ਬੁਖ਼ਾਰ ਦੀ ਦਵਾਈ ਨੂੰ ਨਸ਼ੇ ਦੇ ਤੌਰ ’ਤੇ ਵਰਤਣ ਲੱਗੇ ਨੌਜਵਾਨ

Friday, Jul 12, 2024 - 01:54 PM (IST)

ਬਠਿੰਡਾ (ਵਰਮਾ) : ਨਸ਼ੇ ਦਾ ਰੁਝਾਨ ਇਸ ਹੱਦ ਤੱਕ ਵੱਧ ਗਿਆ ਹੈ ਕਿ ਲੋਕ ਬੁਖ਼ਾਰ ਦੀ ਦਵਾਈ ਨੂੰ ਵੀ ਨਸ਼ਾ ਸਮਝ ਕੇ ਲੈਣ ਲੱਗ ਪਏ ਹਨ। ਅਜਿਹਾ ਹੀ ਇਕ ਮਾਮਲਾ ਪਿੰਡ ਤੁੰਗਵਾਲੀ ਵਿਖੇ ਸਾਹਮਣੇ ਆਇਆ ਹੈ, ਜਿੱਥੇ ਇਕ ਖੇਤ ’ਚ 2 ਨੌਜਵਾਨ ਬੇਹੋਸ਼ ਪਏ ਸਨ।
ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੀ। ਜਿਸ 'ਚ 2 ਨੌਜਵਾਨ ਬੇਹੋਸ਼ ਹੋ ਕੇ ਕੁੱਝ ਕਦਮਾਂ ਦੀ ਦੂਰੀ ’ਤੇ ਖੇਤ ’ਚ ਪਏ ਹੋਏ ਸਨ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਅਤੇ ਸਰਪੰਚ ਨੂੰ ਮੌਕੇ ’ਤੇ ਬੁਲਾ ਕੇ ਨੌਜਵਾਨਾਂ ਨੂੰ ਹਸਪਤਾਲ ਲਿਜਾਣ ਲਈ ਕਿਹਾ। ਇਸ ਤੋਂ ਬਾਅਦ ਪਿੰਡ ਦੇ ਸਰਪੰਚ ਅਤੇ ਹੋਰ ਲੋਕ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

ਇਸ ਸਬੰਧੀ ਐੱਸ. ਐੱਸ. ਪੀ. ਬਠਿੰਡਾ ਦੀਪਕ ਪਾਰੀਕ ਦਾ ਕਹਿਣਾ ਹੈ ਕਿ ਮੌਕੇ ’ਤੇ ਪੁੱਜੇ ਐੱਸ. ਐੱਚ. ਓ. ਨੇ ਜਾਂਚ ’ਚ ਪਾਇਆ ਨੌਜਵਾਨਾਂ ਨੇ ਬੁਖ਼ਾਰ ਦੀ ਦਵਾਈ ਲਈ ਸੀ, ਜੋ ਮੈਡੀਕਲ ਸਟੋਰਾਂ ’ਤੇ ਮਿਲਦੀ ਹੈ। ਦੋਹਾਂ ਦਾ ਇਲਾਜ ਕੀਤਾ ਗਿਆ ਅਤੇ ਹੁਣ ਉਹ ਖ਼ਤਰੇ ਤੋਂ ਬਾਹਰ ਹਨ। ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਪੁਲਸ ਨੇ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ, ਜਿਸ ਲਈ ਵੱਖ-ਵੱਖ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ, ਤਸਕਰਾਂ ਦੀ ਜਾਇਦਾਦ ਵੀ ਕੁਰਕ ਕੀਤੀ ਜਾ ਰਹੀ ਹੈ।


Babita

Content Editor

Related News