ਵਿਆਹ ਦੇ ਨਾਂ ''ਤੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼, 5 ਗ੍ਰਿਫਤਾਰ
Wednesday, Mar 27, 2019 - 12:39 PM (IST)

ਫ਼ਤਿਹਗੜ੍ਹ ਸਾਹਿਬ (ਜਗਦੇਵ, ਜ.ਬ.)—ਵਿਆਹ ਦੇ ਨਾਂ 'ਤੇ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਜ਼ਿਲਾ ਪੁਲਸ ਨੇ 2 ਔਰਤਾਂ ਸਣੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਗਿਰੋਹ ਦੇ ਦੋ ਮੈਂਬਰਾਂ ਦੀ ਭਾਲ ਜਾਰੀ ਹੈ। ਇਸ ਤੋਂ ਇਲਾਵਾ ਮੋਟਰਸਾਈਕਲ ਚੋਰੀ ਦੇ ਦੋਸ਼ ਹੇਠ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਚੋਰੀ ਦੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਜ਼ਿਲਾ ਪੁਲਸ ਮੁਖੀ ਅਮਨੀਤ ਕੌਂਡਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਅਮਨੀਤ ਕੌਂਡਲ ਨੇ ਦੱਸਿਆ ਕਿ ਬੀਤੇ ਦਿਨੀਂ ਹਰਪ੍ਰੀਤ ਸਿੰਘ ਵਾਸੀ ਪਿੰਡ ਝਾਮਪੁਰ ਦੇ ਬਿਆਨਾਂ ਦੇ ਆਧਾਰ 'ਤੇ ਨਕਲੀ ਵਿਆਹ ਕਰਵਾ ਕੇ ਠੱਗੀਆਂ ਮਾਰਨ ਦੇ ਦੋਸ਼ ਹੇਠ ਥਾਣਾ ਬਡਾਲੀ ਆਲਾ ਸਿੰਘ ਵਿਖੇ 3 ਔਰਤਾਂ ਸਮੇਤ 7 ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਆਹ ਕਰਵਾਉਣ ਦੇ ਨਾਂ 'ਤੇ ਮੁੰਡੇ ਵਾਲਿਆਂ ਤੋਂ ਪੈਸੇ ਲੈਂਦੇ ਸਨ। ਵਿਆਹ ਤੋਂ ਬਾਅਦ ਕਿਸੇ ਨਾ ਕਿਸੇ ਬਹਾਨੇ ਉਹ ਲੜਕੀ ਨੂੰ ਲੈ ਜਾਂਦੇ ਸਨ ਅਤੇ ਤਲਾਕ ਜਾਂ ਜਬਰ -ਜ਼ਨਾਹ ਸਬੰਧੀ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ ਹੋਰ ਪੈਸੇ ਹੜੱਪ ਲੈਂਦੇ ਸਨ। ਉਪਰੰਤ ਪੰਚਾਇਤੀ ਰਾਜ਼ੀਨਾਮਾ ਵੀ ਕਰਵਾ ਦਿੰਦੇ ਸਨ ਪਰ ਇਸ ਤੋਂ ਬਾਅਦ ਉਹ ਲੜਕੀ ਨੂੰ ਕਿਸੇ ਹੋਰ ਥਾਂ ਵਿਆਹ ਦਿੰਦੇ ਸਨ। ਇਸ ਗਿਰੋਹ ਵਿਚ ਸ਼ਾਮਲ ਸੁਖਵਿੰਦਰ ਸਿੰਘ ਉਰਫ ਸੁੱਖਾ ਉਰਫ ਗੋਰਾ ਵਾਸੀ ਪਿੰਡ ਕੋਕਰੀ ਫੂਲਾ ਸਿੰਘ ਜ਼ਿਲਾ ਮੋਗਾ, ਸੋਹਣ ਸਿੰਘ ਵਾਸੀ ਕਲਸੀਆਂ ਹਾਲ ਵਾਸੀ ਪਿੰਡ ਤੁੰਗਾਹੇੜੀ ਜ਼ਿਲਾ ਲੁਧਿਆਣਾ, ਭੁਪਿੰਦਰ ਸਿੰਘ ਵਾਸੀ ਪਿੰਡ ਸੰਗਤਪੁਰਾ ਜ਼ਿਲਾ ਲੁਧਿਆਣਾ, ਸਰਬਜੀਤ ਕੌਰ ਵਾਸੀ ਪਿੰਡ ਸਾਧੂਵਾਲ ਜ਼ਿਲਾ ਫਤਿਹਗੜ੍ਹ ਸਾਹਿਬ ਅਤੇ ਕਿਰਨਜੀਤ ਕੌਰ ਵਾਸੀ ਪਿੰਡ ਸੰਗਤਪੁਰਾ ਜ਼ਿਲਾ ਲੁਧਿਆਣਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਪੰਦਰਾਂ ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਗਿਰੋਹ ਦੀ ਮੈਂਬਰ ਕੁਲਦੀਪ ਕੌਰ ਅਤੇ ਮੋਹਰ ਸਿੰਘ ਉਰਫ ਮੋਹਰੀ ਵਾਸੀ ਪਿੰਡ ਦਾਲੋਮਾਜਰਾ ਦੀ ਭਾਲ ਜਾਰੀ ਹੈ।
ਗ੍ਰਿਫਤਾਰ ਕੀਤੇ ਮੁਲਜ਼ਮਾਂ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਕਾਫੀ ਲੰਮੇ ਸਮੇਂ ਤੋਂ ਇਹ ਸਭ ਕੁੱਝ ਕਰ ਰਹੇ ਹਨ ਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਵੱਖ-ਵੱਖ ਜ਼ਿਲਿਆਂ ਅਤੇ ਸੂਬਿਆਂ ਤੋਂ ਲਿਆ ਕੇ ਨਕਲੀ ਵਿਆਹ ਕਰਵਾ ਲੋਕਾਂ ਨਾਲ ਠੱਗੀਆਂ ਮਾਰਦੇ ਸਨ।