ਹੈਰੋਇਨ ਸਮੱਗਲਿੰਗ ’ਚ ਬਦਨਾਮ ਹੋਇਆ ਪਿੰਡ ਧਨੋਆ ਕਲਾਂ, ਬਰਾਮਦ ਹੋਏ 4 ਡਰੋਨ ਤੇ 7 ਕਿਲੋ ਹੈਰੋਇਨ

Monday, May 01, 2023 - 12:08 PM (IST)

ਅੰਮ੍ਰਿਤਸਰ (ਜ.ਬ.) - ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ 153 ਕਿਲੋਮੀਟਰ ਇਲਾਕੇ ’ਚ ਸੈਂਕੜੇ ਪਿੰਡ ਹਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਪਿੰਡ ਧਨੌਲਾ ਕਲਾਂ ਸਮੱਗਲਿੰਗ ਦਾ ਗੜ੍ਹ ਕਹੇ ਜਾਣ ਵਾਲੇ ਹਵੇਲੀਆਂ ਤੋਂ ਵੀ ਜ਼ਿਆਦਾ ਬਦਨਾਮ ਹੋ ਚੁੱਕਾ ਹੈ। ਇਸ ਮਾਮਲੇ ’ਚ ਸਭ ਤੋਂ ਵੱਡੀ ਗੱਲ ਜੋ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਇਸ ਪਿੰਡ ’ਚ ਹੈਰੋਇਨ ਸਮੱਗਲਰਾਂ ਦਾ ਨਾ ਤਾਂ ਬੀ. ਐੱਸ. ਐੱਫ. ਅਤੇ ਨਾ ਹੀ ਪੁਲਸ ਸਮੇਤ ਹੋਰ ਸੁਰੱਖਿਆ ਏਜੰਸੀਆਂ ਪਤਾ ਲਗਾ ਸਕੀਆਂ ਹਨ। 

ਦੱਸ ਦੇਈਏ ਕਿ ਇਸ ਪਿੰਡ ਦੇ ਇਲਾਕੇ ’ਚ ਪਿਛਲੇ ਇਕ ਮਹੀਨੇ ਦੌਰਾਨ ਵੱਖ-ਵੱਖ ਮਾਮਲਿਆਂ ਵਿਚ ਚਾਰ ਡਰੋਨ ਫੜੇ ਗਏ ਹਨ ਅਤੇ 7 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ ਪਰ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ ਅਤੇ ਡਰੋਨ ਉਡਾਉਣ ਵਾਲੇ ਸਮੱਗਲਰ ਕਾਨੂੰਨ ਦੀ ਪਕੜ ਤੋਂ ਬਾਹਰ ਹਨ। ਦੂਜੇ ਪਾਸੇ ਪੁਲਸ ਦਾ ਦਾਅਵਾ ਹੈ ਕਿ ਨਸ਼ੇ ਵਿਕਰੀ ਅਤੇ ਇਸਦੀ ਆਮਦ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਗਿਆ ਹੈ। ਸੂਬਾ ਸਰਕਾਰ ਦੀਆਂ ਏਜੰਸੀਆਂ ਦੇ ਨਾਲ-ਨਾਲ ਕੇਂਦਰੀ ਏਜੰਸੀਆਂ ਵੀ ਇਸ ਗੱਲ ਦਾ ਪਤਾ ਨਹੀਂ ਲਗਾ ਪਾ ਰਹੀਆਂ ਹਨ ਕਿ ਪਿੰਡ ਧਨੋਆ ਕਲਾਂ ਦੇ ਇਲਾਕੇ ’ਚ ਕੌਣ ਕਿਸਾਨ ਰੂਪੀ ਸਮੱਗਲਰ ਹੈ, ਜੋ ਦੇਸ਼ ਨਾਲ ਗੱਦਾਰੀ ਕਰ ਰਿਹਾ ਹੈ।

ਬਾਰਡਰ ਫੈਂਸਿੰਗ ਤੋਂ 200 ਮੀਟਰ ਦੂਰ ਹੈ ਧਨੌਆ ਕਲਾਂ

ਪਿੰਡ ਧਨੋਆ ਕਲਾਂ ਦੀ ਗੱਲ ਕਰੀਏ ਤਾਂ ਇਸ ਪਿੰਡ ਦਾ ਰਕਬਾ ਸਾਂਝੀ ਚੈੱਕ ਪੋਸਟ ਅਟਾਰੀ ਦੇ ਬਿਲਕੁਲ ਨੇੜੇ ਸਰਹੱਦੀ ਕੰਡਿਆਲੀ ਤਾਰ ਤੋਂ ਦੋ ਸੌ ਫੁੱਟ ਦੀ ਦੂਰੀ ’ਤੇ ਸ਼ੁਰੂ ਹੁੰਦਾ ਹੈ, ਜਿਸ ਕਾਰਨ ਡਰੋਨ ਨੂੰ ਖੇਤਾਂ 'ਚ ਆਸਾਨੀ ਨਾਲ ਉਡਾਇਆ ਜਾ ਸਕਦਾ ਹੈ। ਪਿੰਡ ਵਿਚ ਡਰੋਨ ਰਾਹੀਂ ਖੇਪ ਸੁੱਟੀ ਜਾ ਸਕਦੀ ਹੈ। ਹਾਲ ਹੀ ਵਿਚ ਕੁਝ ਵੱਡੇ ਮਾਮਲਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹੈਰੋਇਨ ਦੇ ਸਮੱਗਲਰ ਸਾਈਲੈਂਟ ਡਰੋਨ ਦੀ ਵਰਤੋਂ ਕਰ ਰਹੇ ਹਨ ਅਤੇ ਵੱਡੇ ਡਰੋਨਾਂ ਦੀ ਵੀ ਵਰਤੋਂ ਕਰਦੇ ਹਨ। ਉਹ ਸਰਹੱਦੀ ਕੰਡਿਆਲੀ ਤਾਰ ਦੇ ਤਿੰਨ ਤੋਂ ਚਾਰ ਕਿਲੋਮੀਟਰ ਦੇ ਅੰਦਰ ਡਰੋਨ ਉਡਾ ਰਹੇ ਹਨ ਅਤੇ ਬੀ. ਐੱਸ. ਐੱਫ. ਨੂੰ ਚਕਮਾ ਦੇ ਰਹੇ ਹਨ।

ਕਿਉਂ ਬਦਨਾਮ ਹੋਇਆ ਹਵੇਲੀਆਂ ਪਿੰਡ

ਪਿੰਡ ਹਵੇਲੀਆਂ ਦੀ ਗੱਲ ਕਰੀਏ ਤਾਂ ਬੀ. ਐੱਸ. ਐੱਫ. ਦੇ ਅੰਮ੍ਰਿਤਸਰ ਸੈਕਟਰ ਅਤੇ ਤਰਨਤਾਰਨ ਜ਼ਿਲ੍ਹੇ ਵਿਚ ਸਥਿਤ ਇਹ ਪਿੰਡ ਹੈਰੋਇਨ ਦੀ ਸਮੱਗਲਿੰਗ ਲਈ ਸਭ ਤੋਂ ਵੱਧ ਬਦਨਾਮ ਹੈ। ਇਸ ਪਿੰਡ ਵਿਚ ਹੀ ਪੰਜਾਬ ਦਾ ਮਸ਼ਹੂਰ ਸਮੱਗਲਰ ਬਲਵਿੰਦਰ ਸਿੰਘ ਉਰਫ਼ ਬਿੱਲਾ, ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਰਣਜੀਤ ਸਿੰਘ ਚੀਤਾ ਅਤੇ ਹੋਰ ਸਮੱਗਲਰਾਂ ਰਹਿੰਦੇ ਸਨ, ਜੋ ਵੱਖ-ਵੱਖ ਮਾਮਲਿਆਂ ’ਚ ਗ੍ਰਿਫ਼ਤਾਰ ਹੋ ਚੁੱਕੇ ਹਨ। ਅੰਮ੍ਰਿਤਸਰ ਸੈਕਟਰ ਦੀ ਗੱਲ ਕਰੀਏ ਤਾਂ ਇਸ ਸਮੇਂ ਡਰੋਨਾਂ ਦੀ ਸਭ ਤੋਂ ਵੱਧ ਹਰਕਤ ਪਿੰਡ ਧਨੋਆ ਕਲਾਂ ਦੇ ਇਲਾਕੇ ’ਚ ਹੋ ਰਹੀ ਹੈ ਪਰ ਸਮੱਗਲਰ ਗ੍ਰਿਫ਼ਤਾਰੀ ਤੋਂ ਬਾਹਰ ਹਨ।

