ਹੋਟਲ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਝੁਲਸਿਆ
Sunday, Nov 22, 2026 - 04:20 PM (IST)
ਜ਼ੀਰਕਪੁਰ : ਇੱਥੇ ਪਟਿਆਲਾ ਰੋਡ ਸਥਿਤ ਨਿੱਜੀ ਹੋਟਲ 'ਚ ਬੀਤੀ ਦੁਪਹਿਰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਹੋਟਲ 'ਚ ਕੰਮ ਕਰਨ ਵਾਲਾ ਨੌਜਵਾਨ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਿਆ। ਕਰੀਬ 30 ਫੁੱਟ ਦੀ ਉਚਾਈ ਤੋਂ ਡਿੱਗਦੇ ਸਮੇਂ ਉਹ ਬਿਜਲੀ ਦੀਆਂ ਤਾਰਾਂ 'ਚ ਫਸ ਗਿਆ। ਇਸ ਕਾਰਨ ਕਰੰਟ ਲੱਗਣ ਨਾਲ ਗੰਭੀਰ ਰੂਪ 'ਚ ਝੁਲਸ ਗਿਆ। ਉਸ ਨੂੰ ਮੌਕੇ 'ਤੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀ ਦੀ ਪਛਾਣ ਬਿਹਾਰ ਵਾਸੀ ਜਸੂਆ ਹਾਂਸਦਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 3 ਵਜੇ ਜਸੂਆ ਅਚਾਨਕ ਹੋਟਲ ਦੀ ਤੀਜੀ ਮੰਜ਼ਿਲ 'ਤੇ ਪਹੁੰਚ ਗਿਆ ਅਤੇ ਉੱਥੇ ਕੰਧ 'ਤੇ ਬੈਠ ਗਿਆ।
ਉਸ ਨੂੰ ਇਸ ਹਾਲਤ ਵਿੱਚ ਦੇਖ ਕੇ ਹੇਠਾਂ ਮੌਜੂਦ ਲੋਕਾਂ ਨੇ ਕਾਫ਼ੀ ਦੇਰ ਤੱਕ ਉਸ ਨੂੰ ਸਮਝਾਉਣ ਤੇ ਹੇਠਾਂ ਉਤਰਨ ਲਈ ਕਿਹਾ ਪਰ ਉਹ ਉਨ੍ਹਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੋਇਆ। ਇਸੇ ਦੌਰਾਨ ਉਹ ਹੇਠਾਂ ਡਿੱਗ ਪਿਆ ਤੇ ਰਸਤੇ 'ਚ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਗਿਆ। ਬਿਜਲੀ ਦੀਆਂ ਤਾਰਾਂ ਨਾਲ ਸੰਪਰਕ ਹੋਣ ਕਾਰਨ ਨੌਜਵਾਨ ਨੂੰ ਕਰੰਟ ਲੱਗਿਆ ਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ। ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
