ਚੋਰਾਂ ਨੇ ਦੋ ਸ਼ੋਅਰੂਮਾਂ ''ਚੋਂ ਕੀਤੀ ਚੋਰੀ

Saturday, Sep 09, 2017 - 01:46 AM (IST)

ਧਾਰੀਵਾਲ(ਖੋਸਲਾ, ਬਲਬੀਰ, ਵਿਨੋਦ)-ਬੀਤੀ ਰਾਤ ਚੋਰਾਂ ਨੇ ਜੀ. ਟੀ. ਰੋਡ ਰਣੀਆਂ 'ਤੇ ਸਥਿਤ ਦੋ ਸ਼ੋਅਰੂਮਾਂ 'ਚੋਂ ਨਕਦੀ, ਮੋਬਾਇਲ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਭੁਪਿੰਦਰ ਆਟੋ ਮੋਬਾਇਲ ਦੇ ਸ਼ੋਅਰੂਮ ਦੇ ਮਾਲਕ ਭੁਪਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਰਣੀਆਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ ਸ਼ੋਅਰੂਮ ਬੰਦ ਕਰ ਕੇ ਘਰ ਚਲਾ ਗਿਆ ਸੀ ਤੇ ਜਦੋਂ ਅੱਜ ਸਵੇਰੇ ਉਹ ਸ਼ੋਅਰੂਮ 'ਤੇ ਆਇਆ ਤਾਂ ਉਸ ਨੇ ਦੇਖਿਆ ਕਿ ਸ਼ੋਅਰੂਮ ਦੇ ਪਿਛਲੇ ਪਾਸੇ ਵਾਲਾ ਸ਼ਟਰ ਟੁੱਟਾ ਹੋਇਆ ਸੀ ਤੇ ਕਾਊਂਟਰ ਦੇ ਦਰਾਜ ਟੁੱਟੇ ਪਏ ਸਨ ਅਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਚੋਰਾਂ ਨੇ ਗੱਲੇ 'ਚ ਪਏ ਲਗਭਗ ਢਾਈ ਲੱਖ ਰੁਪਏ ਨਕਦ, 2 ਮੋਬਾਇਲ ਫੋਨ ਚੋਰੀ ਕਰ ਲਏ। ਇਸੇ ਤਰ੍ਹਾਂ ਰਾਜ ਟ੍ਰੇਡਰਜ਼ ਦੇ ਮਾਲਕ ਗੁਰਭੇਜ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਰਣੀਆਂ ਨੇ ਦੱਸਿਆ ਕਿ ਉਸ ਦਾ ਟਾਈਲਾਂ, ਰੇਤਾ- ਬਜਰੀ ਆਦਿ ਵੇਚਣ ਦਾ ਕੰਮ ਹੈ ਤੇ ਅੱਜ ਜਦ ਉਹ ਸਵੇਰੇ ਆਪਣੇ ਸ਼ੋਅਰੂਮ 'ਤੇ ਆਇਆ ਤਾਂ ਦੇਖਿਆ ਕਿ ਉਸ ਦੇ ਸ਼ੋਅਰੂਮ ਦਾ ਸ਼ਟਰ ਟੁੱਟਾ ਹੋਇਆ ਸੀ ਤੇ ਜਦ ਅੰਦਰ ਜਾ ਕੇ ਦੇਖਿਆ ਤਾਂ ਚੋਰਾਂ ਨੇ ਉਸ ਦੇ ਕਾਊਂਟਰ ਦਾ ਗੱਲਾ ਤੋੜ ਕੇ ਉਸ ਵਿਚੋਂ 25 ਹਜ਼ਾਰ ਰੁਪਏ ਨਕਦ, ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਤੇ ਇਕ ਬੈਟਰਾ ਚੋਰੀ ਕਰ ਲਿਆ। ਉਕਤ ਦੁਕਾਨਦਾਰਾਂ ਨੇ ਚੋਰੀ ਦੀਆਂ ਘਟਨਾਵਾਂ ਸਬੰਧੀ ਥਾਣਾ ਧਾਰੀਵਾਲ ਨੂੰ ਸੂਚਨਾ ਦੇ ਦਿੱਤੀ ਹੈ।


Related News