ਸਰਹੱਦ ’ਤੇ ਨਹੀਂ ਲਗਾਈ ਜਾ ਰਹੀ ਐਂਟੀ ਡਰੋਨ ਤਕਨੀਕ

ਸਰਹੱਦੀ ਕੰਡਿਆਲੀ ਤਾਰ ਦੇ ਆਲੇ-ਦੁਆਲੇ ਐਂਟੀ ਡਰੋਨ ਤਕਨੀਕ ਲਗਾਉਣ ਦੀ ਮੰਗ ਲੰਬੇ ਸਮੇਂ ਤੋਂ ਉੱਠ ਰਹੀ ਹੈ। ਇਸ ਸਬੰਧ ਵਿਚ ਕੇਂਦਰ ਅਤੇ ਸੂਬਾ ਸਰਕਾਰ ਦੇ ਵੱਡੇ ਨੇਤਾਵਾਂ ਵੱਲੋਂ ਵੀ ਐਲਾਨ ਕੀਤਾ ਜਾ ਚੁੱਕਾ ਹੈ ਕਿ ਐਂਟੀ ਡਰੋਨ ਟੈਕਨਾਲੋਜੀ ਲਗਾਈ ਜਾਵੇਗੀ, ਜੋ ਅਜੇ ਸ਼ੁਰੂ ਨਹੀ ਕੀਤੀ ਗਈ। ਇਸੇ ਕਾਰਨ ਸ਼ਰੇਆਮ ਡ੍ਰੋਨ ਉਡਦੇ ਹਨ ਅਤੇ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਉਂਦੇ ਹੋਏ ਬੀ. ਐੱਸ. ਐੱਫ. ਨੂੰ ਲਗਾਤਾਰ ਚਕਮਾ ਦੇ ਰਹੇ ਹਨ।

ਸਰਹੱਦੀ ਖੇਤਰਾਂ ਵਿਚ ਬੇਰੋਜ਼ਗਾਰੀ ਵੱਡੀ ਸਮੱਸਿਆ

ਸਰਹੱਦੀ ਖੇਤਰਾਂ ਵਿਚ ਬੇਰੋਜ਼ਗਾਰੀ ਵੀ ਇੱਕ ਵੱਡੀ ਸਮੱਸਿਆ ਹੈ, ਜਿਸ ਕਾਰਨ ਨੌਜਵਾਨ ਹੈਰੋਇਨ ਦੀ ਸਮੱਗਲਿੰਗ ਵਿਚ ਫਸ ਰਹੇ ਹਨ। ਇੰਨਾ ਹੀ ਨਹੀਂ ਜਦੋਂ ਤੋਂ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਪਾਕਿਸਤਾਨ ਨਾਲ ਦਰਾਮਦ-ਨਿਰਯਾਤ ਬੰਦ ਹੋਈ ਹੈ, ਉਦੋਂ ਤੋਂ ਹੀ ਹਜ਼ਾਰਾਂ ਕੁਲੀ ਅਤੇ ਮਜ਼ਦੂਰ ਬੇਰੋਜ਼ਗਾਰ ਹੋ ਗਏ ਹਨ, ਜਿਸ ਕਾਰਨ ਸਮੱਗਲਿੰਗ ਦੀਆਂ ਘਟਨਾਵਾਂ ’ਚ ਕਾਫ਼ੀ ਵਾਧਾ ਹੋਇਆ ਹੈ।

ਡਰੋਨ ਅਤੇ ਹੈਰੋਇਨ ਜ਼ਬਤ ਕਰਨ ਦੇ ਵੱਖ-ਵੱਖ ਮਾਮਲੇ

-ਬੀਤੀ 4 ਅਪ੍ਰੈਲ ਨੂੰ ਧਨੋਆ ਕਲਾਂ ਦੇ ਇਲਾਕੇ ਵਿਚ ਇੱਕ ਕਿਲੋ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਕੀਤਾ ਗਿਆ ਸੀ।

-15 ਅਪ੍ਰੈਲ ਨੂੰ ਇਕ ਡਰੋਨ ਅਤੇ 3 ਕਿਲੋ ਹੈਰੋਇਨ ਫੜੀ ਗਈ ਸੀ।

-16 ਅਪ੍ਰੈਲ ਨੂੰ ਇੱਕ ਡਰੋਨ ਡਿਗਿਆ ਹੋਇਆ ਮਿਲਿਆ ਸੀ।

-23 ਅਪ੍ਰੈਲ ਨੂੰ 2 ਕਿਲੋ ਹੈਰੋਇਨ ਫੜੀ ਗਈ ਸੀ, ਜਿਸ ਨੂੰ ਡਰੋਨ ਰਾਹੀਂ ਸੁੱਟਿਆ ਗਿਆ ਸੀ।

-ਬੀਤੀ 27 ਅਪਰੈਲ ਦੇ ਦਿਨ ਪਿੰਡ ਧਨੋਆ ਕਲਾਂ ਦੇ ਏਰੀਏ ਵਿੱਚ ਇੱਕ ਡਰੋਨ ਅਤੇ ਦੋ ਕਿਲੋ ਹੈਰੋਇਨ ਅਤੇ ਅਫੀਮ ਫੜੀ ਗਈ।

ਨੋਟ: ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ।

 


rajwinder kaur

Content Editor

Related News