ਪੰਜਾਬ ਦੀ ਚੌਥੀ ਪੀੜ੍ਹੀ ਨੂੰ ਵੀ ਨਿਗਲਣ ਲੱਗਾ ‘ਖੁਦਕੁਸ਼ੀਆਂ ਦਾ ਦੈਂਤ’
Wednesday, Sep 11, 2019 - 02:16 PM (IST)
ਜਗ ਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਪਿਛਲੇ ਦੋ ਦਹਾਕਿਆਂ ਤੋਂ ਖੁਦਕੁਸ਼ੀਆਂ ਦੇ ਦੈਂਤ ਨੇ ਪੰਜਾਬ ਵਿਚ ਪਰਿਵਾਰਾਂ ਦੇ ਪਰਿਵਾਰ ਨਿਗਲ ਲਏ ਹਨ। ਪੰਜਾਬ ਵਿਚ ਹੁਣ ਤੱਕ ਕਈ ਕੇਸ ਅਜਿਹੇ ਸਾਹਮਣੇ ਆ ਚੁੱਕੇ ਹਨ ਕਿ ਇਸ ਦੈਂਤ ਨੇ ਇਕੋ ਪਰਿਵਾਰ ਦੇ ਸਾਰੇ ਦੇ ਸਾਰੇ ਜੀਅ ਨਿਗਲ ਲਏ ਹਨ। ਇਹ ਦੁਖਾਂਤ ਇੱਥੇ ਹੀ ਖ਼ਤਮ ਨਹੀਂ ਹੁੰਦਾ ਬਲਕਿ ਕਈ ਪਰਿਵਾਰਾਂ ਦੀ ਤਾਂ ਇਹ ਤੀਜੀ ਪੀੜ੍ਹੀ ਨੂੰ ਵੀ ਨਿਗਲ ਚੁੱਕਾ ਹੈ। ਤਾਜਾ ਘਟਨਾ ਬਰਨਾਲਾ ਦੇ ਪਿੰਡ ਭੋਤਨਾ 'ਚ ਵਾਪਰੀ ਜਿੱਥੇ ਕਰਜ਼ੇ ਦੀ ਮਾਰ ਤੋਂ ਪਰੇਸ਼ਾਨ 22 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਦੁਖਾਂਤ ਇਹ ਹੈ ਕਿ ਕੁਝ ਸਾਲ ਪਹਿਲਾਂ ਲਵਪ੍ਰੀਤ ਦੇ ਪਿਤਾ, ਚਾਚਾ, ਦਾਦਾ ਅਤੇ ਪੜਦਾਦਾ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕੇ ਹਨ। ਸਾਡੇ ਰਾਜਨੀਤਕ ਆਗੂ ਭਾਵੇਂ ਕਿ ਖੁਦਕੁਸ਼ੀਆਂ ਰੋਕਣ ਅਤੇ ਕਿਸਾਨ ਹਤੈਸ਼ੀ ਹੋਣ ਦੇ ਦਾਅਵੇ ਕਰਦੇ ਨਹੀਂ ਥੱਕਦੇ ਪਰ ਇਨ੍ਹਾਂ ਦੇ ਦਾਅਵਿਆਂ ਅਤੇ ਹਕੀਕਤ ਵਿਚ ਕਿੰਨਾ ਕੁ ਅੰਤਰ ਹੈ ਅਸੀਂ ਸਭ ਜਾਣਦੇ ਹਾਂ। ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਭਾਵੇਂ ਕਿ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜੇ ਮੁਆਫ ਕਰਨ ਦੀ ਗੱਲ ਕੀਤੀ ਸੀ ਪਰ ਦੁਖਾਂਤ ਇਹ ਹੈ ਕਿ ਪੰਜਾਬ 'ਚ ਅੱਜ ਵੀ ਅਨੇਕਾਂ ਕਿਸਾਨ ਕਰਜਾ ਮੁਆਫੀ ਦੀ ਕਾਣੀ ਅਤੇ ਕੋਝੀ ਵੰਡ ਦੀ ਦੁਹਾਈ ਦੇ ਰਹੇ ਹਨ। ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਵੀ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦੇ ਵਾਅਦਿਆਂ ਦੀ ਸੱਚਾਈ ਤੋਂ ਹਰ ਕੋਈ ਜਾਣੂ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੁੱਝ ਦਿਨ ਪਹਿਲਾਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਕਾਂਗਰਸ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ 1172 ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿਚ ਪਹਿਲੀ ਜੂਨ ਤੋਂ ਲੈ ਕੇ 31 