ਚੋਰੀ ਕਰਨ ਆਏ ਬਦਮਾਸ਼ਾਂ ਨੇ ਪਰਿਵਾਰ ’ਤੇ ਚਲਾਈ ਗੋਲੀ, ਇਕ ਭਰਾ ਨੂੰ ਵੱਢਿਆ
Saturday, Nov 21, 2026 - 01:56 PM (IST)
ਮੋਹਾਲੀ (ਜੱਸੀ) : ਨਿਊ ਚੰਡੀਗੜ੍ਹ ਸਥਿਤ ਓਮੈਕਸ ਸੁਸਾਇਟੀ ਦੇ ਇਕ ਫਲੈਟ ’ਚ ਚੋਰੀ ਦੀ ਨੀਅਤ ਨਾਲ ਦਾਖ਼ਲ ਹੋਏ 2 ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਨੇ ਘਰ ਦੇ ਮਾਲਕਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਚਲਾਈ ਗਈ ਗੋਲੀ ਲੱਗਣ ਕਾਰਨ ਅਭੀਜੀਤ ਸ਼ਰਮਾ ਜ਼ਖ਼ਮੀ ਹੋ ਗਿਆ, ਜਦਕਿ ਉਸ ਦੇ ਭਰਾ ਅਭਿਸ਼ੇਕ ਸ਼ਰਮਾ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ। ਜ਼ਖ਼ਮੀ ਅਭੀਜੀਤ ਨੂੰ ਚੰਡੀਗੜ੍ਹ ਦੇ ਸੈਕਟਰ-16 ਸਥਿਤ ਜੀ. ਐੱਮ. ਐੱਸ. ਐੱਚ. ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਜੇਰੇ ਇਲਾਜ ਹੈ। ਸ਼ਿਕਾਇਤਕਰਤਾ ਅਭੀਜੀਤ ਸ਼ਰਮਾ (41) ਨਿਊ ਚੰਡੀਗੜ੍ਹ ਦੇ ਸਲਸਥੀਆ ਗ੍ਰੈਂਡ ਓਮੈਕਸ ਦੇ ਅੱਪਰ ਗਰਾਊਂਡ ਫਲੋਰ ’ਤੇ ਰਹਿੰਦਾ ਹੈ ਅਤੇ ਮੋਹਾਲੀ ਦੀ ਇਕ ਆਈ. ਟੀ. ਕੰਪਨੀ ’ਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਆਪਣੇ ਭਰਾ ਅਭਿਸ਼ੇਕ ਸ਼ਰਮਾ ਤੇ ਪਿਤਾ ਸੁਰੇਸ਼ ਸ਼ਰਮਾ ਨਾਲ ਰਾਤ ਕਰੀਬ 11.15 ਵਜੇ ਫਲੈਟ ਨੰਬਰ 680-ਡੀ ਦੀ ਜਾਂਚ ਕਰਨ ਪਹੁੰਚਿਆ। ਫਲੈਟ ਦਾ ਮੁੱਖ ਗੇਟ ਖੁੱਲ੍ਹਾ ਸੀ ਅਤੇ ਅੰਦਰ ਕਮਰੇ ’ਚ 2 ਅਣਪਛਾਤੇ ਵਿਅਕਤੀ ਮੌਜੂਦ ਸਨ, ਜਿਨ੍ਹਾਂ ’ਚੋਂ ਇਕ ਕੋਲ ਤੇਜ਼ਧਾਰ ਹਥਿਆਰ ਅਤੇ ਪੇਚਕਸ, ਜਦੋਂ ਕਿ ਦੂਜੇ ਕੋਲ ਦੇਸੀ ਪਿਸਤੌਲ ਸੀ। ਪਰਿਵਾਰ ਨੂੰ ਦੇਖਦਿਆਂ ਹੀ ਇਕ ਹਮਲਾਵਰ ਨੇ ਅਭੀਜੀਤ ’ਤੇ ਪਿਸਤੌਲ ਨਾਲ ਫਾਇਰ ਕੀਤਾ, ਜਿਸ ਨਾਲ ਉਸ ਦੀ ਲੱਤ ’ਚ ਗੋਲੀ ਲੱਗੀ, ਜਦੋਂ ਕਿ ਦੂਜੇ ਨੇ ਅਭਿਸ਼ੇਕ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਪਰਿਵਾਰ ਵੱਲੋਂ ਰੌਲਾ ਪਾਉਣ ’ਤੇ ਮੁਲਜ਼ਮ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਬਾਅਦ ਵਿਚ ਅਭਿਸ਼ੇਕ ਆਪਣੇ ਜ਼ਖ਼ਮੀ ਭਰਾ ਨੂੰ ਸੈਕਟਰ-16 ਹਸਪਤਾਲ ਲੈ ਗਿਆ। ਥਾਣਾ ਮੁੱਲਾਂਪੁਰ ਪੁਲਸ ਨੇ ਬੀ.ਐੱਨ.ਐੱਸ. ਦੀ ਧਾਰਾ 109 (ਇਰਾਦਾ ਕਤਲ), 331(6), 331(8), 351(2), 3(5) ਅਤੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਕੇਸ ਦਰਜ ਕਰ ਲਿਆ ਹੈ। ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਗੁਆਂਢੀ ਨੇ ਕੈਮਰੇ ਬੰਦ ਹੋਣ ਬਾਰੇ ਦਿੱਤੀ ਸੀ ਸੂਚਨਾ
18 ਨਵੰਬਰ ਨੂੰ ਅਭੀਜੀਤ ਦੇ ਪਿਤਾ ਸੁਰੇਸ਼ ਸ਼ਰਮਾ ਦੇ ਮੋਬਾਇਲ ’ਤੇ ਗੁਆਂਢੀ ਪ੍ਰਵੀਨ ਚਲਾਨਾ ਦਾ ਫੋਨ ਆਇਆ ਸੀ। ਉਸ ਨੇ ਫਲੈਟ ’ਚ ਲੱਗੇ ਕੈਮਰੇ ਬੰਦ ਹੋਣ ਅਤੇ ਰਾਤ ਸਮੇਂ ਕਿਸੇ ਵਿਅਕਤੀ ਵੱਲੋਂ ਅਣ-ਅਧਿਕਾਰਤ ਤੌਰ ’ਤੇ ਅੰਦਰ ਦਾਖ਼ਲ ਹੋਣ ਦਾ ਸ਼ੱਕ ਜਤਾਇਆ ਸੀ ਅਤੇ ਘਰ ਦੀ ਜਾਂਚ ਕਰਨ ਲਈ ਕਿਹਾ ਸੀ।
