ਅਕਾਲੀ ਨੇ ਭਾਜਪਾ ਕੌਂਸਲਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

Wednesday, Sep 13, 2017 - 10:28 AM (IST)


ਨਵਾਂਗ੍ਰਾਓਂ (ਮੁਨੀਸ਼) - ਭਾਜਪਾ ਕੌਂਸਲਰ ਬਲਜੀਤ ਸਿੰਘ ਨੇ ਨਗਰ ਦੇ ਅਕਾਲੀ ਕੌਂਸਲਰ ਕਿਸ਼ਨ ਸਿੰਘ ਤੇ ਠੇਕੇਦਾਰ ਸੰਜੀਵ ਬਹਿਲ 'ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਸ ਬਾਰੇ ਲਿਖਤੀ ਸ਼ਿਕਾਇਤ ਐੱਸ. ਐੱਸ. ਪੀ. ਕੁਲਦੀਪ ਸਿੰਘ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਜ਼ਿਲਾ ਭਾਜਪਾ ਪ੍ਰਧਾਨ ਸੁਸ਼ੀਲ ਰਾਣਾ, ਜਨਰਲ ਸਕੱਤਰ ਸਚਿਨ ਗੋਇਲ, ਰਾਜੀਵ ਲਾਲੜੂ, ਕੌਂਸਲਰ ਸੁਰਿੰਦਰ ਬੱਬਲ ਤੇ ਮੰਡਲ ਪ੍ਰਧਾਨ ਸਿੰਘ ਭੂਮੀ ਵੀ ਮੌਜੂਦ ਸਨ। ਬਲਜੀਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਕੀਤੇ ਗਏ ਵਿਕਾਸ ਕੰਮਾਂ ਦੀ ਜਾਂਚ ਲਈ ਉਨ੍ਹਾਂ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ। ਇਸ ਦੀ ਜਾਂਚ ਚੱਲ ਰਹੀ ਹੈ।

ਫ਼ੋਨ 'ਤੇ ਕਿਹਾ, ਗੁਰਧਿਆਨ ਦੇ ਬੰਦਿਆਂ 'ਤੇ ਕਾਰਵਾਈ ਹੋਈ ਤਾਂ...
ਬਲਜੀਤ ਸਿੰਘ ਦਾ ਦੋਸ਼ ਹੈ ਕਿ 8 ਸਤੰਬਰ ਦੀ ਰਾਤ 11 ਵਜੇ ਅਕਾਲੀ ਕੌਂਸਲਰ ਨਿਸ਼ਾਨ ਸਿੰਘ ਦਾ ਫ਼ੋਨ ਆਇਆ। ਉਸ ਨੇ ਗਾਲ੍ਹਾਂ ਕੱਢੀਆਂ ਤੇ ਕਿਹਾ ਕਿ ਜੇਕਰ ਗੁਰਧਿਆਨ ਸਿੰਘ ਦੇ ਬੰਦਿਆਂ ਖਿਲਾਫ ਕਾਰਵਾਈ ਕੀਤੀ ਤਾਂ ਅੰਜਾਮ ਬੁਰਾ ਹੋਵੇਗਾ। ਨਿਸ਼ਾਨ ਨੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਠੇਕੇਦਾਰ ਸੰਜੀਵ ਬਹਿਲ ਗੁਰਧਿਆਨ ਦਾ ਆਦਮੀ ਹੈ। ਬਲਜੀਤ ਸਿੰਘ ਨੇ ਦੋਸ਼ ਲਾਇਆ ਕਿ ਠੇਕੇਦਾਰ ਬਹਿਲ ਵਲੋਂ ਵੀ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਖੁਦ ਤੇ ਪਰਿਵਾਰ ਨੂੰ ਉਨ੍ਹਾਂ ਦੇ ਸਾਰੇ ਲੋਕਾਂ ਤੋਂ ਜਾਨ-ਮਾਲ ਦਾ ਖਤਰਾ ਦੱਸਿਆ ਤੇ ਸੁਰੱਖਿਆ ਦੀ ਮੰਗ ਕੀਤੀ ਹੈ।

ਰਿਸ਼ਤਿਆਂ 'ਚ ਆਈ ਕੁੜੱਤਣ
ਕੁਝ ਦਿਨ ਪਹਿਲਾਂ ਹੀ ਨਗਰ ਕੌਂਸਲ ਦੀ ਭਾਜਪਾ ਪ੍ਰਧਾਨ ਬਲਜਿੰਦਰ ਕੌਰ ਸਮੇਤ ਕੌਂਸਲਰਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਕਾਰਨ ਦੋਵੇਂ ਪਾਰਟੀਆਂ ਦੇ ਰਿਸ਼ਤਿਆਂ ਵਿਚ ਕੁੜੱਤਣ ਆ ਗਈ ਹੈ। ਹੁਣ ਭਾਜਪਾ ਕੌਂਸਲਰ ਵਲੋਂ ਦੋਸ਼ ਲਾਉਣ ਕਾਰਨ ਇਕ ਵਾਰ ਫਿਰ ਦੋਵਾਂ ਪਾਰਟੀਆਂ ਦੇ ਸੰਬੰਧ ਵਿਗੜਦੇ ਨਜ਼ਰ ਆ ਰਹੇ ਹਨ। 

ਅਕਾਲੀ ਦਲ ਕਰ ਰਿਹੈ ਧੱਕਾ : ਸੁਸ਼ੀਲ ਰਾਣਾ
ਭਾਜਪਾ ਦੇ ਜ਼ਿਲਾ ਪ੍ਰਧਾਨ ਸੁਸ਼ੀਲ ਰਾਣਾ ਨੇ ਕਿਹਾ ਕਿ ਅਕਾਲੀਆਂ ਵਲੋਂ ਭਾਜਪਾ ਕੌਂਸਲਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਅਸੀਂ ਇਹ ਨਹੀਂ ਹੋਣ ਦਿਆਂਗੇ। ਬਲਜੀਤ ਨਾਲ ਸਾਡੀ ਪੂਰੀ ਟੀਮ ਹੈ। 

ਗਿੱਲ ਦੇ ਇਸ਼ਾਰੇ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ
ਭਾਜਪਾ ਜ਼ਿਲਾ ਉਪ ਪ੍ਰਧਾਨ ਦੀਪਕ ਢਿੱਲੋਂ ਨੇ ਕਿਹਾ ਕਿ ਨਗਰ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਰਣਜੀਤ ਸਿੰਘ ਗਿੱਲ ਵਲੋਂ ਵੱਖ ਕੀਤਾ ਗਿਆ ਹੈ। ਸਾਡੇ ਕੌਂਸਲਰ ਬਲਜੀਤ ਸਿੰਘ ਨੂੰ ਜੋ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਹ ਗਿੱਲ ਦੇ ਇਸ਼ਾਰੇ 'ਤੇ ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਹਿਣ ਨਹੀਂ ਕਰਾਂਗੇ।


Related News