ਪੁਰਾਣੀ ਰੰਜਿਸ਼ ਦਾ ਖੌਫ਼ਨਾਕ ਅੰਤ, ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਮਹੀਨਾ ਪਹਿਲਾਂ ਹੀ ਹੋਇਆ ਸੀ ਵਿਆਹ

Thursday, Dec 22, 2022 - 11:13 PM (IST)

ਪੁਰਾਣੀ ਰੰਜਿਸ਼ ਦਾ ਖੌਫ਼ਨਾਕ ਅੰਤ, ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਮਹੀਨਾ ਪਹਿਲਾਂ ਹੀ ਹੋਇਆ ਸੀ ਵਿਆਹ

ਪੱਟੀ (ਸੌਰਭ, ਸੋਢੀ, ਪਾਠਕ, ਵਿਜੇ) : ਪੱਟੀ ਸ਼ਹਿਰ ਦੇ ਵਾਰਡ ਨੰ. 2 ਵਿਖੇ ਦੇਰ ਸ਼ਾਮ ਮੁਹੱਲੇ ਦੇ ਨੌਜਵਾਨਾਂ ਵੱਲੋਂ ਗੁਆਂਢੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਘਰੋਂ ਬਾਹਰ ਨਿਕਲਿਆ ਤਾਂ ਹਮਲਾਵਰਾਂ ਨੇ ਉਸ ਦੀ ਪਿੱਠ ’ਚ ਗੋਲ਼ੀ ਮਾਰ ਦਿੱਤੀ, ਜੋ ਕਿ ਉਸ ਦੇ ਦਿਲ ’ਚੋਂ ਆਰ-ਪਾਰ ਹੋ ਗਈ, ਜਿਸ ਨੂੰ ਪਰਿਵਾਰਕ ਮੈਂਬਰ ਤੁਰੰਤ ਮੋਟਰਸਾਈਕਲ ’ਤੇ ਪਹਿਲਾਂ ਸਰਕਾਰੀ ਹਸਪਤਾਲ ਲੈ ਕੇ ਗਏ, ਜਿਸ ਤੋਂ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੀ ਪਛਾਣ ਸਾਜਨ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਵਾਰਡ ਨੰ. 2 ਸਿੰਗਲ ਬਸਤੀ ਪੱਟੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਤਨਾਮ ਸਿੰਘ ਡੀ.ਐੱਸ.ਪੀ. ਸਬ-ਡਵੀਜ਼ਨ ਪੱਟੀ ਅਤੇ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਥਾਣਾ ਮੁਖੀ ਸਿਟੀ ਪੱਟੀ ਪੁਲਸ ਪਾਰਟੀ ਸਮੇਤ ਹਸਪਤਾਲ ਪੁੱਜੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਸੀਵਰੇਜ ਪੁੱਟਣ ਦੌਰਾਨ ਮਿੱਟੀ ਧਸਣ ਕਾਰਨ ਵਾਪਰਿਆ ਵੱਡਾ ਹਾਦਸਾ, 3 ਮਜ਼ਦੂਰਾਂ ਦੀ ਹੋਈ ਮੌਤ

ਇਸ ਮੌਕੇ ਮ੍ਰਿਤਕ ਦੇ ਚਾਚੇ ਦੇ ਲੜਕੇ ਵਿਜੇ ਕੁਮਾਰ ਨੇ ਦੱਸਿਆ ਕਿ ਇਸੇ ਮੁਹੱਲੇ ਦੇ ਜਰਮਨ ਸਿੰਘ ਪੁੱਤਰ ਸੱਜਣ ਸਿੰਘ, ਕਰਨ ਪੁੱਤਰ ਜਰਮਨ ਸਿੰਘ ਅਤੇ ਬੱਬੀ ਪੁੱਤਰ ਮੁਖਤਿਆਰ ਸਿੰਘ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੇਰ ਸ਼ਾਮ ਸਾਜਨ ਨੂੰ ਗਲ਼ੀ ’ਚ ਜਾਂਦੇ ਸਮੇਂ ਪਿਸਟਲ ਨਾਲ ਪਿੱਠ 'ਚ ਗੋਲ਼ੀ ਮਾਰ ਦਿੱਤੀ, ਜੋ ਉਸ ਦੇ ਦਿਲ ਨੂੰ ਚੀਰਦੀ ਹੋਈ ਆਰ-ਪਾਰ ਹੋ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਸਾਜਨ ਦਾ ਇਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਸਬੰਧੀ ਸਤਨਾਮ ਸਿੰਘ ਡੀ.ਐੱਸ.ਪੀ. ਪੱਟੀ ਨੇ ਕਿਹਾ ਕਿ ਮੁੱਦਈ ਦੇ ਬਿਆਨ ਲਿਖੇ ਜਾ ਰਹੇ ਹਨ ਅਤੇ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਰੱਖਵਾ ਦਿੱਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News