ਪੰਜਾਬ ਦੇ ਪਿੰਡ ਨੂੰ ਤੜਕਸਾਰ ਕਰ 'ਤਾ ਸੀਲ, ਹਰ ਪਾਸੇ ਪੁਲਸ ਹੀ ਪੁਲਸ, ਦੇਖੋ ਮੌਕੇ ਦੀਆਂ ਤਸਵੀਰਾਂ
Thursday, Feb 06, 2025 - 11:24 AM (IST)
ਸਮਰਾਲਾ (ਗਰਗ, ਬੰਗੜ) : ਸਮਰਾਲਾ ਦੇ ਪਿੰਡ ਮੁਸ਼ਕਾਬਾਦ ਵਿਖੇ ਲੱਗਣ ਵਾਲੀ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿਛਲੇ 1 ਸਾਲ ਤੋਂ ਪਿੰਡ ਵਾਸੀ ਧਰਨੇ 'ਤੇ ਬੈਠੇ ਹੋਏ ਹਨ। ਪਿੰਡ ਵਾਸੀਆਂ ਨੂੰ ਖਦੇੜਨ ਲਈ ਅੱਜ ਤੜਕੇ ਭਾਰੀ ਗਿਣਤੀ ’ਚ ਪੁਲਸ ਫੋਰਸ ਪੂਰੀ ਤਿਆਰੀ ਨਾਲ ਫੈਕਟਰੀ ਦੇ ਬਾਹਰ ਲੱਗੇ ਧਰਨਾ ਸਥਾਨ ’ਤੇ ਪਹੁੰਚੀ ਅਤੇ ਜ਼ਬਰੀ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਧਰਨੇ ’ਤੇ ਬੈਠੇ ਪਿੰਡ ਵਾਸੀਆਂ, ਜਿਨ੍ਹਾਂ ’ਚ ਵੱਡੀ ਗਿਣਤੀ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ, ਨੇ ਧਰਨੇ ਵਾਲੀ ਥਾਂ ਤੋਂ ਹਟਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਸਥਿਤੀ ਤਣਾਅ ਪੂਰਨ ਹੋ ਗਈ ਹੈ ਅਤੇ ਪੁਲਸ ਅਧਿਕਾਰੀਆਂ ਦੀ ਅਗਵਾਈ ’ਚ ਪੁਲਸ ਫੋਰਸ ਨੇ ਧਰਨੇ ਵਾਲੀ ਥਾਂ ਨੂੰ ਆਪਣੇ ਘੇਰੇ ’ਚ ਲੈ ਲਿਆ।
ਇਸ ਦੌਰਾਨ ਪੁਲਸ ਨੇ ਧਰਨਾਕਾਰੀਆਂ ਨੂੰ ਖਦੇੜਨ ਲਈ ਉਨ੍ਹਾਂ ਦੇ ਕਈ ਆਗੂਆਂ ਨੂੰ ਹਿਰਾਸਤ ’ਚ ਵੀ ਲੈ ਲਿਆ ਹੈ। ਦੂਜੇ ਪਾਸੇ ਮੌਕੇ ’ਤੇ ਹਾਜ਼ਰ ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਨੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆ ਸਿਰਫ ਇੰਨਾ ਹੀ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਧਰਨਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਧਰਨਾ ਹਟਾਉਣ ਲਈ ਕਈ ਪੁਲਸ ਥਾਣਿਆਂ ਤੋਂ ਫੋਰਸ ਨੂੰ ਇੱਥੇ ਸੱਦਿਆ ਗਿਆ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਹੁਕਮ
ਸਵੇਰੇ ਕਰੀਬ 7 ਵਜੇ ਤੋਂ ਸ਼ੁਰੂ ਹੋਈ ਇਹ ਕਾਰਵਾਈ 4 ਘੰਟੇ ਬਾਅਦ ਵੀ ਜਾਰੀ ਹੈ ਅਤੇ ਪਿੰਡ ਵਾਸੀਆਂ ਦੇ ਵੱਧਦੇ ਰੋਹ ਨੂੰ ਵੇਖਦੇ ਹੋਏ ਕਿਸੇ ਤਰ੍ਹਾਂ ਦੇ ਵੀ ਹਾਲਾਤ ਨੂੰ ਕਾਬੂ ’ਚ ਰੱਖਣ ਲਈ ਡਿਊਟੀ ਮੈਜਿਸਟ੍ਰੇਟ ਰਾਜਵਿੰਦਰ ਕੌਰ ਅਤੇ ਬੀ. ਡੀ. ਪੀ. ਓ. ਰੁਪਿੰਦਰ ਕੌਰ ਸਮੇਤ ਕੁੱਝ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਚੁੱਕੇ ਹਨ।
ਪਿੰਡ ਵਾਸੀਆਂ ਨੇ ਕਿਸੇ ਵੀ ਕੀਮਤ ’ਤੇ ਫੈਕਟਰੀ ਅੱਗਿਓਂ ਧਰਨਾ ਚੁੱਕਣ ਤੋਂ ਮਨ੍ਹਾਂ ਕਰਦੇ ਹੋਏ ਆਪਣੀਆਂ ਗ੍ਰਿਫ਼ਤਾਰੀਆਂ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਆਸ-ਪਾਸ ਦੇ 8-10 ਪਿੰਡਾਂ ਦੇ ਲੋਕ ਵੀ ਉਨ੍ਹਾਂ ਦੇ ਸਮਰਥਨ ’ਚ ਇੱਥੇ ਪਹੁੰਚ ਰਹੇ ਹਨ ਅਤੇ ਧੱਕੇਸ਼ਾਹੀ ਦਾ ਡੱਟਵਾਂ ਮੁਕਾਬਲਾ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਉਨ੍ਹਾਂ ਦੇ 6-7 ਆਗੂਆਂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰਕੇ ਥਾਣੇ ਲਿਜਾਣ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਇਹ ਐਲਾਨ ਵੀ ਕੀਤਾ ਕਿ ਸ਼ਾਮ ਤੱਕ ਪੂਰਾ ਪਿੰਡ ਹੀ ਗ੍ਰਿਫ਼ਤਾਰੀ ਲਈ ਥਾਣੇ ਪਹੁੰਚ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8