ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਹੋ ਰਹੀ ਪਾਲੀਥੀਨ ਦੀ ਵਰਤੋਂ
Monday, Mar 26, 2018 - 06:23 AM (IST)

ਬਠਿੰਡਾ, (ਆਜ਼ਾਦ)- ਸ਼ਹਿਰੀ ਜੀਵਨ ਦੇ ਰੋਜ਼ਾਨਾ ਦੀਆਂ ਜ਼ਰੂਰਤਾਂ 'ਚ ਪਾਲੀਥੀਨ ਇਕ ਆਦਤ ਬਣ ਗਈ ਹੈ, ਜਦਕਿ ਇਸ ਨਾਲ ਹੋਣ ਵਾਲੇ ਨੁਕਸਾਨ ਨਾਲ ਹਰ ਕੋਈ ਜਾਣੂ ਹੈ। ਇਸਦੇ ਬਾਵਜੂਦ ਲੋਕ ਆਪਣੀ ਆਦਤ ਤੋਂ ਬਾਜ਼ ਨਹੀਂ ਆ ਰਹੇ। ਪਾਲੀਥੀਨ ਦੇ ਰੀ-ਸਾਈਕਲਲਿੰਗ ਹੋਣ ਦੇ ਧਿਆਨ 'ਚ ਰੱਖਦਿਆਂ ਇਸਦੇ ਪ੍ਰਯੋਗ ਲਈ ਮਾਨਕ ਨਿਰਧਾਰਤ ਕੀਤਾ ਗਿਆ ਹੈ ਪਰ ਉਸਦੀ ਵੀ ਅਣਦੇਖੀ ਹੋ ਰਹੀ ਹੈ। ਸਰਕਾਰੀ ਨਿਰਦੇਸ਼ਾਂ ਅਨੁਸਾਰ 40 ਮਾਈਕ੍ਰਾਨ ਜਾਂ ਇਸ ਤੋਂ ਘੱਟ ਮੋਟੀ ਪਾਲੀਥੀਨ ਜਾਂ ਪਲਾਸਟਿਕ ਉਤਪਾਦਨ ਤੇ ਉਸਦੀ ਵਿਕਰੀ ਪੂਰੀ ਤਰ੍ਹਾਂ ਨਾਲ ਬੰਦ ਹੈ ਕਿਉਂਕਿ ਇਸ ਨਾਲ ਘੱਟ ਪਤਲੇ ਹੋਣ ਵਾਲੇ ਪਾਲੀਥੀਨ ਨੂੰ ਰੀ-ਸਾਈਕਲਿੰਗ ਕਰਨਾ ਸੰਭਵ ਨਹੀਂ ਹੁੰਦਾ ਪਰ ਸਰਕਾਰੀ ਨਿਰਦੇਸ਼ਾਂ ਨੂੰ ਤਾਕ 'ਤੇ ਰੱਖ ਕੇ ਇਸਦਾ ਪ੍ਰਯੋਗ ਸ਼ਹਿਰ 'ਚ ਦੁਕਾਨਦਾਰਾਂ ਵੱਲੋਂ ਬਿਨਾਂ ਕਿਸੀ ਰੋਕ-ਟੋਕ ਦੇ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਹਾਲਾਤ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਸ਼ਹਿਰ ਚੋਂ ਰੋਜ਼ਾਨਾ ਨਿਕਲਣ ਵਾਲੇ ਕਰੀਬ 110 ਟਨ ਕਚਰੇ 'ਚੋਂ 30 ਟਨ ਤੋਂ ਜ਼ਿਆਦਾ ਪਲਾਸਟਿਕ ਤੇ ਪਾਲੀਥੀਨ ਹੁੰਦਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਸ਼ਹਿਰ ਦੇ 10 ਕਿਲੋਮੀਟਰ ਏਰੀਆ ਵਿਚ ਫੈਲੇ ਲਗਭਗ 2000 ਕਿਲੋਮੀਟਰ ਨਾਲੇ ਹਨ, ਲੋਕਾਂ ਵੱਲੋਂ ਪਾਲੀਥੀਨ ਤੇ ਪਲਾਸਟਿਕ ਦੀ ਬੋਤਲ ਪ੍ਰਯੋਗ ਕਰ ਕੇ ਸੁੱਟ ਦੇਣ ਨਾਲ ਨਾਲੇ ਅੰਦਰ ਪਲਾਸਟਿਕ ਜਮ੍ਹਾ ਹੋ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਬਾਰਿਸ਼ ਦੇ ਮੌਸਮ 'ਚ ਇਹ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਸ਼ਹਿਰ 'ਚ ਪਾਲੀਥੀਨ 'ਤੇ ਪਾਬੰਦੀ ਤੋਂ ਬਾਅਦ ਵੀ ਇਸ ਦੇ ਪ੍ਰਯੋਗ 'ਚ ਕੋਈ ਕਮੀ ਨਹੀਂ ਆਈ ਹੈ। ਇਸ 'ਤੇ ਰੋਕ ਲਾਉਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਪਰ ਉਹ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾ ਰਹੇ। ਇਸ ਲਈ ਅੱਜ ਪਾਲੀਥੀਨ ਕੁਦਰਤੀ ਵਾਤਾਵਰਣ ਅਤੇ ਮਨੁੱਖੀ ਜ਼ਿੰਦਗੀ ਲਈ ਸਿਰਦਰਦ ਬਣ ਗਿਆ ਹੈ।
ਸਾਲਾਂ ਬਾਅਦ ਵੀ ਨਸ਼ਟ ਨਹੀਂ ਹੁੰਦੀ ਪਾਲੀਥੀਨ
ਸ਼ਹਿਰ ਵਿਚ 50 ਮਾਈਕ੍ਰਾਨ ਤੋਂ ਘੱਟ ਮੋਟਾਈ ਦੀ ਪਾਲੀਥੀਨ ਦੀ ਵਰਤੋਂ 'ਤੇ ਰੋਕ ਹੈ। ਇਸ ਦੇ ਬਾਵਜੂਦ ਇਸਦਾ ਇਸਤੇਮਾਲ ਧੜੱਲੇ ਨਾਲ ਜਾਰੀ ਹੈ। ਇਸ ਨਾਲ ਵਾਤਾਵਰਣ ਪ੍ਰਦੁਸ਼ਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਕਿਉਂਕਿ 50 ਮਾਈਕ੍ਰਾਨ ਤੋਂ ਘੱਟ ਮੋਟਾਈ ਦੇ ਪਾਲੀਥੀਨ ਦੀ ਰਿਸਾਈਕਲਿੰਗ ਸੰਭਵ ਨਹੀਂ ਹੈ। ਇਸ ਕਾਰਨ ਇਹ ਵਾਤਾਵਰਣ ਲਈ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਹੈ ਜਦਕਿ 50 ਮਾਈਕ੍ਰਾਨ ਤੋਂ ਜ਼ਿਆਦਾ ਮੋਟਾਈ ਦੀ ਪਾਲੀਥੀਨ ਨੂੰ ਕਾਫੀ ਹੱਦ ਤੱਕ ਰਿਸਾਈਕਲਿੰਗ ਕਰਨਾ ਆਸਾਨ ਹੈ। ਇਸ ਨਾਲ ਵਾਤਾਵਰਣ ਨੂੰ ਕੁਝ ਹੱਦ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਰੋਕ ਲਾਉਣ 'ਤੇ ਪ੍ਰਸ਼ਾਸਨ ਨਾਕਾਮ
