਦਿਨ ਪਹਿਲਾਂ ਦੇਰ ਰਾਤ ਇਕ ਨੌਜਵਾਨ ਹੋਟਲ ’ਚ ਦਾਖ਼ਲ ਹੋਇਆ। ਮੈਨੇਜਰ ਦੀ ਗ਼ੈਰਹਾਜ਼ਰੀ ਦਾ ਫਾਇਦਾ ਉਠਾਉਂਦਿਆਂ ਉਹ ਰਿਸੈਪਸ਼ਨ ’ਤੇ ਪਏ ਕੀਮਤੀ ਮੋਬਾਈਲ ਫੋਨ ਚੋਰੀ ਕਰਕੇ ਫ਼ਰਾਰ ਹੋ ਗਿਆ। ਬਾਅਦ ਵਿੱਚ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਗਾਲਣ ’ਤੇ ਸਾਰੀ ਵਾਰਦਾਤ ਸਾਹਮਣੇ ਆ ਗਈ।

ਹੋਟਲ ਮਾਲਕ ਨੇ ਦੱਸਿਆ ਕਿ ਉਨ੍ਹਾਂ ਜ਼ੀਰਕਪੁਰ ਥਾਣੇ ਵਿੱਚ ਸ਼ਿਕਾਇਤ ਦੇਣ ਦੇ ਨਾਲ ਵਾਰਦਾਤ ਸਬੰਧੀ ਸਬੂਤ ਵੀ ਪੁਲਸ ਨੂੰ ਸੌਂਪ ਦਿੱਤੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਕਰੀਬ ਡੇਢ ਮਹੀਨੇ ਤੋਂ ਥਾਣੇ ਦੇ ਚੱਕਰ ਕੱਟਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸ ਮਾਮਲੇ ਨੇ ਜ਼ੀਰਕਪੁਰ ਪੁਲਸ ਦੀ ਜਾਂਚ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਮੁਲਜ਼ਮ ਦੀਆਂ ਹਰਕਤਾਂ ਦੀ ਰਿਕਾਰਡਿੰਗ ਅਤੇ ਵਾਹਨ ਦਾ ਨੰਬਰ ਮਿਲਣ ਦੇ ਬਾਵਜੂਦ ਪੁਲਸ 40 ਦਿਨਾਂ ਵਿੱਚ ਉਸ ਤੱਕ ਨਹੀਂ ਪਹੁੰਚ ਸਕੀ ਤਾਂ ਉਨ੍ਹਾਂ ਮਾਮਲਿਆਂ ਵਿੱਚ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਕੀ ਉਮੀਦ ਹੋਵੇਗੀ, ਜਿਨ੍ਹਾਂ ਵਿੱਚ ਕੋਈ ਸੁਰਾਗ ਹੀ ਨਹੀਂ ਮਿਲਦਾ? ਮਾਮਲੇ ਸਬੰਧੀ ਪੜਤਾਲੀਆ ਅਫਸਰ ਸਹਾਇਕ ਥਾਣੇਦਾਰ ਲਾਭ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 


author

Babita

Content Editor

Related News