ਜੁਲਾਈ ਤੱਕ 100 ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਲਈ ਮਜਬੂਰ ਹੋਏ ਹਨ। ਪੰਜਾਬ ਵਿਚ ਤਿੰਨ ਯੂਨੀਵਰਸਿਟੀਆਂ ਵਲੋਂ ਸਾਲ 2018 ਵਿਚ ਪੇਸ਼ ਕੀਤੇ ਗਏ ਸਰਵੇ ਦੀ ਰਿਪੋਰਟ ’ਤੇ ਝਾਤੀ ਮਾਰੀਏ ਤਾਂ ਪੰਜਾਬ ਵਿਚ ਸਾਲ 2000 ਤੋਂ 2015 ਤਕ 14,667 ਕਿਸਾਨ ਅਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ। ਸਾਲ 2015-16 ਤੋਂ ਬਾਅਦ ਕਿਸਾਨ ਖੁਦਕੁਸ਼ੀਆਂ ਵਿਚ ਵਧੇਰੇ ਤੇਜ਼ੀ ਆਈ ਸੀ। ਦੇਸ਼ ਭਰ ਵਿਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਵੱਡੇ ਅੰਕੜੇ ਹੋਰ ਵੀ ਡਰਾਉਣੇ ਅਤੇ ਚਿੰਤਾਜਨਕ ਹਨ। ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਿਕ ਹੀ ਦੇਸ਼ ’ਚ ਸਾਲ 2014 ਤੋਂ 2016 ਤੱਕ ਤਿੰਨ ਸਾਲਾਂ ਦੇ ਸਮੇਂ ਦੌਰਾਨ ਕਰਜ਼ੇ, ਦਿਵਾਲੀਆਪਨ ਅਤੇ ਹੋਰ ਕਾਰਨਾਂ ਕਰਕੇ ਕਰੀਬ 36 ਹਜ਼ਾਰ ਦੇ ਕਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਸੀ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਪੇਸ਼ ਕੀਤੀ ਖ਼ੁਦਕੁਸ਼ੀਆਂ ਨਾਲ ਜੁੜੀ ਰਿਪੋਰਟ ਦੇ ਅਨੁਸਾਰ ਸਾਲ 2014 ’ਚ 12360, ਸਾਲ 2015 ’ਚ 12602 ਅਤੇ ਸਾਲ 2016 ’ਚ 11370 ਕਿਸਾਨਾਂ ਤੇ ਖੇਤ ਮਜ਼ਦੂਰਾਂ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਸਨ। ਤ੍ਰਾਸਦੀ ਇਹ ਹੈ ਕਿ ਕਿਸਾਨਾਂ ਦੀਆਂ ਏਨੇ ਵੱਡੇ ਪੈਮਾਨੇ ’ਤੇ ਖੁਦਕੁਸ਼ੀਆਂ ਹੋਣ ਤੋਂ ਬਾਅਦ ਵੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਸਾਡੇ ਦੇਸ਼ ਦੀ ਸੰਸਦ, ਵਿਧਾਨ ਸਭਾਵਾਂ, ਸਰਵ ਉੱਚ ਅਦਾਲਤਾਂ ਅਤੇ ਕਿਸਾਨ ਹਿਤੈਸ਼ੀ ਕਹਾਉਣ ਵਾਲੇ ਸਿਆਸੀ ਆਗੂ ਵੀ ਮੂਕ ਦਰਸ਼ਕ ਬਣ ਕੇ ਇਹ ਘਿਨਾਉਣਾ ਮੰਜਰ ਦੇਖ ਰਹੇ ਹਨ।
ਕਿਉਂ ਨਹੀਂ ਰੁਕ ਰਹੀਆਂ ਖੁਦਕੁਸ਼ੀਆਂ ?
ਇਸ ਗੰਭੀਰ ਸਮੱਸਿਆ ਸਬੰਧੀ ਜਗ ਬਾਣੀ ਵੱਲੋਂ ਜਦੋਂ ਇਨ੍ਹਾਂ ਮਾਮਲਿਆਂ ਦਾ ਮਾਹਰ ਅਤੇ ਇਸ ਵਿਸ਼ੇ ’ਤੇ ‘ਡੈੱਟ ਐਂਡ ਡੈੱਥ ਇਨ ਰੂਰਲ ਇੰਡੀਆ ਦਾ ਪੰਜਾਬ ਸਟੋਰੀ’ ਕਿਤਾਬ ਦੇ ਲੇਖਕ ਇੰਦਰਜੀਤ ਸਿੰਘ ਜੇਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਖੁਦਕੁਸ਼ੀਆਂ ਦਾ ਮੁਖ ਕਾਰਨ ਸਰਕਾਰ ਦੀਆਂ ਆਰਥਿਕ ਨੀਤੀਆਂ ਹੀ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਇਸ ਕੋਸ਼ਿਸ਼ ਵਿਚ ਹਨ ਕਿ ਖੇਤੀ ਖੇਤਰ ਨੂੰ ਆਮ ਕਿਸਾਨਾਂ ਦੇ ਹੱਥੋਂ ਖੋਹ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਤਰ੍ਹਾਂ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ ਕਿ ਇਕ ਹੀ ਪਾਰਿਵਾਰ ਦੇ ਚਾਰ-ਚਾਰ ਜੀਆਂ ਨੇ ਵੀ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ‘ਬਾਬਾ ਨਾਨਕ ਐਜੂਕੇਸ਼ਨਲ ਸੁਸਾਇਟੀ’ ਹੁਣ ਤੱਕ ਅਜਿਹੇ 600 ਪਰਿਵਾਰਾਂ ਦੇ ਬੱਚਿਆਂ ਨੂੰ ਗੋਦ ਲੈ ਚੁੱਕੀ ਹੈ ਜਿੰਨਾ ਦੇ ਪਰਿਵਾਰ ਦੇ ਮੁੱਖ ਮੈਂਬਰ ਖੁਦਕੁਸ਼ੀ ਕਰ ਚੁੱਕੇ ਹਨ।
ਇਸ ਸਬੰਧੀ ਜਿਆਦਾਤਰ ਕਿਸਾਨ ਆਗੂਆਂ ਦਾ ਇਹੀ ਮੰਨਣਾ ਹੈ ਕਿ ਕਿਸਾਨਾਂ ਨੂੰ ਸਰਕਾਰਾਂ ਵੱਲੋਂ ਜਾਣ-ਬੁਝ ਕੇ ਡੋਬਿਆ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਫਸਲਾਂ ਲਈ ਕੋਈ ਵੀ ਨਿਰਧਾਰਤ ਪਾਲਿਸੀ ਨਹੀਂ ਹੈ, ਜਿਸ ਕਾਰਨ ਕਿਸਾਨਾ ਦੀ ਹਰ ਫਸਲ ਮੰਡੀਆਂ ਵਿਚ ਰੁਲ਼ਦੀ ਰਹਿੰਦੀ ਹੈ ਜਾਂ ਫਿਰ ਵਪਾਰੀਆਂ ਵੱਲੋਂ ਮਿੱਟੀ ਦੇ ਭਾਅ ਖਰੀਦੀ ਜਾਂਦੀ ਹੈ । ਅਜਿਹੇ ਹਾਲਾਤ ਵਿਚ ਵੱਡੇ ਕਿਸਾਨ ਤਾਂ ਆਪਣੀ ਫਸਲ ਹੋਰ ਗੁਆਂਢੀ ਸੂਬਿਆਂ ਵਿਚ ਵੇਚਣ ਲਈ ਭੇਜ ਦਿੰਦੇ ਹਨ ਪਰ ਛੋਟਾ ਕਿਸਾਨ ਲੋਕਲ ਵਪਾਰੀਆਂ ਕੋਲੋਂ ਲੁੱਟ ਦਾ ਸ਼ਿਕਾਰ ਹੁੰਦਾ ਰਰਿੰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹਰੀ ਕ੍ਰਾਂਤੀ ਦੇ ਨਾਅਰੇ ਹੇਠ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਬਾਜਾਰ ਰੂਪੀ ਮਗਰਮੱਛ ਦੇ ਮੂੰਹ ਵਿਚ ਤੁੰਨ ਦਿੱਤਾ ਗਿਆ। ਇਸੇ ਤਹਿਤ ਹੀ ਕਿਸਾਨਾਂ ਨੂੰ ਮਹਿੰਗੇ ਸੰਦ, ਰਸਾਇਣ, ਬੀਜ ਅਤੇ ਡੀਜ਼ਲ ਖਰੀਦਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਹਰੀ ਕ੍ਰਾਂਤੀ ਦੀ ਦੇਣ ਸੀ ਕਿ ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਵਿਚ ਫਸ ਗਿਆ। ਇਸ ਸਭ ਨੇ ਕਿਸਾਨ ਨੂੰ ਆਪਣੀਆਂ ਨਿਤਾਪ੍ਰਤੀ ਦੀਆਂ ਲੋੜਾਂ ਲਈ ਵੀ ਬਾਜ਼ਾਰ ’ਤੇ ਨਿਰਭਰ ਹੋਣ ਲਈ ਮਜਬੂਰ ਕਰ ਦਿੱਤਾ ਹੈ। ਉਸ ਨੂੰ ਉਤਪਾਦਨ ਵਿਚ ਤਾਂ ਘਾਟਾ ਪੈ ਰਿਹਾ ਹੈ ਪਰ ਉਸ ਦੇ ਖਰਚਿਆਂ ਵਿਚ ਬੇਤਹਾਸ਼ਾ ਵਾਧਾ ਹੋ ਚੁੱਕਾ ਹੈ। ਇਸ ਕਾਰਨ ਹੀ ਉਹ ਪੀੜ੍ਹੀ ਦਰ ਪੀੜ੍ਹੀ ਕਰਜਿਆਂ ਵਿਚ ਫਸਦਾ ਜਾਂਦਾ ਹੈ, ਜੋ ਉਸ ਨੂੰ ਖੁਦਕੁਸ਼ੀਆਂ ਦੇ ਰਾਹ ਤੋਰਨ ਦਾ ਮੁੱਖ ਕਾਰਨ ਹੈ।