ਪਾਲੀਥੀਨ 'ਤੇ ਰੋਕ ਲਾਉਣ ਵਿਚ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਕਾਮ ਦਿਖਾਈ ਦੇ ਰਿਹਾ ਹੈ। ਪ੍ਰਸ਼ਾਸਨ ਦੀ ਨਾਕਾਮੀ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਜਾਣ ਤੋਂ ਬਾਅਦ ਵੀਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਜਿਸ ਕਾਰਨ ਦੁਕਾਨਦਾਰਾਂ ਤੇ ਗਾਹਕਾਂ ਦੇ ਹੌਸਲੇ ਬੁਲੰਦ ਹਨ। ਜੇਕਰ ਸਮਾਂ ਰਹਿੰਦਿਆ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਵਾਤਾਵਰਣ ਲਈ ਘਾਤਕ ਸਾਬਿਤ ਹੋ ਸਕਦਾ ਹੈ।
ਪਸ਼ੂਆਂ ਦੀ ਮੌਤ ਦਾ ਕਾਰਨ ਬਣਦੇ ਹਨ ਪਾਲੀਥੀਨ
ਆਪਣੀ ਸਹੂਲੀਅਤ ਲਈ ਵਰਤੋਂ ਵਿਚ ਲਿਆਈ ਜਾਣ ਵਾਲੀ ਪਾਲੀਥੀਨ ਪੰਛੀ ਤੇ ਪਸ਼ੂਆਂ ਲਈ ਜਾਨਲੇਵਾ ਸਾਬਿਤ ਹੋ ਰਹੀ ਹੈ। ਲਚਰ ਕਾਨੂੰਨ ਵਿਵਸਥਾ ਅਤੇ ਸਾਡੀ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਸੜਕਾਂ-ਮੁਹੱਲਿਆਂ ਵਿਚ ਰਹਿਣ ਵਾਲੀਆਂ ਗਾਵਾਂ ਪਾਲੀਥੀਨ ਵਿਚ ਸੁੱਟੇ ਗਏ ਖਾਦ ਪਦਾਰਥਾਂ ਨੂੰ ਉਸੇ ਪਾਲੀਥੀਨ ਸਮੇਤ ਖਾ ਜਾਂਦੀਆਂ ਹਨ। ਥੋੜ੍ਹੀ ਥੋੜ੍ਹੀ ਮਾਤਰਾ ਵਿਚ ਗਾਂ ਦੇ ਢਿੱਡ ਵਿਚ ਜਾਣ ਵਾਲੀ ਪਾਲੀਥੀਨ ਕੁਝ ਮਹੀਨਿਆਂ 'ਚ ਉਸਦੀ ਜਾਨ 'ਤੇ ਬਣ ਜਾਂਦੀ ਹੈ ਤੇ ਦਰਜਨਾਂ ਗਾਵਾਂ ਪਾਲੀਥੀਨ ਕਾਰਨ ਮਰ ਚੁੱਕੀਆਂ ਹਨ।
ਖੁਦ ਤੋਂ ਕਰੀਏ ਸ਼ੁਰੂਆਤ
ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਤੇ ਸਮਾਜ ਸੇਵੀ ਰਾਕੇਸ਼ ਨਰੂਲਾ ਦਾ ਕਹਿਣਾ ਹੈ ਕਿ ਹਰ ਆਦਮੀ ਪਾਲੀਥੀਨ ਦੇ ਮਾੜੇ ਪ੍ਰਭਾਵਾਂ ਨੂੰ ਜਾਣਦਾ ਹੈ ਪਰ ਇਸਤੇਮਾਲ ਸਾਰੇ ਕਰਦੇ ਹਨ ਜੋ ਸਾਡੀ ਆਦਤ ਬਣ ਚੁੱਕੀ ਹੈ, ਜਦੋਂ ਤੱਕ ਖੁਦ ਵਿਚ ਸੁਧਾਰ ਨਹੀਂ ਹੁੰਦਾ ਉਦੋਂ ਤੱਕ ਬਦਲਾਅ ਨਹੀਂ ਲਿਆਇਆ ਜਾ ਸਕਦਾ। ਇਸ ਦੀ ਸਾਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਹੋਵੇਗੀ, ਖੁਦ ਦੇ ਜੀਵਨਸ਼ੈਲੀ ਨੂੰ ਬਦਲਣਾ ਹੋਵੇਗਾ। ਫਿਰ ਹੀ ਪਾਲੀਥੀਨ ਦੇ ਪ੍ਰਯੋਗ 'ਤੇ ਰੋਕ ਲਾਈ ਜਾ ਸਕਦੀ ਹੈ।